ਜਲੰਧਰ ਦੇ ਮਾਈ ਹੀਰਾਂ ਗੇਟ ‘ਚ ਚੋਰਾਂ ਦਾ ਤਾਂਡਵ, 24 ਘੰਟਿਆਂ ਅੰਦਰ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ; ਨਕਦੀ ਲੈ ਕੇ ਫ਼ਰਾਰ

Updated On: 

05 Oct 2026 23:04 PM IST

ਜਲੰਧਰ ਦੇ ਸਭ ਤੋਂ ਵਿਅਸਤ ਅਤੇ ਭੀੜ-ਭੜੱਕੇ ਵਾਲੇ ਬਾਜ਼ਾਰ ਮਾਈ ਹੀਰਾਂ ਗੇਟ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਦੇ ਅੰਦਰ ਹੀ ਚੋਰਾਂ ਨੇ ਇਸੇ ਇਲਾਕੇ ਦੀਆਂ ਚਾਰ ਹੋਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਜਲੰਧਰ ਦੇ ਮਾਈ ਹੀਰਾਂ ਗੇਟ ਚ ਚੋਰਾਂ ਦਾ ਤਾਂਡਵ, 24 ਘੰਟਿਆਂ ਅੰਦਰ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ; ਨਕਦੀ ਲੈ ਕੇ ਫ਼ਰਾਰ

ਜਲੰਧਰ ਦੇ ਸਭ ਤੋਂ ਵਿਅਸਤ ਅਤੇ ਭੀੜ-ਭੜੱਕੇ ਵਾਲੇ ਬਾਜ਼ਾਰ ਮਾਈ ਹੀਰਾਂ ਗੇਟ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਦੇ ਅੰਦਰ ਹੀ ਚੋਰਾਂ ਨੇ ਇਸੇ ਇਲਾਕੇ ਦੀਆਂ ਚਾਰ ਹੋਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਹਿਜ਼ ਇੱਕ ਦਿਨ ਪਹਿਲਾਂ ਹੀ ਚੋਰ ਇੱਥੇ ਸਥਿਤ ਇੱਕ ਆਟਾ ਚੱਕੀ ਵਿੱਚੋਂ ਨਕਦੀ, ਦੇਸੀ ਘਿਓ ਅਤੇ ਡਰਾਈ ਫਰੂਟ ਲੈ ਕੇ ਫ਼ਰਾਰ ਹੋਏ ਸਨ। ਪੁਲਿਸ ਅਜੇ ਉਸ ਵਾਰਦਾਤ ਨੂੰ ਸੁਲਝਾ ਵੀ ਨਹੀਂ ਸਕੀ ਸੀ ਕਿ ਚੋਰਾਂ ਨੇ ਬੇਖ਼ੌਫ਼ ਹੋ ਕੇ ਚਾਰ ਹੋਰ ਦੁਕਾਨਾਂ ਤੇ ਧਾਵਾ ਬੋਲ ਦਿੱਤਾ ਅਤੇ ਦੋ ਦੁਕਾਨਾਂ ਵਿੱਚੋਂ ਨਕਦੀ ਚੋਰੀ ਕਰਕੇ ਰਫ਼ੂਚੱਕਰ ਹੋ ਗਏ।

ਚੋਰਾਂ ਵੱਲੋਂ ਪੁਰੀ ਆਪਟੀਕਲ, ਇੰਗਲਿਸ਼ ਬੁੱਕ, ਬੁੱਕ ਸੈਂਟਰ ਅਤੇ ਧਵਨ ਇੰਪੋਰੀਅਮ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਵਿੱਚੋਂ ਬੁੱਕ ਸੈਂਟਰ ਵਿੱਚੋਂ 85 ਹਜ਼ਾਰ ਰੁਪਏ ਅਤੇ ਇੰਗਲਿਸ਼ ਬੁੱਕ ਸ਼ਾਪ ਵਿੱਚੋਂ 18 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ, ਜਦਕਿ ਬਾਕੀ ਦੋ ਦੁਕਾਨਾਂ ਵਿੱਚੋਂ ਨਕਦੀ ਚੋਰੀ ਹੋਣ ਤੋਂ ਬਚਾਅ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਵਪਾਰੀਆਂ ਵਿੱਚ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਭਾਰੀ ਰੋਸ ਫੈਲ ਗਿਆ।

ਛੱਤ ਰਾਹੀਂ ਆਏ ਚੋਰ, ਵਾਰਦਾਤ ਮਗਰੋਂ ਕੱਪੜੇ ਵੀ ਬਦਲੇ

ਇਹ ਸਾਰੀ ਵਾਰਦਾਤ ਦੁਕਾਨਾਂ ਦੇ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਚੋਰ ਛੱਤ ਦੇ ਰਸਤਿਓਂ ਅੰਦਰ ਦਾਖ਼ਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ, ਬੇਖ਼ੌਫ਼ ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਮੌਕੇ ਤੇ ਹੀ ਆਪਣੇ ਕੱਪੜੇ ਵੀ ਬਦਲੇ ਅਤੇ ਬੜੀ ਆਸਾਨੀ ਨਾਲ ਫ਼ਰਾਰ ਹੋ ਗਏ।

