ਜਲੰਧਰ ‘ਚ ਚੌਧਰੀ ਪਰਿਵਾਰ ਦਾ AAP ਤੇ ਇਲਜ਼ਾਮ: ਵਿਧਾਇਕ ਵਿਕਰਮਜੀਤ ਬੋਲੇ-ਆਪ ਦੀ ਜਿੱਤ ਦਾ ਮਤਲਵ ਜਮਹੂਰੀਅਤ ਦਾ ਕਤਲ

Updated On: 

14 May 2023 21:23 PM

ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਨੇ ਕਿਹਾ ਜਲੰਧਰ ਦੇ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਤੇ ਹਰ ਪਲੇਟਫਾਰਮ 'ਤੇ ਉਹਨਾਂ ਦੀ ਆਵਾਜ਼ ਬੁਲੰਦ ਕਰਾਂਗੇ। ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਆਪ ਦੀ ਜਿੱਤ ਨੂੰ ਦੱਸਿਆ ਜਮਹੂਰੀਅਤ ਦਾ ਕਤਲ।

ਜਲੰਧਰ ਚ ਚੌਧਰੀ ਪਰਿਵਾਰ ਦਾ AAP ਤੇ ਇਲਜ਼ਾਮ: ਵਿਧਾਇਕ ਵਿਕਰਮਜੀਤ ਬੋਲੇ-ਆਪ ਦੀ ਜਿੱਤ ਦਾ ਮਤਲਵ ਜਮਹੂਰੀਅਤ ਦਾ ਕਤਲ
Follow Us On

ਜਲੰਧਰ। ਜਲੰਧਰ ਜ਼ਿਮਨੀ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਪਾਰਟੀ (Congress Party) ਹਾਰ ਦੇ ਕਾਰਨਾਂ ਦਾ ਵਿਸ਼ਲੇਸ਼ਨ ਕਰਨ ਵਿੱਚ ਲੱਗੀ ਹੋਈ ਹੈ। ਇਸਦੇ ਤਹਿਤ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਜਲੰਧਰ (ਸ਼ਹਿਰੀ) ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਦੇ ਨਾਲ ਆਪਣੇ ਨਿਵਾਸ ਸਥਾਨ ‘ਤੇ ਪ੍ਰੈਸ ਕਾਨਫਰੰਸ ਕੀਤੀ।

ਇਸ ਦੌਰਾਨ ਕਰਮਜੀਤ ਚੌਧਰੀ ਨੇ ਜ਼ਿਮਨੀ ਚੋਣ ਦੌਰਾਨ ਲੋਕਾਂ ਵੱਲੋਂ ਦਿੱਤੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਚੋਣ ਪ੍ਰਚਾਰ ਦੌਰਾਨ ਰਹੀਆਂ ਕਮੀਆਂ ਪੇਸ਼ੀਆਂ ਨੂੰ ਸੁਧਾਰੇਗੀ ਅਤੇ ਅਗਲੇ ਸਾਲ ਜ਼ੋਰਦਾਰ ਢੰਗ ਨਾਲ ਵਾਪਸੀ ਕਰੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਜਲੰਧਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਤੇ ਹਰ ਪਲੇਟਫਾਰਮ ‘ਤੇ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ।

ਪਾਰਟੀ ਨੇ ਮੈਨੂੰ ਮਾਣ ਬਖਸ਼ਿਆ-ਕਰਮਜੀਤ

ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਅਤੇ ਸਾਬਕਾ ਪਾਰਟੀ ਪ੍ਰਧਾਨਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਹੋਰ ਸੀਨੀਅਰ ਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਸ ਜਲੰਧਰ ਲੋਕ ਸਭਾ ਸੀਟ ਦੀ ਨੁਮਾਇੰਦਗੀ ਉਹਨਾਂ ਦੇ ਪਤੀ ਸਵਰਗੀ ਸੰਤੋਖ ਸਿੰਘ ਚੌਧਰੀ ਨੇ ਕੀਤੀ ਸੀ, ਪਾਰਟੀ ਨੇ ਉਸੇ ਹਲਕੇ ਦੀ ਜ਼ਿਮਨੀ ਚੋਣ ਲਈ ਮੈਨੂੰ ਆਪਣੇ ਉਮੀਦਵਾਰ ਵਜੋਂ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਦੇ ਕੇ ਮੇਰੇ ‘ਤੇ ਅਥਾਹ ਵਿਸ਼ਵਾਸ ਜਤਾਇਆ ਅਤੇ ਮੈਨੂੰ ਬੇਹੱਦ ਮਾਣ ਬਖਸ਼ਿਆ।

