ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਚ ਡ੍ਰੋਨ ਸ਼ੋਅ, 500 ਡ੍ਰੋਨਾਂ ਨੇ ਮੋਹਿਆ ਸੰਗਤ ਦਾ ਮਨ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀ ਇਤਿਹਾਸਕ ਆਮਦ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਉਲੀਕੇ ਗਏ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਤਹਿਤ ਜਲੰਧਰ ਛਾਉਣੀ ਹਲਕੇ ਅਧੀਨ ਪੈਂਦੇ ਪਿੰਡ ਧੀਣਾ ਵਿਖੇ ਇੱਕ ਅਲੌਕਿਕ ਅਤੇ ਸ਼ਾਨਦਾਰ ਲਾਈਟ ਐਂਡ ਸਾਊਂਡ ਡ੍ਰੋਨ ਸ਼ੋਅ ਕਰਵਾਇਆ ਗਿਆ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀ ਇਤਿਹਾਸਕ ਆਮਦ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਉਲੀਕੇ ਗਏ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਤਹਿਤ ਜਲੰਧਰ ਛਾਉਣੀ ਹਲਕੇ ਅਧੀਨ ਪੈਂਦੇ ਪਿੰਡ ਧੀਣਾ ਵਿਖੇ ਇੱਕ ਅਲੌਕਿਕ ਅਤੇ ਸ਼ਾਨਦਾਰ ਲਾਈਟ ਐਂਡ ਸਾਊਂਡ ਡ੍ਰੋਨ ਸ਼ੋਅ ਕਰਵਾਇਆ ਗਿਆ। ਇਸ ਰੂਹਾਨੀ ਸਮਾਗਮ ਵਿੱਚ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਲੰਧਰ ਕੈਂਟ ਦੀਪਕ ਬਾਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਮੰਗਲ ਸਿੰਘ ਬੱਸੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਅਸਮਾਨ ਵਿੱਚ 500 ਡ੍ਰੋਨਾਂ ਨੇ ਉਲੀਕਿਆ ਗੁਰੂ ਜੀ ਦਾ ਜੀਵਨ ਫ਼ਲਸਫ਼ਾ
ਪਿੰਡ ਧੀਣਾ ਦੇ ਫੁੱਟਬਾਲ ਮੈਦਾਨ ਵਿਖੇ ਕਰਵਾਏ ਗਏ ਇਸ ਦਿਲਕਸ਼ ਪ੍ਰਦਰਸ਼ਨ ਦੌਰਾਨ ਹਨੇਰੀ ਰਾਤ ਵੇਲੇ ਆਸਮਾਨ ਅੰਦਰ ਇੱਕੋ ਸਮੇਂ ਉੱਡੇ 500 ਅਤਿ-ਆਧੁਨਿਕ ਡ੍ਰੋਨਾਂ ਨੇ ਵੱਖ-ਵੱਖ ਰੰਗਾਂ ਅਤੇ ਆਕਾਰਾਂ ਦੀਆਂ ਮਨਮੋਹਕ ਬਣਤਰਾਂ ਬਣਾ ਕੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਨ੍ਹਾਂ ਡ੍ਰੋਨਾਂ ਜ਼ਰੀਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਬਿਰਤਾਂਤ, ਉਨ੍ਹਾਂ ਦੇ ਕ੍ਰਾਂਤੀਕਾਰੀ ਦਰਸ਼ਨ, ਬੇਗਮਪੁਰਾ ਸ਼ਹਿਰ ਦੇ ਵਿਲੱਖਣ ਸੰਕਲਪ, ਆਪਸੀ ਭਾਈਚਾਰਕ ਸਾਂਝ, ਦਇਆ ਅਤੇ ਸਮਾਜਿਕ ਬਰਾਬਰੀ ਦੇ ਸਦੀਵੀ ਸੰਦੇਸ਼ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ। ਸਮਾਗਮ ਵਿੱਚ ਪੁੱਜੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਲਈ ਇਹ ਪੇਸ਼ਕਾਰੀ ਆਧੁਨਿਕ ਵਿਗਿਆਨਕ ਤਕਨੀਕ, ਅਧਿਆਤਮਿਕ ਰੰਗਤ ਅਤੇ ਰੂਹਾਨੀ ਬਿਰਤਾਂਤ ਦਾ ਬੇਮਿਸਾਲ ਸੁਮੇਲ ਸਾਬਤ ਹੋਈ।
ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਸਿਧਾਂਤਾਂ ਨਾਲ ਜੋੜਨ ਦਾ ਵੱਡਾ ਯਤਨ: ਦੀਪਕ ਬਾਲੀ
ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੀਪਕ ਬਾਲੀ ਨੇ ਆਖਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ ਕਾਇਨਾਤ ਨੂੰ ਊਚ-ਨੀਚ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਬਰਾਬਰੀ, ਮਾਨਵਤਾ, ਕਿਰਤ ਕਰਨ, ਸੁੱਚੇ ਆਚਰਣ ਅਤੇ ਸਾਂਝੀਵਾਲਤਾ ਦਾ ਰਸਤਾ ਦਿਖਾਇਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦਾ ਇਹ ਨਿਵੇਕਲਾ ਉਪਰਾਲਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀਆਂ ਅਮਰ ਸਿੱਖਿਆਵਾਂ ਅਤੇ ਉਨ੍ਹਾਂ ਦੀ ਮਹਾਨ ਵਿਰਾਸਤ ਨਾਲ ਜੋੜਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਸ੍ਰੀ ਬਾਲੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 650ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਨੂੰ ਵਿਸ਼ਾਲ ਪੱਧਰ ‘ਤੇ ਮਨਾਉਣ ਲਈ ਪੰਜਾਬ ਭਰ ਵਿੱਚ ਗੁਰਮਤਿ ਸਮਾਗਮ, ਕੀਰਤਨ ਦਰਬਾਰ, ਵਿਸ਼ੇਸ਼ ਸੈਮੀਨਾਰ, ਦਸਤਾਵੇਜ਼ੀ ਫ਼ਿਲਮਾਂ ਦੀ ਸਕ੍ਰੀਨਿੰਗ ਅਤੇ ਮੈਰਾਥਨ ਵਰਗੇ ਅਹਿਮ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਾਰੇ ਸਮਾਗਮਾਂ ਦਾ ਮੁੱਖ ਉਦੇਸ਼ ਇਹੀ ਹੈ ਕਿ ਗੁਰੂ ਸਾਹਿਬ ਦਾ ਕਲਿਆਣਕਾਰੀ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਨੌਜਵਾਨਾਂ ਨੂੰ ਖ਼ਾਸ ਤੌਰ ‘ਤੇ ਅਪੀਲ ਕੀਤੀ ਕਿ ਉਹ ਇੱਕ ਜਾਤ-ਪਾਤ ਰਹਿਤ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਗੁਰੂ ਜੀ ਦੁਆਰਾ ਦਰਸਾਏ ਪਵਿੱਤਰ ਮਾਰਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ।
ਕੰਠ ਕਲੇਰ ਨੇ ਧਾਰਮਿਕ ਪੇਸ਼ਕਾਰੀਆਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ
ਸਮਾਗਮ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਪ੍ਰਸਿੱਧ ਸੂਫ਼ੀ ਅਤੇ ਲੋਕ ਗਾਇਕ ਕੰਠ ਕਲੇਰ ਨੇ ਆਪਣੀ ਬੁਲੰਦ ਤੇ ਸੁਰੀਲੀ ਆਵਾਜ਼ ਵਿੱਚ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਉਨ੍ਹਾਂ ਨੇ ਆਪਣੀਆਂ ਧਾਰਮਿਕ ਪੇਸ਼ਕਾਰੀਆਂ ਰਾਹੀਂ ਸੰਗਤਾਂ ਨੂੰ ਰੂਹਾਨੀਅਤ ਦੇ ਰੰਗ ਵਿੱਚ ਰੰਗਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਫ਼ਲਸਫ਼ੇ ਨਾਲ ਜੋੜਿਆ।
ਇਹ ਵੀ ਪੜ੍ਹੋ
ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਇਸ ਇਤਿਹਾਸਕ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਟੇਟ ਸਕੱਤਰ ਜਾਰਜ ਸਾਗਰ, ਹਲਕਾ ਜਲੰਧਰ ਕੈਂਟ ਦੇ ਕੁਆਰਡੀਨੇਟਰ ਬਚਿੱਤਰ ਕੁਲਾਰ, ਵਾਰਡ ਨੰਬਰ 15 ਦੇ ਕੌਂਸਲਰ ਰਾਜੇਸ਼ ਭੱਟੀ, ਵਾਰਡ ਨੰਬਰ 14 ਦੇ ਕੌਂਸਲਰ ਮੋਂਟੂ ਸੱਭਰਵਾਲ, ਵਾਰਡ ਨੰਬਰ 13 ਦੇ ਕੌਂਸਲਰ ਸੁਰਿੰਦਰ ਸਾਂਪਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਇਨ੍ਹਾਂ ਤੋਂ ਇਲਾਵਾ ਪਿੰਡ ਬੰਬੀਆਵਾਲ ਦੇ ਸਰਪੰਚ ਮੁਖ਼ਤਿਆਰ ਸਿੰਘ, ਪਿੰਡ ਭੋਡੇ ਸਭਰਾਵਾਂ ਦੇ ਸਰਪੰਚ ਸਤਨਾਮ ਸਿੰਘ, ਪਿੰਡ ਜਮਸ਼ੇਰ ਦੇ ਸਰਪੰਚ ਗੁਰਿੰਦਰ ਸਿੰਘ, ਸਰਹਾਲੀ ਦੇ ਸਰਪੰਚ ਹਰਮੇਸ਼ ਲਾਲ, ਲਖਨਪਾਲ ਦੇ ਸਰਪੰਚ ਕਸ਼ਮੀਰ ਚੰਦ, ਚੌਲਾਂਗ ਦੇ ਸਰਪੰਚ ਬੂਟਾ ਸਿੰਘ, ਧਨਾਲ ਦੇ ਸਰਪੰਚ ਨਰਿੰਦਰ, ਕਾਸਮਪੁਰ ਦੇ ਸਰਪੰਚ ਬਲਦੇਵ ਕੁਮਾਰ, ਬਲਾਕ ਸਮਿਤੀ ਜੰਡਿਆਲਾ ਦੇ ਚੇਅਰਮੈਨ ਮੱਖਣ ਪੱਲਣ, ਬਲਾਕ ਸਮਿਤੀ ਮੈਂਬਰ ਕਮਲਜੀਤ, ਪਿੰਡ ਫੁਲੜੀਵਾਲ ਦੇ ਸਰਪੰਚ ਸੁਖਵਿੰਦਰ ਸਿੰਘ, ਸਰਹਾਲੀ ਬਲਾਕ ਪ੍ਰਧਾਨ ਭਿੰਦਾ, ਬਰਸਾਲ ਦੇ ਸਰਪੰਚ ਵਿਜੇ, ਪਿੰਡ ਧਨੀ ਦੇ ਸਾਬਕਾ ਸਰਪੰਚ ਗੁਰਮੀਤ ਰਾਮ, ਡਾ. ਕਰਨ, ਗੋਰਾ ਚਿਤਿਆਣੀ, ਸੋਨੂੰ ਜਮਸ਼ੇਰ ਸਮੇਤ ਪਿੰਡ ਚੰਨਣਪੁਰ ਅਤੇ ਨਾਨਕਪਿੰਡੀ ਦੇ ਪੰਚ-ਸਰਪੰਚ ਅਤੇ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