ਪੀੜਤ ਦੁਕਾਨਦਾਰਾਂ ਦੇ ਬਿਆਨ

ਪੁਰੀ ਆਪਟੀਕਲ: ਦੁਕਾਨ ਦੇ ਮਾਲਕ ਸੁਰਿੰਦਰ ਮਲਹੋਤਰਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਤੇ ਪਹੁੰਚੇ ਤਾਂ ਦੇਖਿਆ ਕਿ ਤਿਜੌਰੀ ਖੁੱਲ੍ਹੀ ਪਈ ਸੀ, ਚਾਬੀ ਇੱਕ ਪਾਸੇ ਰੱਖੀ ਹੋਈ ਸੀ ਅਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਵਿੱਚ ਨਕਦੀ ਨਾ ਹੋਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਬੁੱਕ ਸੈਂਟਰ: ਸੰਚਾਲਕ ਮੁਨੀਸ਼ ਨੇ ਜਾਣਕਾਰੀ ਦਿੱਤੀ ਕਿ ਜਦੋਂ ਉਨ੍ਹਾਂ ਦੇ ਭਰਾ ਨੇ ਸਵੇਰੇ ਦੁਕਾਨ ਖੋਲ੍ਹੀ ਤਾਂ ਦਰਵਾਜ਼ਾ ਟੁੱਟਿਆ ਹੋਇਆ ਮਿਲਿਆ। ਦੁਕਾਨ ਅੰਦਰ ਤਿਜੌਰੀ ਖੁੱਲ੍ਹੀ ਸੀ ਅਤੇ ਸਾਮਾਨ ਬਿਖਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਪਿਛਲੇ ਪਾਸਿਓਂ ਦਾਖ਼ਲ ਹੋਏ ਸਨ ਅਤੇ ਦੁਕਾਨ ਵਿੱਚੋਂ 85 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਆਟਾ ਚੱਕੀ ਦੀ ਚੋਰੀ ਨੂੰ ਲੈ ਕੇ ਬਾਜ਼ਾਰ ਵਿੱਚ ਚਰਚਾ ਚੱਲ ਹੀ ਰਹੀ ਸੀ ਕਿ ਅੱਜ ਉਨ੍ਹਾਂ ਦੀਆਂ ਦੋਵੇਂ ਦੁਕਾਨਾਂ ਵਿੱਚ ਇਹ ਵਾਰਦਾਤ ਵਾਪਰ ਗਈ।

ਧਵਨ ਇੰਪੋਰੀਅਮ: ਦੁਕਾਨ ਮਾਲਕ ਅੰਕੁਸ਼ ਧਵਨ ਨੇ ਦੱਸਿਆ ਕਿ ਸਵੇਰੇ ਆਉਣ ਤੇ ਦੁਕਾਨ ਦਾ ਸਾਰਾ ਸਾਮਾਨ ਖਿੱਲਰਿਆ ਮਿਲਿਆ। ਚੋਰ ਇੱਥੋਂ ਨਕਦੀ ਲਿਜਾਣ ਵਿੱਚ ਤਾਂ ਅਸਫ਼ਲ ਰਹੇ, ਪਰ ਉਹ ਦੁਕਾਨ ਵਿੱਚ ਲੱਗੇ ਕੈਮਰੇ ਚੋਰੀ ਕਰਕੇ ਆਪਣੇ ਨਾਲ ਲੈ ਗਏ।

ਇੰਗਲਿਸ਼ ਬੁੱਕ ਸ਼ਾਪ: ਮਾਲਕ ਆਸ਼ੂ ਰਖੇਜਾ ਨੇ ਦੱਸਿਆ ਕਿ ਦੇਰ ਰਾਤ ਚੋਰ ਪਹਿਲਾਂ ਪੁਰੀ ਆਪਟੀਕਲ ਅਤੇ ਧਵਨ ਇੰਪੋਰੀਅਮ ਦੀ ਛੱਤ ਰਾਹੀਂ ਹੁੰਦੇ ਹੋਏ ਉਨ੍ਹਾਂ ਦੀ ਦੁਕਾਨ ਦੀ ਛੱਤ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ। ਚੋਰ ਉਨ੍ਹਾਂ ਦੀ ਦੁਕਾਨ ਵਿੱਚੋਂ 18 ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਭਰਾ ਦੀ ਦੁਕਾਨ ਵਿੱਚੋਂ 85 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ।

ਦੁਕਾਨਦਾਰਾਂ ਵੱਲੋਂ ਥਾਣੇ ਪਹੁੰਚ ਕੇ ਰੋਸ ਪ੍ਰਦਰਸ਼ਨ ਦੀ ਤਿਆਰੀ

ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਪੁਲਿਸ ਨੂੰ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਠੋਸ ਸੁਣਵਾਈ ਜਾਂ ਗਸ਼ਤ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਦੁਖੀ ਹੋ ਕੇ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਥਾਣੇ ਜਾ ਕੇ ਰਸਮੀ ਸ਼ਿਕਾਇਤ ਦਰਜ ਕਰਵਾਉਣ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਤੁਰੰਤ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕਰਨ ਦਾ ਫ਼ੈਸਲਾ ਕੀਤਾ ਹੈ।

Loading...
Unable to load recommendations.
Follow Us