ਗੁਰਦੁਆਰਾ ਸੁਧਾਰ ਲਹਿਰ ਭਾਗ ਦੂਜੇ ਦਾ ਐਲਾਨ, ‘ਪੁਨਰ ਸੁਰਜੀਤ’ ਨੇ ਲਗਾਏ ਗੰਭੀਰ ਇਲਜ਼ਾਮ
ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ 2 ਦਸੰਬਰ 2024 ਦੇ ਹੁਕਮਨਾਮਾ ਸਾਹਿਬ ਦੀ ਰੌਸ਼ਨੀ 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਂਦ 'ਚ ਆਇਆ, ਤਾਂ ਗੁਰੂ-ਘਰਾਂ ਦੇ ਪ੍ਰਬੰਧ 'ਚ ਸੁਧਾਰ ਲਿਆਉਣ ਹਿੱਤ ਇੱਕ ਵਿਸ਼ੇਸ਼ ਵਿਜ਼ਨ ਤਿਆਰ ਕੀਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਯੂਥ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੌਜੂਦਾ ਪ੍ਰਬੰਧਾਂ ਅਤੇ ਲੀਡਰਸ਼ਿਪ ਵਿਰੁੱਧ ਤਿੱਖਾ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਪੰਥਕ ਸੰਸਥਾਵਾਂ ਨੂੰ ਮੌਜੂਦਾ ਗਿਰਾਵਟ ‘ਚੋਂ ਕੱਢਣ ਲਈ ਗੁਰਦੁਆਰਾ ਸੁਧਾਰ ਲਹਿਰ ਭਾਗ ਦੂਜਾ ਆਰੰਭਣ ਦਾ ਸਮਾਂ ਆ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 13-ਨੁਕਾਤੀ ਪ੍ਰੋਗਰਾਮ ਦਾ ਐਲਾਨ
ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ 2 ਦਸੰਬਰ 2024 ਦੇ ਹੁਕਮਨਾਮਾ ਸਾਹਿਬ ਦੀ ਰੌਸ਼ਨੀ ‘ਚ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਂਦ ‘ਚ ਆਇਆ, ਤਾਂ ਗੁਰੂ-ਘਰਾਂ ਦੇ ਪ੍ਰਬੰਧ ‘ਚ ਸੁਧਾਰ ਲਿਆਉਣ ਹਿੱਤ ਇੱਕ ਵਿਸ਼ੇਸ਼ ਵਿਜ਼ਨ ਤਿਆਰ ਕੀਤਾ ਗਿਆ ਸੀ।
ਇਸ ਵਿਜ਼ਨ ਤਹਿਤ 13-ਨੁਕਾਤੀ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਬਹਾਲ ਕਰਨਾ, ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਸੇਵਾ-ਮੁਕਤੀ ਦੇ ਸਤਿਕਾਰਤ ਨਿਯਮ ਬਣਾਉਣਾ ਤੇ ਧਾਰਮਿਕ ਪ੍ਰਬੰਧ ਨੂੰ ਬਾਦਲ ਪਰਿਵਾਰ ਦੇ ਨਿੱਜੀ ਪ੍ਰਭਾਵ ਤੋਂ ਮੁਕਤ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅੱਜ ਪੰਥ ਦੀ ਜ਼ਮੀਰ ਵਾਲੀਆਂ ਸਮੂਹ ਸੰਸਥਾਵਾਂ ਨੂੰ ਹੋਕਾ ਦਿੱਤਾ ਜਾ ਰਿਹਾ ਹੈ ਕਿ ਉਹ ਇਕੱਠੇ ਹੋ ਕੇ ਇਸ ਦੂਜੀ ਸੁਧਾਰ ਲਹਿਰ ਦਾ ਹਿੱਸਾ ਬਣਨ।
ਸਰਾਂ ਕਾਂਡ ਤੇ ਗੰਭੀਰ ਵਿੱਤੀ ਬੇਨਿਯਮੀਆਂ ਦੇ ਦੋਸ਼
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਤਲਵੰਡੀ ਨੇ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ‘ਚ ਵਾਪਰੇ ਘਟਨਾਕ੍ਰਮ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਗੁਰੂ-ਘਰ ‘ਚ ਆਉਣ ਵਾਲੀਆਂ ਸੰਗਤਾਂ ਤੇ ਮਾਈ-ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਰਹਿ ਰਹੀ, ਜੋ ਕਿ ਸਿੱਖ ਕੌਮ ਦੇ ਸੁਨਹਿਰੀ ਇਤਿਹਾਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਕਮਰਿਆਂ ਨਾਲ ਲੱਗਦੇ ਕਮਰਿਆਂ ‘ਚ ਲੰਮੇ ਸਮੇਂ ਤੱਕ ਇਤਰਾਜ਼ਯੋਗ ਗਤੀਵਿਧੀਆਂ ਚੱਲਦੀਆਂ ਰਹੀਆਂ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਤੋਂ ਅਣਜਾਣ ਬਣੇ ਰਹੇ।
ਇਸ ਤੋਂ ਇਲਾਵਾ, ਤਲਵੰਡੀ ਨੇ ਪੰਜਾਬ ਨੈਸ਼ਨਲ ਬੈਂਕ (PNB) ਦੇ ਖ਼ਾਤੇ (ਜਿਸਦੇ ਆਖ਼ਰੀ ਅੰਕ 243 ਹਨ) ਦਾ ਹਵਾਲਾ ਦਿੰਦਿਆਂ ਇਲਜ਼ਾਮ ਲਾਇਆ ਕਿ 23 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਦੇ ਖ਼ਜ਼ਾਨੇ ‘ਚੋਂ 1 ਲੱਖ ਰੁਪਏ NEFT ਰਾਹੀਂ ਇੱਕ ਖ਼ਾਸ ਮਹਿਲਾ ਦੇ ਖ਼ਾਤੇ ‘ਚ ਪਾਏ ਗਏ। ਉਨ੍ਹਾਂ ਸਵਾਲ ਕੀਤਾ ਕਿ ਇਹ ਪੈਸਾ ਕਿਸ ਸੇਵਾ ਬਦਲੇ ਦਿੱਤਾ ਗਿਆ, ਜਦੋਂ ਕਿ ਬੰਦੀ ਸਿੰਘਾਂ ਦੇ ਕੇਸ ਲੜਨ ਵਾਲੇ ਵਕੀਲਾਂ ਤੇ ਸਿੱਖ ਨੌਜਵਾਨਾਂ ਦੀ ਪੜ੍ਹਾਈ ਲਈ ਕਮੇਟੀ ਵੱਲੋਂ ਫ਼ੰਡਾਂ ਦੀ ਘਾਟ ਦਾ ਬਹਾਨਾ ਬਣਾਇਆ ਜਾਂਦਾ ਹੈ।ਸੁਖਬੀਰ ਬਾਦਲ ‘ਤੇ ਨਿਸ਼ਾਨਾ
ਤਲਵੰਡੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਛੋਟੇ ਮੁਲਾਜ਼ਮਾਂ ਜਾਂ ਡਰਾਈਵਰਾਂ ਨੂੰ ਮੁਅੱਤਲ ਕਰਕੇ ਮਾਮਲੇ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਇਸ ਸਮੁੱਚੇ ਮਾਮਲੇ ਦਾ ਮੁੱਖ ਸਾਜ਼ਿਸ਼ਘਾੜਾ ਅਤੇ ਲਾਭਪਾਤਰੀ ਗਰਦਾਨਿਆ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਜਾਂਚ ਲਈ ਆਪਣੇ ਹੀ ਬੰਦਿਆਂ ਦੀ ਕਮੇਟੀ ਬਣਾ ਕੇ ਮਹਿਜ਼ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ, ਜਦਕਿ ਨਿਰਪੱਖ ਪੰਥਕ ਸ਼ਖ਼ਸੀਅਤਾਂ ਨੂੰ ਇਸ ਜਾਂਚ ਤੋਂ ਬਾਹਰ ਰੱਖਿਆ ਗਿਆ ਹੈ।
ਭਵਿੱਖੀ ਰਣਨੀਤੀ ਤੇ ਪੱਕੇ ਮੋਰਚੇ ਦੀ ਚੇਤਾਵਨੀ
ਗੁਰਜੀਤ ਸਿੰਘ ਤਲਵੰਡੀ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ 10 ਤੋਂ 11 ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਖ਼ਾਸ ਕਰਕੇ ਅੰਮ੍ਰਿਤਸਰ ਤੇ ਤਰਨ ਤਾਰਨ ਤੋਂ ਨੌਜਵਾਨਾਂ ਤੇ ਸੰਗਤਾਂ ਦੇ ਜਥੇ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਕਰਨਗੇ।
ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਦੋਸ਼ੀਆਂ ਵਿਰੁੱਧ ਕੋਈ ਠੋਸ ਅਤੇ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ (ਤੇਜਾ ਸਿੰਘ ਸਮੁੰਦਰੀ ਹਾਲ) ਦੇ ਬਾਹਰ ਪੱਕਾ ਮੋਰਚਾ ਲਾ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਪੰਥ ਪ੍ਰਸਤ ਨੌਜਵਾਨਾਂ ਨੂੰ ਅੱਗੇ ਆਉਣ ਤੇ SGPC ਦੀਆਂ ਆਮ ਚੋਣਾਂ ਕਰਵਾ ਕੇ ਨਵੀਂ ਤੇ ਯੋਗ ਲੀਡਰਸ਼ਿਪ ਚੁਣਨ ਦੀ ਅਪੀਲ ਕੀਤੀ।
