Jalandhar Bypoll 2023: ਸ਼ਾਂਤੀਪੂਰਨ ਜਲੰਧਰ ਜ਼ਿਮਨੀ ਚੋਣ ਨੇਪਰੇ ਚੜ੍ਹਣ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਦਾ ਕੀਤਾ ਧੰਨਵਾਦ
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਬੁੱਧਵਾਰ ਨੂੰ ਸ਼ਾਂਤੀਪੂਰਵਕ ਵੋਟਾਂ ਪਈਆਂ। ਜਲੰਧਰ ਲੋਕ ਸਭਾ ਸੀਟ 'ਤੇ ਸ਼ਾਮ 5.40 ਵਜੇ ਤੱਕ 52.03 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਚੰਡੀਗੜ੍ਹ ਨਿਊਜ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ (Sibin C)ਨੇ ਜਲੰਧਰ ਲੋਕ ਸਭਾ ਸੀਟ ਦੇ ਲੋਕਾਂ ਵੱਲੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਧਿਆਨ ਸ਼ਾਂਤੀਪੂਰਵਕ ਢੰਗ ਨਾਲ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਤੇ ਕੇਂਦਰਤ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵੱਧ ਤੋਂ ਵੱਧ ਵੋਟਰਾਂ ਨੇ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਸਿਬਿਨ ਸੀ ਨੇ ਜਲੰਧਰ ਲੋਕ ਸਭਾ ਸੀਟ ‘ਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਜ਼ਿਮਨੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰਨ ਲਈ ਸਾਰੇ ਪੋਲਿੰਗ ਕਰਮਚਾਰੀਆਂ, ਸੁਰੱਖਿਆ ਕਰਮੀਆਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬੂਥ ਲੈਵਲ ਅਫਸਰਾਂ (ਬੀ.ਐਲ.ਓ.), ਲੋਕ ਨਿਰਮਾਣ ਵਿਭਾਗ ਦੇ ਕੋਆਰਡੀਨੇਟਰਾਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਪਿੰਡ ਦੇ ਚੌਕੀਦਾਰਾਂ ਦਾ ਵੀ ਚੋਣ ਪ੍ਰਕਿਰਿਆ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ।
ਵੋਟਿੰਗ ਪੂਰੀ, 13 ਮਈ ਨੂੰ ਨਤੀਜਾ
ਛੋਟੀਆਂ-ਮੋਟੀਆਂ ਘਟਨਾਵਾਂ ਵਿਚਾਲੇ ਜਲੰਧਰ ਲੋਕ ਸਭਾ ਹਲਕੇ ਦੀ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ। ਬੇਸ਼ੱਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਪ ਅਤੇ ਬੀਜੇਪੀ ਨੇ ਆਪਣੇ ਵੱਲੋਂ ਮਜ਼ਬੂਤ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ, ਪਰ ਇਨ੍ਹਾਂ ਚੋਂ ਕਿਸ ਦੀ ਕਿਸਮਤ ਦਾ ਤਾਲਾ ਖੁੱਲ੍ਹਦਾ ਹੈ ਅਤੇ ਕੌਣ ਬਣਦਾ ਹੈ ਜਲੰਧਰ ਦਾ ਸਿਕੰਦਰ, ਇਸ ਦਾ ਪਤਾ ਤਾਂ 13 ਮਈ ਨੂੰ ਹੀ ਲੱਗ ਸਕੇਗਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