ਪੰਜਾਬ ਚ ਗਰਮ ਖਿਆਲੀਆਂ ਦੇ ਨਿਸ਼ਾਨੇ ਤੇ ਹਿੰਦੂ ਆਗੂ
ਪੰਜਾਬ ਚ ਪਿਛਲੇ ਕੁੱਝ ਸਮੇਂ ਤੋਂ ਵਾਪਰ ਰਹੀਆਂ ਘਟਨਾਵਾਂ ਦੌਰਾਨ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਹ ਸੂਬੇ ਦੀ ਅਮਨ ਸ਼ਾਂਤੀ ਲਈ ਖਤਰਾ ਹੈ
ਪੰਜਾਬ ਚ ਲੰਘੇ ਸਮੇਂ ਦੌਰਾਨ ਲਗਾਤਾਰ ਹਿੰਦੂ ਸੰਗਠਨਾਂ ਦੇ ਪ੍ਰਮੁੱਖ ਆਗੂਆਂ ਦੇ ਹੋਏ ਕਤਲ ਪੰਜਾਬ ਸਰਕਾਰ ਲਈ ਸਿਰਦਰਦੀ ਬਣੇ ਹੋਏ ਹਨ। ਮੌਜੂਦਾ ਸਮੇਂ ਚ ਪੰਜਾਬ ਸਰਕਾਰ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿ ਹਿੰਦੂ ਸੰਗਠਨਾਂ ਦੇ ਆਗੂਆਂ ਦੀ ਸੁਰੱਖਿਆ ਕਿਸ ਤਰ੍ਹਾਂ ਨਾਲ ਯਕੀਨੀ ਬਣਾਈ ਜਾਵੇ। ਇਸ ਤਰਾਂ ਦੀਆਂ ਘਟਨਾਵਾਂ ਨੂੰ ਬੇਸ਼ੱਕ ਇੱਕ ਵਰਗ ਦੇ ਲੋਕ ਅੰਜਾਮ ਦੇ ਰਹੇ ਹਨ ਪ੍ਰੰਤੂ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਹਿੰਦੂ ਸਿੱਖ ਭਾਈਚਾਰਾ ਖਤਰੇ ਵਿੱਚ ਹੈ। ਪੰਜਾਬ ਵਿੱਚ ਜਦੋਂ ਮੌਜੂਦਾ ਸਰਕਾਰ ਨੇ ਸੱਤਾ ਸੰਭਾਲੀ ਤਾਂ ਪਟਿਆਲਾ ਚ ਕਾਲੀ ਮਾਤਾ ਮੰਦਰ ਨੇੜੇ ਦੋ ਧੜਿਆਂ ਚ ਖੂਨੀ ਸੰਘਰਸ਼ ਹੋਇਆ।
ਕੁੱਝ ਸਮਾਂ ਪਹਿਲਾਂ ਸ਼ਿਵ ਸੈਨਾ ਦੇ ਪ੍ਰਮੁੱਖ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੇ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਬੁਲਟ ਪਰੂਫ ਬੈਕਟਾਂ ਦੇ ਕੇ ਸੁਰੱਖਿਆ ਕਰਮੀ ਤਾਇਨਾਤ ਕੀਤੇ ਸੀ ਪਰ ਬਾਵਜੂਦ ਇਸਦੇ ਹਿੰਦੂ ਆਗੂਆਂ ਨੂੰ ਲਗਾਤਾਰ ਜਾਨੋ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ।
ਕੌਣ ਕਰ ਰਿਹਾ ਹੈ ਪੰਜਾਬ ਦਾ ਮਾਹੌਲ ਖ਼ਰਾਬ
ਪੰਜਾਬ ਅੰਦਰ ਹਿੰਦੂ ਸੰਗਠਨਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਹਿੰਦੂ ਅਤੇ ਸਿੱਖ ਟਕਰਾਅ ਦਾ ਮਾਹੌਲ ਕਈ ਵਾਰ ਪੈਦਾ ਹੋ ਚੁੱਕਾ ਹੈ ਕਿਉਂਕਿ ਜਦੋਂ ਹਿੰਦੂ ਆਗੂ ਸੁਧੀਰ ਸੂਰੀ ਦਾ ਕਤਲ ਹੋਇਆ ਸੀ ਇਸਤੋਂ ਬਾਅਦ ਜਿਥੇ ਸੁਧੀਰ ਸੂਰੀ ਦੇ ਸਮਰਥਕਾਂ ਦਾ ਬਿਆਨ ਸਾਹਮਣੇ ਆਇਆ ਸੀ ਕਿ ਅਸੀਂ ਸਿੱਖਾਂ ਨੂੰ ਮਾਰਾਂਗੇ ਉਥੇ ਹੀ ਦੂਸਰੇ ਪਾਸੇ ਨਹਿੰਗ ਸਿੰਘਾਂ ਨੇ ਵੀ ਸੂਰੀ ਦਾ ਕਤਲ ਕਰਨ ਵਾਲੇ ਕਾਤਲ ਦੇ ਘਰ ਵਿਚ ਆ ਕੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਸੀ।
