ਜਲੰਧਰ ਨਿਊਜ: ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਅਚਨਚੇਤ ਦੇਹਾਂਤ ਤੋਂ ਬਾਅਦ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ਤੇ ਬੁੱਧਵਾਰ ਨੂੰ ਵੋਟਿੰਗ ਕਰਵਾਈ ਗਈ। ਵੋਟਿੰਗ ਦੌਰਾਨ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਵੋਟ ਫੀਸਦ ਦੀ ਗੱਲ ਕਰੀਏ ਤਾਂ ਸ਼ਾਮ 6 ਵਜੇ ਤੱਕ 55 ਫੀਸਦੀ ਵੋਟਿੰਗ ਦਰਜ ਕੀਤੀ ਗਈ। ਹਾਲਾਂਕਿ ਇਸ ਦੌਰਾਨ ਕੁਝ ਬੂਥਾਂ ਤੇ ਹਲਕੀਆਂ ਝੜਪਾਂ ਦੀਆਂ ਵੀ ਖ਼ਬਰ ਸਾਹਮਣੇ ਆਈਆਂ ਸਨ, ਪਰ ਮੌਕੇ ਤੇ ਮੌਜੂਦ ਪੁਲਿਸ ਦੇ ਜਵਾਨਾਂ ਨੇ ਤੁਰੰਤ ਹਾਲਾਤ ਤੇ ਕਾਬੂ ਪਾ ਲਿਆ।
ਜਲੰਧਰ ਲੋਕਸਭਾ ਸੀਟ ਦੇ ਅੰਦਰ ਆਉਂਦੇ ਵਿਧਾਨਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਫਿੱਲੋਰ ਚ 55.8 ਫੀਸਦ, ਨਕੋਦਰ ਚ 55.4, ਸ਼ਾਹਕੋਟ ਚ 57.4, ਕਰਤਾਰਪੁਰ ਚ 54.7, ਜਲੰਧਰ ਵੈਸਟ ਚ 56.4, ਜਲੰਧਰ ਸੈਂਟਰਲ ਚ 49, ਜਲੰਧਰ ਨਾਰਥ ਚ 54.4 ਫੀਸਦ, ਜਲੰਧਰ ਛਾਵਨੀ ਚ 48.9 ਅਤੇ ਆਦਮਪੁਰ ਹਲਕੇ ਚ 54 ਫੀਸਦ ਵੋਟਿੰਗ ਦਰਜ ਕੀਤੀ ਗਈ ਹੈ। ਇਸ ਚੋਣ ਦਾ ਨਤੀਜਾ 13 ਮਈ ਸ਼ਨੀਵਾਰ ਨੂੰ ਐਲਾਨਿਆ ਜਾਵੇਗਾ।
ਜਲੰਧਰ ਵਿੱਚ ਘੁੰਮਦੇ ਨਜਰ ਆਏ ਬਾਹਰੀ ਵਿਧਾਇਕ
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਦੌਰਾਨ
ਆਮ ਆਦਮੀ ਪਾਰਟੀ ਦੇ ਬਾਬਾ ਬਕਾਲਾ ਦੇ ਵਿਧਾਇਕ ਜਲੰਧਰ ‘ਚ ਘੁੰਮਦੇ ਨਜ਼ਰ ਆਏ। ਜਿਸ ਤੋਂ ਬਾਅਦ ਹੰਗਾਮਾ ਹੋ ਗਿਆ। ਦਰਅਸਲ ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ‘ਚ ਵਿਧਾਇਕ ਦਲਬੀਰ ਸਿੰਘ ਟੌਂਗ ਘੁੰਮਦੇ ਨਜ਼ਰ ਆਏ। ਜਿਸ ਤੋਂ ਬਾਅਦ ਕਾਂਗਰਸ ਦੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਕਰ ਦਿੱਤਾ। ਜਿਸ ਤੋਂ ਬਾਅਦ ਵਿਧਾਇਕ ਦਲਵੀਰ ਸਿੰਘ ਟੌਂਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਬਾਅਦ ‘ਚ ਉਨ੍ਹਾਂ ਨੂੰ ਥਾਣੇ ਤੋਂ ਹੀ ਜ਼ਮਾਨਤ ਮਿਲ ਗਈ।
ਕਾਂਗਰਸ ਅਤੇ ਬੀਜੇਪੀ ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ
ਵੋਟਿੰਗ ਦੌਰਾਨ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਅਤੇ ਬੀਜੇਪੀ ਸੂਬਾ ਪ੍ਰਧਾਨ
