Travel Agent ਦੀ ਧੋਖਾਧੜੀ ਕਰਕੇ ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ 700 ਤੋਂ ਵੱਧ ਵਿਦਿਆਰਥੀ

Updated On: 

08 Jun 2023 11:43 AM

Fraud with Students: ਇਨ੍ਹਾਂ ਵਿਦਿਆਰਥੀਆਂ ਵਾਸਤੇ ਸਮੱਸਿਆ ਇਹ ਵੀ ਹੈ ਕਿ ਇਹ ਆਪਣੇ ਆਪ ਨੂੰ ਨਿਰਦੋਸ਼ ਕਹਿਣ ਜੋਗੇ ਵੀ ਨਹੀਂ ਹਨ ਕਿਉਂਕਿ ਵੀਜ਼ੇ ਦੇ ਫ਼ਾਰਮਾਂ ਤੇ ਏਜੰਟ ਨੇ ਇਨ੍ਹਾਂ ਦੇ ਹੀ ਦਸਤਖ਼ਤ ਕਰਵਾਏ ਹੋਏ ਹਨ ।

Travel Agent ਦੀ ਧੋਖਾਧੜੀ ਕਰਕੇ ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ 700 ਤੋਂ ਵੱਧ ਵਿਦਿਆਰਥੀ
Follow Us On

ਜਲੰਧਰ ਨਿਊਜ: ਇਥੋਂ ਦੇ ਟਰੈਵਲ ਏਜੰਟ (Travel Agent) ਵੱਲੋਂ 700 ਤੋਂ ਵੱਧ ਵਿਦਾਰਥੀਆਂ ਨਾਲ ਕਰੋੜਾਂ ਦੇ ਧੋਖ਼ੇ ਦਾ ਮਾਮਲਾ ਸਾਹਮਣੇ ਆਇਆ ਹੈ। ਟਰੈਵਲ ਏਜੰਟ ਦੇ ਭਰੋਸੇ ‘ਤੇ 16 ਤੋਂ 20 ਲੱਖ ਰੁਪਏ ਤਕ ਦੀਆਂ ਭਾਰੀ ਭਰਕਮ ਰਕਮਾਂ ਦੇ ਕੇ ਕੈਨੇਡਾ ਗਏ ਇਹਨਾਂ ਵਿਦਿਆਰਥੀਆਂ ਨੂੰ ਹੁਣ ਕੈਨੇਡਾ ਸਰਕਾਰ ਵੱਲੋਂ ਡਿਪੋਰਟ ਕੀਤੇ ਜਾਣ ਸੰਬੰਧੀ ਨੋਟਿਸ ਦੇ ਦਿੱਤੇ ਗਏ ਹਨ । ਦੋਸ਼ ਹੈ ਕਿ ਇਹ ਸਾਰੇ ਜਲੰਧਰ ਸਥਿਤ ਇਕ ਟਰੈਵਲ ਏਜੰਟ ਐਜੂਕੇਸ਼ਨ ਮਾਈਗਰੇਸ਼ਨ ਸਰਵਿਸਿਜ਼’, ਜਲੰਧਰ ਦੇ ਸ਼ਿਕਾਰ ਹੋਏ ਹਨ। ਇਸ ਦਾ ਮਾਲਕ ਬ੍ਰਿਜੇਸ਼ ਮਿਸ਼ਰਾ ਨਾਂਅ ਦਾ ਵਿਅਕਤੀ ਦੱਸਿਆ ਜਾਂਦਾ ਹੈ ।

ਰੂਪੋਸ਼ ਹੋਇਆ ਧੋਖਾਧੜੀ ਕਰਨ ਵਾਲਾ ਟਰੈਨਲ ਏਜੰਟ

ਜਾਣਕਾਰੀ ਮੁਤਾਬਕ, ਟਰੈਵਲ ਏਜੰਟ ਦਾ ਦਫ਼ਤਰ ਹੁਣ ਬੰਦ ਹੈ ਅਤੇ ਬ੍ਰਿਜੇਸ਼ ਮਿਸ਼ਰਾ ਵੀ ਰੂਪੋਸ਼ ਦੱਸਿਆ ਜਾਂਦਾ ਹੈ । ਜਿਨ੍ਹਾਂ ਵਿਦਿਆਰਥੀਆਂ ਨੂੰ ਕੈਨੇਡੀਅਨ ਬਾਰਡਰ ਸਕਿਊਰਿਟੀ ਏਜੰਸੀ (ਸੀ.ਬੀ.ਐੱਸ.ਏ.) ਵੱਲੋਂ ਨੋਟਿਸ ਦਿੱਤੇ ਗਏ ਹਨ ਉਹਨਾਂ ਕੋਲ ਹੁਣ ਇਹ ਹੀ ਬਦਲ ਬਚਿਆ ਹੈ ਕਿ ਉਹ ਕੈਨੇਡਾ ਦੀਆਂ ਅਦਾਲਤਾਂ ਵਿੱਚ ਇਸ ਨੂੰ ਚੁਣੌਤੀ ਦੇਣ। ਕਿਹਾ ਜਾਂਦਾ ਹੈ ਕਿ ਆਮ ਤੌਰ ‘ਤੇ ਅਜਿਹੇ ਕੇਸਾਂ ਦੇ ਨਿਪਟਾਰੇ ਨੂੰ 3-4 ਸਾਲ ਲੱਗ ਜਾਂਦੇ ਹਨ। ਇਹਨਾਂ ਨੇ 16 ਤੋਂ 20 ਲੱਖ ਰੁਪਏ ਪ੍ਰਤੀ ਵਿਅਕਤੀ ਦਿੱਤੇ ਸਨ ਅਤੇ ਇਸ ਵਿੱਚ ਹਵਾਈ ਟਿਕਟਾਂ ਅਤੇ ਸਕਿਉਰਿਟੀ ਦਾ ਖ਼ਰਚਾ ਵੱਖ ਸੀ ।

