ਜਲੰਧਰ ਨਿਊਜ: ਮੰਗਲਵਾਰ ਨੂੰ ਜਲੰਧਰ ਵਿੱਚ ਐਨਐਚਐਮ ਦੇ ਠੇਕਾ ਕਾਮਿਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਪੰਜਾਬ ਭਰ ਦੇ ਸਿਹਤ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਦੋਂ ਇਹ ਠੇਕਾ ਮੁਲਾਜ਼ਮ ਆਪਣੀ ਰੈਲੀ ਲੈ ਕੇ ਜਲੰਧਰ ਦੇ ਪ੍ਰੈੱਸ ਕਲੱਬ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਲੰਧਰ ਦੇ ਪ੍ਰੈੱਸ ਕਲੱਬ ‘ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਪ੍ਰੈੱਸ ਕਾਨਫਰੰਸ ਕਰ ਰਹੇ ਹਨ, ਤਾਂ ਉਹ ਉਨ੍ਹਾਂ ਕੋਲ ਪਹੁੰਚ ਗਏ। ਮੁਲਾਜ਼ਮਾਂ ਵੱਲੋਂ ਬੁਲਾਉਣ ਤੋਂ ਬਾਅਦ ਮਜੀਠੀਆ ਵੀ ਉਨ੍ਹਾਂ ਦੀ ਰੈਲੀ ‘ਚ ਪਹੁੰਚ ਗਏ ਅਤੇ ਸੜਕ ‘ਤੇ ਬੈਠ ਕੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ। ਇਸ ਮੌਕੇ ਉਨ੍ਹਾਂ ਨੇ ਮਾਨ ਸਰਕਾਰ ਤੇ ਰੱਜ ਕੇ ਜੁਬਾਨੀ ਹਮਲੇ ਬੋਲੇ।
ਬਿਕਰਮ ਮਜੀਠਿਆ ਨੇ ਸਰਕਾਰ ਨੂੰ ਘੇਰਦਿਆਂ ਇਲਜਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਸ਼ਬਦਾਂ ਨਾਲ ਬੋਲ ਕੇ ਹੀ ਸਾਰੇ ਕੰਮ ਕਰ ਰਹੀ ਹੈ। ਉਹ ਸੂਬੇ ਦੇ ਮੁਲਾਜਮਾਂ ਦੇ ਹਿਤਾਂ ਨੂੰ ਨਜਰਅੰਦਾਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਇਨ੍ਹਾਂ ਮੁਲਾਜਮਾਂ ਦੀ ਆਵਾਜ ਚੁੱਕਦੇ ਰਹਿਣਗੇ।
ਉੱਧਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਨਾਲ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਂਦੇ ਹੀ ਉਨ੍ਹਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰ ਪਿਛਲੀਆਂ ਸਰਕਾਰਾਂ ਵਾਂਗ ਉਸ ਨੇ ਵੀ ਉਨ੍ਹਾਂ ਨੂੰ ਲਾਰੇ ਲਗਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ।