ਮਾਲਵੇ ਨੂੰ ਮਿਲਿਆ ਰੇਲਵੇ ਦਾ ਵੱਡਾ ਤੋਹਫਾ, ਫਿਰੋਜ਼ਪੁਰ ਤੋਂ ਰਾਮੇਸ਼ਵਰਮ ਲਈ ਦੌੜੇਗੀ ਹਮਸਫਰ ਐਕਸਪ੍ਰੈਸ
ਅਜਮੇਰ-ਰਾਮੇਸ਼ਵਰਮ-ਅਜਮੇਰ ਲਈ ਚੱਲਣ ਵਾਲੀ ਹਮਸਫਰ ਐਕਸਪ੍ਰੈਸ ਟ੍ਰੇਨ ਹੁਣ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੱਕ ਚੱਲੇਗੀ। ਦੱਖਣੀ ਭਾਰਤ ਵੱਲ ਜਾਣ ਦੇ ਚਾਹਵਾਨ ਰੇਲ ਯਾਤਰੀਆਂ ਲਈ ਅੱਜ ਤੱਕ ਮਾਲਵੇ ਦੇ ਕਿਸੇ ਰੇਲਵੇ ਸਟੇਸ਼ਨ ਤੱਕ ਇੱਕ ਵੀ ਰੇਲਗੱਡੀ ਉਪਲਬਧ ਨਹੀਂ ਸੀ।
ਪੰਜਾਬ ਨਿਊਜ਼। ਪੰਜਾਬ ਦੇ ਮਾਲਵਾ ਹਿੱਸੇ ਦੇ ਲੋਕਾਂ ਨੂੰ ਰੇਲਵੇ ਵਿਭਾਗ ਨੇ ਵੱਡਾ ਤੋਹਫਾ ਦਿੱਤਾ ਹੈ। ਅਜਮੇਰ-ਰਾਮੇਸ਼ਵਰਮ-ਅਜਮੇਰ ਲਈ ਚੱਲਣ ਵਾਲੀ ਹਮਸਫਰ ਐਕਸਪ੍ਰੈਸ ਟ੍ਰੇਨ ਹੁਣ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੱਕ ਚੱਲੇਗੀ। ਦੱਸ ਦਈਏ ਕਿ ਟ੍ਰੇਨ ਨੰਬਰ 20973 ਹਰ ਸ਼ਨੀਵਾਰ ਨੂੰ ਸ਼ਾਮ 5:55 ਵਜੇ ਫ਼ਿਰੋਜ਼ਪੁਰ ਕੈਂਟ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਇਆ ਕਰੇਗੀ ਅਤੇ ਸੋਮਵਾਰ ਰਾਤ 9:00 ਵਜੇ ਰਾਮੇਸ਼ਵਰਮ ਰੇਲਵੇ ਸਟੇਸ਼ਨ ਪਹੁੰਚਿਆ ਕਰੇਗੀ।
ਵਾਪਸੀ ਵੇਲੇ ਇਹ ਰੇਲ ਗੱਡੀ ਨੰਬਰ 20974 ਰਾਮੇਸ਼ਵਰਮ ਤੋਂ ਮੰਗਲਵਾਰ ਨੂੰ ਰਾਤ 10.45 ਵਜੇ ਚੱਲੇਗੀ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1.30 ਵਜੇ ਫ਼ਿਰੋਜ਼ਪੁਰ ਕੈਂਟ ਪਹੁੰਚੇਗੀ। ਇਹ ਰੇਲਗੱਡੀ ਇੱਕ ਹਫ਼ਤੇ ਵਿੱਚ ਇੱਕ ਯਾਤਰਾ ਕਰੇਗੀ।
ਸ਼ਨੀਵਾਰ ਸ਼ਾਮ ਨੂੰ 5:55 ਵਜੇ ਜਾਇਆ ਕਰੇਗੀ
ਦੱਖਣੀ ਭਾਰਤ ਵੱਲ ਜਾਣ ਦੇ ਚਾਹਵਾਨ ਰੇਲ ਯਾਤਰੀਆਂ ਲਈ ਅੱਜ ਤੱਕ ਮਾਲਵੇ ਦੇ ਕਿਸੇ ਰੇਲਵੇ ਸਟੇਸ਼ਨ ਤੱਕ ਇੱਕ ਵੀ ਰੇਲਗੱਡੀ ਉਪਲਬਧ ਨਹੀਂ ਸੀ। ਹੁਣ ਇਸ ਟ੍ਰੇਨ ਦੇ ਚੱਲਣ ਨਾਲ ਮਾਲਵੇ ਦੇ ਲੋਕ ਸਿੱਧੇ ਦੱਖਣੀ ਭਾਰਤ ਨਾਲ ਜੁੜ ਸਕਣਗੇ ਅਤੇ ਹਿੰਦੂ ਧਾਰਮਿਕ ਸਥਾਨ ਰਾਮੇਸ਼ਵਰਮ ਤੱਕ ਆਸਾਨੀ ਨਾਲ ਪਹੁੰਚ ਸਕਣਗੇ। ਫਿਲਹਾਲ ਇਹ ਟ੍ਰੇਨ ਹਫਤੇ ‘ਚ ਸਿਰਫ ਇੱਕ ਵਾਰ ਚਲਾਈ ਜਾ ਰਹੀ ਹੈ ਜੇਕਰ ਯਾਤਰੀਆਂ ਦੀ ਗਿਣਤੀ ਵਧਦੀ ਹੈ ਤਾਂ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ।
ਕੋਟਕਪੂਰਾ ‘ਚ ਰੇਲ ਗੱਡੀ ਦੇ ਸਟਾਪੇਜ ਦੀ ਮੰਗ
ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਸੁਨੀਤਾ ਗਰਗ ਨੇ ਕਿਹਾ ਕਿ ਹਫਤਾਵਾਰੀ ਰੇਲ ਸੇਵਾ ਸ਼ੁਰੂ ਹੋਣ ਨਾਲ ਆਮ ਲੋਕਾਂ ਨੂੰ ਧਾਰਮਿਕ ਸਥਾਨਾਂ ‘ਤੇ ਪ੍ਰਭੂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਦੱਖਣੀ ਭਾਰਤ ਨਾਲ ਜੁੜਨ ਨਾਲ ਵਪਾਰ ਨੂੰ ਵੀ ਹੁਲਾਰਾ ਮਿਲੇਗਾ। ਕੋਟਕਪੂਰਾ ਵਿਖੇ ਰੇਲ ਦਾ ਸਟਾਪੇਜ ਯਕੀਨੀ ਬਣਾਉਣ ਲਈ ਪਾਰਟੀ ਹਾਈਕਮਾਂਡ ਰਾਹੀਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮੰਗ ਪੱਤਰ ਭੇਜਿਆ ਜਾਵੇਗਾ। ਹੁਣ ਵੇਖਣ ਵਾਲੀ ਗੱਲ੍ਹ ਇਹ ਹੈ ਕਿ ਕੇਂਦਰ ਸਰਕਾਰ ਕੋਟਕਪੂਰਾ ਨੂੰ ਰੇਲਵੇ ਸਟਾਪੇਡ ਦਿੰਦੀ ਹੈ ਜਾਂ ਨਹੀਂ।