Hola Mohalla: ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਨਗਾੜਿਆਂ ਦੀ ਚੋਟ ਨਾਲ ਹੋਵੇਗੀ ਜੋੜ ਮੇਲੇ ਦੀ ਆਰੰਭਤਾ
Jod Mela : ਹੋਲੇ ਮਹੱਲੇ ਦੇ ਦੂਜੇ ਪੜਾਅ ਵਿਚ ਛੇ ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਵੇਰੇ ਨੌਂ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ । ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮਾਂ ਦੀ ਆਰੰਭਤਾ ਵੀ ਕੀਤੀ ਜਾਵੇਗੀ ਜੋ ਅੱਠ ਮਾਰਚ ਸ਼ਾਮ ਤੱਕ ਚੱਲਣਗੇ। ਅੱਠ ਮਾਰਚ ਦੁਪਹਿਰ 12 ਵਜੇ ਮਹੱਲਾ ਕੱਢਿਆ ਜਾਵੇਗਾ।

ਸ੍ਰੀ ਅਨੰਦਪੁਰ ਸਾਹਿਬ: ਖ਼ਾਲਸਾ ਪੰਥ ਦੇ ਜਾਹੋ-ਜਲਾਲ ਦੇ ਪ੍ਰਤੀਕ ਸਾਲਾਨਾ ਛੇ ਦਿਨਾਂ ਕੌਮੀ ਜੋੜ ਮੇਲਾ ਹੋਲਾ-ਮਹੱਲਾ ਦੀ ਆਰੰਭਤਾ ਵੀਰਵਾਰ ਨੂੰ ਰਾਤ 11 ਵਜੇ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਪੰਜ ਨਗਾਰਿਆਂ ਦੀ ਚੋਟ ਅਤੇ ਜੈਕਾਰਿਆਂ ਦੀ ਗੂੰਜ ਵਿਚ ਹੋਵੇਗੀ। ਜੋੜ ਮੇਲੇ ਦੀ ਅਗਵਾਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਹੋਰ ਉਘੀਆਂ ਪੰਥਕ ਸ਼ਖਸੀਅਤਾਂ ਕਰਨਗੀਆਂ। ਬੀਤੇ ਦਿਨ ਇੱਥੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਹੋਲਾ ਮਹੱਲਾ ਦੇ ਪ੍ਰਬੰਧਾਂ ਨੂੰ ਲੈ ਕੇ ਹੋਈ ਮੀਟਿੰਗ ਚ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਦੀ ਆਰੰਭਤਾ ਨੂੰ ਪੂਰੀ ਸ਼ਾਨੋ, ਸ਼ੌਕਤ ਨਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।