ਜਲੰਧਰ ਹਾਈਟਸ ਦੀ 14ਵੀਂ ਮੰਜ਼ਿਲ ਤੋਂ ਡਿੱਗੀ ਪੁਲਿਸ ਅਫ਼ਸਰ ਦੀ ਧੀ, ਹੋਇਆ ਪੋਸਟਮਾਰਟਮ; ਕਮਰੇ ‘ਚੋਂ ਮਿਲਿਆ ਨੋਟ
ਜਲੰਧਰ ਸ਼ਹਿਰ ਦੇ ਪੌਸ਼ ਮੰਨੇ ਜਾਂਦੇ ਰਿਹਾਇਸ਼ 'ਜਲੰਧਰ ਹਾਈਟਸ-2' ਦੇ ਡੀ-ਬਲਾਕ ਦੀ 14ਵੀਂ ਮੰਜ਼ਿਲ ਤੋਂ ਸ਼ੱਕੀ ਹਾਲਾਤ ਵਿੱਚ ਹੇਠਾਂ ਡਿੱਗਣ ਕਾਰਨ ਇੱਕ ਨੌਜਵਾਨ ਲੜਕੀ ਦੀ ਦਰਦਨਾਕ ਮੌਤ ਹੋ ਗਈ ਸੀ। ਮੰਗਲਵਾਰ (15 ਸਤੰਬਰ) ਨੂੰ ਮ੍ਰਿਤਕ ਲੜਕੀ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।
ਜਲੰਧਰ ਸ਼ਹਿਰ ਦੇ ਪੌਸ਼ ਮੰਨੇ ਜਾਂਦੇ ਰਿਹਾਇਸ਼ ‘ਜਲੰਧਰ ਹਾਈਟਸ-2’ ਦੇ ਡੀ-ਬਲਾਕ ਦੀ 14ਵੀਂ ਮੰਜ਼ਿਲ ਤੋਂ ਸ਼ੱਕੀ ਹਾਲਾਤ ਵਿੱਚ ਹੇਠਾਂ ਡਿੱਗਣ ਕਾਰਨ ਇੱਕ ਨੌਜਵਾਨ ਲੜਕੀ ਦੀ ਦਰਦਨਾਕ ਮੌਤ ਹੋ ਗਈ ਸੀ। ਮੰਗਲਵਾਰ (15 ਸਤੰਬਰ) ਨੂੰ ਮ੍ਰਿਤਕ ਲੜਕੀ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਵਿਸਥਾਰਤ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਅਤੇ ਅਸਲ ਕਾਰਨਾਂ ਦਾ ਖ਼ੁਲਾਸਾ ਹੋ ਸਕੇਗਾ।
ਪੰਜਾਬ ਪੁਲਿਸ ਅਧਿਕਾਰੀ ਦੀ ਧੀ ਸੀ ਜੈਸਮੀਨ
ਮ੍ਰਿਤਕਾ ਦੀ ਪਛਾਣ 24 ਸਾਲਾ ਜੈਸਮੀਨ ਕੌਰ ਚਹਿਲ ਵਜੋਂ ਹੋਈ ਹੈ। ਉਹ ਪੰਜਾਬ ਪੁਲਿਸ ਦੇ ਅਧਿਕਾਰੀ ਕਰਮਵੀਰ ਸਿੰਘ ਚਹਿਲ ਦੀ ਸਪੁੱਤਰੀ ਸੀ। ਜੈਸਮੀਨ ਪੜ੍ਹਾਈ ਵਿੱਚ ਬੇਹੱਦ ਹੁਸ਼ਿਆਰ ਸੀ ਅਤੇ ਉਸ ਨੇ ਆਈਸੀਐੱਸਈ (ICSE) ਬੋਰਡ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਪੂਰੇ ਦੇਸ਼ ਵਿੱਚੋਂ ਦੂਜਾ ਰੈਂਕ (ਆਲ ਇੰਡੀਆ ਸੈਕਿੰਡ ਰੈਂਕ) ਹਾਸਲ ਕਰਕੇ ਪਰਿਵਾਰ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਸੀ। ਇੰਨੀ ਹੋਣਹਾਰ ਧੀ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਵਿੱਚ ਡੂੰਘਾ ਸੋਗ ਫੈਲ ਗਿਆ ਹੈ।
ਕਮਰੇ ‘ਚੋਂ ਮਿਲਿਆ ਹੱਥ ਲਿਖਤ ਨੋਟ