‘ਆਪ’ ਤੇ ਵੋਟਾਂ ਖਰੀਦਣ ਦਾ ਇਲਜ਼ਾਮ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਵਿਕਰਮਜੀਤ ਚੌਧਰੀ (Vikramjit Chaudhary) ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਜਮਹੂਰੀਅਤ ਦਾ ਕਤਲ ਹੈ ਕਿਉਂਕਿ ਜ਼ਿਮਨੀ ਚੋਣ ਦੌਰਾਨ ‘ਆਪ’ ਨੇ ਪੈਸੇ, ਸ਼ਰਾਬ ਅਤੇ ਡਰ ਰਾਹੀਂ ਵੋਟਾਂ ਖਰੀਦੀਆਂ ਸਨ। ਉਨ੍ਹਾਂ ਕਿਹਾ ਕਿ ਆਪ ਆਗੂ ਅਕਸਰ ਦਾਅਵਾ ਕਰਦੇ ਹਨ ਕਿ ਇਹ ਇੱਕ ਕੱਟੜ ਇਮਾਨਦਾਰ ਪਾਰਟੀ ਹੈ, ਪਰ ਇਹ ਚੋਣ ਜਿੱਤਣ ਲਈ ਉਨ੍ਹਾਂ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ, ਹਰ ਸਰਕਾਰੀ ਮਹਿਕਮੇ ਰਾਹੀਂ ਵੋਟਰਾਂ ਤੇ ਦਬਾਅ ਪਾਇਆ ਅਤੇ ‘ਆਪ’ ਨੂੰ ਸਮਰਥਨ ਨਾ ਦੇਣ ‘ਤੇ ਕਾਂਗਰਸੀ ਕੌਂਸਲਰਾਂ, ਸਰਪੰਚਾਂ ਤੇ ਪੰਚਾਇਤਾਂ ਨੂੰ ਝੂਠੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ।

‘ਪੰਜਾਬ ਸਰਕਾਰ ਨੇ ਲੜੀ ਜ਼ਿਮਨੀ ਚੋਣ’

ਉਨ੍ਹਾਂ ਕਿਹਾ, ਇਹ ਚੋਣ ਇਕੱਲੀ ਆਮ ਆਦਮੀ ਪਾਰਟੀ (Aadmi Party) ਨੇ ਨਹੀਂ, ਸਗੋਂ ਪੂਰੀ ਸਰਕਾਰ ਨੇ ਲੜੀ ਸੀ। ਪੂਰੇ ਪ੍ਰਚਾਰ ਦੌਰਾਨ ‘ਆਪ’ ਸਰਕਾਰ ਨੇ ਕਾਂਗਰਸੀ ਆਗੂਆਂ ਅਤੇ ਵੋਟਰਾਂ ਨੂੰ ਧਮਕਾਇਆ; ‘ਆਪ’ ਦੇ ਹਰ ਮੰਤਰੀ ਤੇ ਵਿਧਾਇਕ ਨੇ ਹਲਕੇ ‘ਚ ਚੋਣ ਪ੍ਰਚਾਰ ਕੀਤਾ; ਪੂਰੀ ਸਰਕਾਰੀ ਮਸ਼ੀਨਰੀ ਨੇ ਉਨ੍ਹਾਂ ਲਈ ਵੋਟਾਂ ਮੰਗੀਆਂ; ਅਤੇ ਵੋਟਾਂ ਦੇ ਦਿਨ ਤੋਂ ਪਹਿਲਾਂ ਉਨ੍ਹਾਂ ਨੇ ਸ਼ਰਾਬ ਅਤੇ ਪੈਸੇ ਵੰਡੇ, ਪਰ ਇਸ ਸਭ ਦੇ ਬਾਵਜ਼ੂਦ ‘ਆਪ’ ਦੀ ਜਿੱਤ ਦਾ ਫਰਕ ਕਾਂਗਰਸ ਸਰਕਾਰ ਦੌਰਾਨ ਹੋਈ ਗੁਰਦਾਸਪੁਰ ਜ਼ਿਮਨੀ ਚੋਣ ‘ਚ ਕਾਂਗਰਸ ਪਾਰਟੀ ਦੇ ਜਿੱਤ ਦੇ ਫਰਕ ਨਾਲੋਂ ਬਹੁਤ ਘੱਟ ਸੀ।”

‘ਆਪ’ ਆਗੂਆਂ ਨੇ ਚੋਣ ਜ਼ਾਬਤੇ ਦੀ ਕੀਤੀ ਉਲੰਘਣਾ’

ਫਿਲੌਰ ਦੇ ਵਿਧਾਇਕ ਨੇ ਕਿਹਾ ਕਿ ਵੋਟਾਂ ਵਾਲੇ ਦਿਨ ਵੀ ‘ਆਪ’ ਆਗੂਆਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਅਤੇ ਉਨ੍ਹਾਂ ਦੇ ਵਿਧਾਇਕ, ਆਗੂ ਅਤੇ ਵਰਕਰ ਜਲੰਧਰ ਹਲਕੇ ‘ਚ ਘੁੰਮ ਰਹੇ ਸਨ। ਜਦੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਇਨ੍ਹਾਂ ‘ਆਪ’ ਵਿਧਾਇਕਾਂ ਤੇ ਵਰਕਰਾਂ ਦਾ ਪਰਦਾਫਾਸ਼ ਕੀਤਾ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਉਨ੍ਹਾਂ ‘ਤੇ ਕਾਰਵਾਈ ਕਰਨ ਦੀ ਬਜਾਏ ਸ਼ਾਹਕੋਟ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਕਾਂਗਰਸੀ ਆਗੂਆਂ ਅਤੇ ਸਮਰਥਕਾਂ ‘ਤੇ ਹੀ ਪਰਚੇ ਦਰਜ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ, ਪਰ ਅਸੀਂ ‘ਆਪ’ ਸਰਕਾਰ ਅੱਗੇ ਨਹੀਂ ਝੁਕਾਂਗੇ ਅਤੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਵਿਰੁੱਧ ਡਟ ਕੇ ਲੜਾਂਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