ਇਸ ਸਭ ਵਿਚਕਾਰ ਉਸ ਸਮੇਂ ਸੂਬੇ ਚ ਨਵੀਂ ਚਰਚਾ ਛਿੜ ਗਈ ਜਦੋਂ ਸੂਰੀ ਦਾ ਕਤਲ ਵਾਲੇ ਸਿੱਖ ਨੌਜਵਾਨ ਨੂੰ 10 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਵਿਦੇਸ਼ ਚ ਬੈਠੇ ਗੁਰਪਤਵੰਤ ਪਨੂੰ ਨੇ ਕੀਤਾ। ਪਨੂੰ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਅਸੀਂ ਉਸ ਸਿੱਖ ਨੌਜਵਾਨ ਨੂੰ ਕਾਨੂੰਨੀ ਲੜਾਂਈ ਲੜਨ ਲਈ ਇਹ ਸਹਾਇਤਾ ਰਾਸ਼ੀ ਦੇ ਰਹੇ ਹਾਂ।
ਸੂਬੇ ਦੇ ਹਿੰਦੂ ਆਗੂਆਂ ਨੂੰ ਮਿਲ ਰਹੀਆਂ ਹਨ ਧਮਕੀਆਂ
ਮੌਜੂਦਾ ਸਮੇਂ ਵਿਚ ਵੀ ਪੰਜਾਬ ਦੇ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਧਮਕੀਆਂ ਉਨ੍ਹਾਂ ਨੂੰ ਪ੍ਰਾਈਵੇਟ ਅਤੇ ਵਿਦੇਸ਼ੀ ਨੰਬਰਾਂ ਤੋਂ ਮਿਲ ਰਹੀਆਂ ਹਨ। ਸੂਰੀ ਕਤਲ ਕੇਸ ਤੋਂ ਬਾਅਦ ਵੀ ਪੰਜਾਬ ਵਿੱਚ ਕਰੀਬ ਅੱਧਾ ਦਰਜਨ ਹਿੰਦੂ ਆਗੂਆਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ।
ਇਹ ਵੀ ਪੜ੍ਹੋ
ਇਥੇ ਇਹ ਵੀ ਜਿਕਰਯੋਗ ਹੈ ਕਿ ਸੂਬੇ ਅੰਦਰ ਲੰਘੇ ਸਮੇਂ ਦੌਰਾਨ ਹਿੰਦੂ ਆਗੂਆਂ ਤੇ ਹੋਏ ਹਮਲਿਆਂ ਚ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਲੱਗੇ ਹਨ ਕਿਉਂਕਿ ਸੂਰੀ ਦੇ ਕਤਲ ਮੌਕੇ ਮੌਜੂਦ ਸੁਰੱਖਿਆ ਗਾਰਡਾਂ ਵਲੋਂ ਜਵਾਬੀ ਕਾਰਵਾਈ ਚ ਕੋਈ ਫਾਇਰ ਨਾ ਕਰਨਾ ਪੰਜਾਬ ਪੁਲਿਸ ਦੀ ਮੁਸਤੈਦੀ ਤੇ ਸਵਾਲ ਖੜੇ ਕਰਦਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਜਿਨ੍ਹਾਂ ਹਿੰਦੂ ਆਗੂਆਂ ਨੂੰ ਹੁਣ ਧਮਕੀਆਂ ਮਿਲ ਰਹੀਆਂ ਹਨ ਉਨ੍ਹਾਂ ਨੂੰ ਵੀ ਪੰਜਾਬ ਸਰਕਾਰ ਵਲੋਂ ਬੁਲੇਟ ਪਰੂਫ ਜਾਕੇਟਾਂ ਸਮੇਤ ਸੁਰੱਖਿਆ ਗਾਰਡ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਅਤੇ ਸੂਬੇ ਦਾ ਮਾਹੌਲ ਖਰਾਬ ਨਾ ਹੋਣੇ।