ਵਿਦਿਆਰਥੀਆਂ ਉੱਤੇ ਟੁੱਟਿਆ ਮੁਸੀਬਤਾਂ ਦਾ ਪਹਾੜ

ਇਨ੍ਹਾਂ ਵਿਦਿਆਰਥੀਆਂ ਨੇ ਹੰਬਰ ਕਾਲਜ ਵਿੱਚ ਦਾਖ਼ਲਾ ਲਿਆ ਸੀ ਅਤੇ ਉਹ ਫ਼ਲਾਈਟ ਫ਼ੜਕੇ ਕੈਨੇਡਾ ਪੁੱਜ ਗਏ ਪਰ ਮਗਰੋਂ ਹੀ ਉਹਨਾਂ ਨੂੰ ਬ੍ਰਿਜੇਸ਼ ਮਿਸ਼ਰਾ ਦਾ ਫ਼ੋਨ ਆ ਗਿਆ ਕਿ ਇਸ ਕਾਲਜ ਵਿੱਚ ਸਾਰੀਆਂ ਸੀਟਾਂ ਭਰ ਗਈਆਂ ਹਨ ਇਸ ਲਈ ਜਾਂ ਤਾਂ ਉਹ ਅਗਲੇ ਸਮੈਸਟਰ ਤਕ ਭਾਵ 6 ਮਹੀਨੇ ਇੰਤਜ਼ਾਰ ਕਰ ਲੈਣ ਜਾਂ ਫ਼ਿਰ ਕਿਸੇ ਹੋਰ ਕਾਲਜ ਵਿੱਚ ਦਾਖ਼ਲ ਲੈ ਲੈਣ । ਇਸ ‘ਤੇ ਵਿਦਿਆਰਥੀਆਂ ਨੇ ਇੱਕ ਹੋਰ ਕਾਲਜ ਵਿੱਚ 2 ਸਾਲ ਦੇ ਕੋਰਸ ਲਈ ਦਾਖ਼ਲਾ ਲੈ ਲਿਆ ਅਤੇ ਮਿਸ਼ਰਾ ਨੇ ਕਾਲਜ ਫ਼ੀਸ ਉਨ੍ਹਾਂ ਨੂੰ ਮੋੜ ਦਿੱਤੀ । ਇਸ ਤੋਂ ਹੀ ਸੰਤੁਸ਼ਟ ਹੋ ਕੇ ਇਹਨਾਂ ਨੇ ਆਪਣੀ ਸਿੱਖ਼ਿਆ ਮੁਕੰਮਲ ਕੀਤੀ ਅਤੇ ਕੰਮ ਸ਼ੁਰੂ ਕਰ ਦਿੱਤਾ ਅਤੇ ਪੀਆਰ ਲਈ ਅਰਜ਼ੀ ਦੇ ਦਿੱਤੀ । ਪੀਆਰ ਦੇਣ ਸਮੇਂ ਹੋਈ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਗਈ ਕਿ ਉਹਨਾਂ ਨੂੰ ਕਾਲਜਾਂ ਵੱਲੋਂ ਮਿਲੀਆਂ ਦਾਖ਼ਲਾ ਆਫ਼ਰ ਚਿੱਠੀਆਂ ਅਤੇ ਹੋਰ ਦਸਤਾਵੇਜ਼ ਸਹੀ ਨਹੀਂ ਸਨ ।

ਇਹਨਾਂ ਠੱਗੇ ਗਏ ਅਤੇ ਸਮੱਸਿਆ ਵਿੱਚ ਫ਼ਸੇ ਵਿਦਿਆਰਥੀਆਂ ਦੇ ਪਰਿਵਾਰਾਂ ਵੱਲੋਂ ਏਜੰਟ ਦੇ ਜਲੰਧਰ ਸਥਿਤ ਦਫ਼ਤਰ ਜਾ ਕੇ ਵੇਖ਼ਿਆ ਗਿਆ ਤਾਂ ਦਫ਼ਤਰ ਨੂੰ ਤਾਲਾ ਲੱਗਾ ਪਾਇਆ ਗਿਆ ਹੈ । ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਜਦੋਂ ਵਿਦਿਆਰਥੀਆਂ ਨੂੰ ਕੈਨੇਡਾ ਭੇਜਿਆ ਗਇਆ ਸੀ ਤਾਂ ਉਸ ਸਮੇਂ ਵਿਦਿਆਰਥੀਆਂ ਦੀ ਏਅਰਪੋਰਟ ਤੇ ਚੈਕਿੰਗ ਹੋਈ ਸੀ ਜਾ ਨਹੀਂ ਤੇ ਪਾਸਪੋਰਟ ਤੇ ਕਿੱਥੇ ਦਾ ਵੀਜ਼ਾ ਲਗਾਇਆ ਗਇਆ ਸੀ ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