ਅਸ਼ਵਨੀ ਸ਼ਰਮਾ ਨੇ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਕਈ ਪੋਲਿੰਗ ਬੂਥਾਂ ਤੇ ਆਮ ਆਦਮੀ ਪਾਰਟੀ (ਆਪ) ਦੇ ਬਾਹਰੀ ਵਿਧਾਇਕ ਅਤੇ ਵਰਕਰ ਘੁੰਮ ਰਹੇ ਹਨ, ਜੋ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਹੱਕ ਵਿੱਚ ਵੋਟਿੰਗ ਪਾਉਣ ਲਈ ਮਜਬੂਰ ਕਰ ਰਹੇ ਹਨ। ਕਾਂਗਰਸ ਉਮੀਦਵਾਰ ਕਰਮਜੀਤ ਨੇ ਇਲਜਾਮ ਲਗਾਇਆ ਕਿ ਆਪ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਉਮੀਦਵਾਰੀ ਰੱਦ ਕਰਨ ਦੀ ਵੀ ਮੰਗ ਕੀਤੀ। ਉੱਧਰ ਸੂਬਾ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੋਣ ਕਮਿਸ਼ਨ ਦੇ ਨਾਲ-ਨਾਲ ਪੰਜਾਬ ਦੇ ਡੀਜੀਪੀ ਨੂੰ ਵੀ ਸ਼ਿਕਾਇਤ ਭੇਜੀ।
ਅਸ਼ਵਨੀ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਲੁਧਿਆਣਾ (ਉੱਤਰੀ) ਦੇ ਵਿਧਾਇਕ ਮਦਨ ਲਾਲ ਬੱਗਾ, ਲੁਧਿਆਣਾ (ਪੂਰਬੀ) ਦੇ ਵਿਧਾਇਕ ਦਲਜੀਤ ਸਿੰਘ ਭੋਲਾ, ਗੁਰਪ੍ਰੀਤ ਸਿੰਘ ਗੋਗੀ, ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ, ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੋੰਗ, ਮਾਰਕਫੈੱਡ ਦੇ ਪ੍ਰਧਾਨ ਸ਼ਾਮ ਸੁੰਦਰ ਅਤੇ ਹੋਰ ਕਈ ‘ਆਪ’ ਆਗੂ ਅਤੇ ਕਾਰਜਕਰਤਾ ਜਲੰਧਰ ‘ਚ ਰਹਿ ਕੇ, ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸਾਰੇ ਬੂਥਾਂ ‘ਤੇ ਚੋਣ ਪ੍ਰਚਾਰ ਕਰਨ, ਪੈਸੇ ਅਤੇ ਸ਼ਰਾਬ ਵੰਡਣ ਆਦਿ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹਨ। ਇਹ ਲੋਕ ਜਲੰਧਰ ਲੋਕ ਸਭਾ ਹਲਕੇ ਦੇ ਵਸਨੀਕਾਂ ‘ਤੇ ਦਬਾਅ ਪਾਉਣ, ਧਮਕੀਆਂ ਦੇਣ ਆਦਿ ਕਈ ਗੈਰ-ਕਾਨੂੰਨੀ ਕੰਮ ਕਰ ਰਹੇ ਹਨ, ਜਿਸ ਦਾ ਸਿੱਧਾ ਅਸਰ ਵੋਟਰ ਦੀ ਆਜ਼ਾਦਾਨਾ ਵੋਟਿੰਗ ‘ਤੇ ਪੈਂਦਾ ਹੈ। ਸ਼ਰਮਾ ਨੇ ਮੰਗ ਕੀਤੀ ਕਿ ਆਦਰਸ਼
ਚੋਣ ਜ਼ਾਬਤਾ, ਭਾਰਤੀ ਦੰਡਾਵਲੀ, ਪਬਲਿਕ ਐਕਟ, 1950 ਅਤੇ ਹੋਰ ਸਬੰਧਤ ਐਕਟਾਂ ਦੀ ਉਲੰਘਣਾ ਕਰਨ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਆਗੂਆਂ ਅਤੇ ਵਰਕਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਰਾਜਕੁਮਾਰ ਵੇਰਕਾ ਨੇ ਵੀ ਆਪ ਤੇ ਚੁੱਕੇ ਸਵਾਲ
ਜਲੰਧਰ ਦੇ ਹੋਈ ਜ਼ਿਮਨੀ ਚੋਣ ਵਿਚ ਆਪ ਪਾਰਟੀ ਦੇ ਬਾਹਰਲੇ ਲੋਕਾਂ ਦੀ ਦਖਲਅੰਦਾਜ਼ੀ ਨੂੰ ਲੈਕੇ ਭਾਜਪਾ ਨੇਤਾ ਡਾਕਟਰ ਰਾਜਕੁਮਾਰ ਵੇਰਕਾ ਦਾ ਬਿਆਨ ਆਇਆ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਆਪ ਦੇ ਬਾਹਰੀ ਵਿਧਾਇਕ ਆਪਣੇ ਗੁੰਡਿਆਂ ਨੂੰ ਲੈਕੇ ਬੂਥਾ ਤੇ ਕਬਜੇ ਕਰਦੇ ਰਹੇ ਪਰ ਚੋਣ ਕਮਿਸ਼ਨਰ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣੀ ਬੈਠਿਆ ਰਿਹਾ। ਉਨ੍ਹਾਂ ਇਲਜਾਮ ਲਗਾਇਆ ਕਿ ਪ੍ਰਸਾਸਨ ਵਲੋਂ ਕੋਈ ਕਾਰਵਾਈ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਚੋਣ ਕਮਿਸ਼ਨਰ ਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਦੇ ਖ਼ਿਲਾਫ਼ ਛੇਤੀ ਤੋਂ ਛੇਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਚੋਣ ਕਮਿਸ਼ਨ ਜਾਂ ਪੁਲਿਸ-ਪ੍ਰਸ਼ਾਸਨ ਇਸ ਮਾਮਲੇ ਤੇ ਕੋਈ ਕਾਰਵਾਈ ਨਹੀਂ ਕਰਦਾ ਤਾਂ ਦਿੱਲੀ ਵਿੱਚ ਭਾਜਪਾ ਦਾ ਵਫਦ ਚੋਣ ਕਮਿਸ਼ਨ ਨੂੰ ਮਿਲਕੇ ਇਨ੍ਹਾਂ ਦੀ ਸ਼ਿਕਾਇਤ ਕਰੇਗਾ।
ਸ਼ਿਕਾਇਤ ਤੋਂ ਬਾਅਦ ਹਰਕਤ ਚ ਆਇਆ ਪ੍ਰਸ਼ਾਸਨ
ਕਾਂਗਰਸ ਅਤੇ ਬੀਜੇਪੀ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਹਰਕਤ ਵਿੱਚ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਾਹਰੀ ਆਗੂਆਂ ਨੂੰ ਤੁਰੰਤ ਹਲਕਾ ਛੱਡਣ ਦੀ ਚਿਤਾਵਨੀ ਦਿੱਤੀ। ਉੱਧਰ, ਪੁਲਿਸ ਨੇ ਵੀ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਸਖਤ ਹਿਦਾਇਤ ਦਿੰਦਿਆ ਕਿਸੇ ਵੀ ਬਾਹਰੀ ਸ਼ਖਸ ਨੂੰ ਪੋਲਿੰਗ ਬੂਥ ਤੇ ਨਾ ਬਿਠਾਉਣ ਦੀ ਹਿਦਾਇਤ ਦਿੰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਨੇਪਰੇ ਚੜ੍ਹੀ ਵੋਟਿੰਗ, ਹੁਣ 13 ਨੂੰ ਨਤੀਜਾ
ਇਨ੍ਹਾਂ ਛੋਟੀਆਂ-ਮੋਟੀਆਂ ਘਟਨਾਵਾਂ ਵਿਚਾਲੇ ਜਲੰਧਰ ਲੋਕ ਸਭਾ ਹਲਕੇ ਦੀ ਚੋਣ ਲਈ
ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ। ਹੁਣ ਸਾਰੀਆਂ ਪਾਰਟੀਆਂ ਨੂੰ ਇੰਤਜਾਰ ਹੈ ਤਾਂ 13 ਮਈ ਦਾ, ਜਦੋਂ ਈਵੀਐੱਮ ਵਿੱਚ ਬੰਦ ਇਨ੍ਹਾਂ ਸਾਰਿਆਂ ਦੀ ਕਿਸਮਤ ਦਾ ਤਾਲਾ ਖੁੱਲ੍ਹੇਗਾ ਅਤੇ ਪਤਾ ਚੱਲੇਗਾ ਕਿ ਆਖ਼ਰ ਕੌਣ ਬਣੇਗਾ ਜਲੰਧਰ ਦਾ ਸਿਕੰਦਰ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