ਇਸ ਰਹੱਸਮਈ ਮੌਤ ਦੇ ਮਾਮਲੇ ਵਿੱਚ ਕੁੱਝ ਅਹਿਮ ਪਹਿਲੂ ਸਾਹਮਣੇ ਆਏ ਹਨ। ਪੁਲਿਸ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜਾਂਚ ਦੌਰਾਨ ਲੜਕੀ ਦੇ ਕਮਰੇ ਵਿੱਚੋਂ ਹੱਥ ਨਾਲ ਲਿਖੀ ਇੱਕ ਪਰਚੀ ਬਰਾਮਦ ਹੋਈ ਹੈ। ਇਸ ਪਰਚੀ ਉੱਤੇ ਅੰਗਰੇਜ਼ੀ ਵਿੱਚ ਲਿਖਿਆ ਸੀ “I was wrong, I am sorry.” (ਮੈਂ ਗ਼ਲਤ ਸੀ, ਮੈਨੂੰ ਮਾਫ਼ ਕਰ ਦਿਓ)। ਹਾਲਾਂਕਿ, ਜਾਂਚ ਵਿੱਚ ਜੁਟੀ ਪੁਲਿਸ ਨੇ ਅਜੇ ਤੱਕ ਇਸ ਨੋਟ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਅਤੇ ਇਸ ਲਿਖਤ ਦੀ ਫੋਰੈਂਸਿਕ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ।
BNS ਦੀ ਧਾਰਾ 194 ਤਹਿਤ ਪੁਲਿਸ ਕਾਰਵਾਈ
ਥਾਣਾ ਸਦਰ ਦੀ ਪੁਲਿਸ ਨੇ ਇਸ ਦਰਦਨਾਕ ਹਾਦਸੇ ਸਬੰਧੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 194 ਤਹਿਤ ਸ਼ੱਕੀ ਹਾਲਾਤਾਂ ‘ਚ ਹੋਈ ਮੌਤ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਮਾਹਿਰਾਂ ਵੱਲੋਂ ਇਕੱਤਰ ਕੀਤੇ ਗਏ ਸਬੂਤਾਂ ਦੀ ਰੌਸ਼ਨੀ ਵਿੱਚ ਹੀ ਅਗਲੀ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਇਆ ਜਾਵੇਗਾ।
6 ਮਹੀਨਿਆਂ ‘ਚ ਤੀਜੀ ਘਟਨਾ
ਇਸ ਘਟਨਾ ਤੋਂ ਬਾਅਦ ਜਲੰਧਰ ਹਾਈਟਸ ਸੁਸਾਇਟੀ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕ ਬਹੁ-ਮੰਜ਼ਿਲਾ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾ ਰਹੇ ਹਨ, ਕਿਉਂਕਿ ਪਿਛਲੇ 6 ਮਹੀਨਿਆਂ ਦੇ ਅੰਦਰ ਇਸੇ ਸੁਸਾਇਟੀ ਵਿੱਚ ਉਚਾਈ ਤੋਂ ਡਿੱਗਣ ਜਾਂ ਖ਼ੁਦਕੁਸ਼ੀ ਕਰਨ ਦਾ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ। ਇੱਕੋ ਰਿਹਾਇਸ਼ੀ ਕੰਪਲੈਕਸ ਵਿੱਚ ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਦੁਖਾਂਤਕ ਘਟਨਾਵਾਂ ਕਾਰਨ ਫਲੈਟ ਧਾਰਕਾਂ ਵਿੱਚ ਭਾਰੀ ਰੋਸ ਅਤੇ ਡਰ ਹੈ। ਇਸ ਸਬੰਧੀ ਜਦੋਂ ਇਲਾਕਾ ਐੱਸਐੱਚਓ (SHO) ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੰਦਿਆਂ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
