ਮੁੜ ਰੋਕੀ ਗਈ ਸ੍ਰੀ ਕਰਤਾਰਪੁਰ ਸਾਹਿਬ ‘ਦੀ ਯਾਤਰਾ, ਰਾਵੀ ਦਰਿਆ ‘ਚ ਪਾਣੀ ਵਧਣ ਕਾਰਨ ਲਿਆ ਫੈਸਲਾ, ਸੋਮਵਾਰ ਹੋਵੇਗੀ ਰੀਵਿਊ ਮੀਟਿੰਗ
ਹੜ੍ਹਾਂ ਦੇ ਕਾਰਨ ਸ੍ਰੀ ਕਰਤਾਰ ਸਾਹਿਬ ਦੀ ਯਾਤਰਾ ਮੁੜ ਰੋਕ ਦਿੱਤੀ ਗਈ ਹੈ। ਹੁਣ ਯਾਤਰਾ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ 24 ਜੁਲਾਈ ਯਾਨੀ ਸੋਮਵਾਰ ਨੂੰ ਰੀਵਿਊ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਗੁਰਦਾਸਪੁਰ। ਪਾਕਿਸਤਾਨ ਦੇ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਰਾਵੀ ਦਰਿਆ (Ravi River) ਦਾ ਪਾਣੀ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਭਰਨ ਕਾਰਨ ਜਿੱਥੇ ਆਸ ਪਾਸ ਦੇ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਇਸ ਪਾਣੀ ਨੇ ਲਾਂਘੇ ਦੇ ਰਸਤੇ ਨੂੰ ਵੀਂ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਇਸ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਦੋ ਦਿਨਾਂ ਲਈ ਹੋਰ ਮੁਲਤਵੀ ਕਰ ਦਿੱਤਾ ਗਿਆ ਹੈ। ਲੈਂਡ ਪੋਰਟ ਅਥਾਰਟੀ, ਬੀ.ਐੱਸ.ਐੱਫ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ (Deputy Commissioner) ਡਾ. ਹਿਮਾਂਸ਼ੂ ਅਗਰਵਾਲ ਨੇ ਦਸਿਆ ਕਿ ਯਾਤਰਾ ਨੂੰ ਮੁੜ ਸ਼ੁਰੂ ਕਰਨ ਲਈ ਹੁਣ 24 ਜੁਲਾਈ ਦਿਨ ਸੋਮਵਾਰ ਦੀ ਸ਼ਾਮ ਨੂੰ ਦੁਬਾਰਾ ਰੀਵਿਊ ਕੀਤਾ ਜਾਵੇਗਾ ਕਿਉਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਰਸਤੇ ਨੂੰ ਕੁਝ ਨੁਕਸਾਨ ਪਹੁੰਚਿਆ ਹੈ ਅਤੇ ਅਜੇ ਵੀ ਲਾਂਘੇ ਦੇ ਕੋਲ ਧੁੱਸੀ ਬੰਨ ਦੇ ਨਜ਼ਦੀਕ ਪਾਣੀ ਖੜ੍ਹਾ ਹੈ। ਇਸ ਕਰਕੇ ਸ਼ਰਧਾਲੂਆਂ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਨਹੀਂ ਭੇਜਿਆ ਜਾ ਸਕਦਾ।
ਲਾਂਘੇ ਨੂੰ ਹੋਏ ਨੁਕਸਾਨ ਸਬੰਧੀ ਮੰਗੀ ਰਿਪੋਰਟ
ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ ਰਾਹੀਂ ਪਾਕਿਸਤਾਨੀ ਅਥਾਰਟੀ (Pakistani authorities) ਕੋਲੋਂ ਓਧਰ ਵਾਲੇ ਪਾਸੇ ਲਾਂਘੇ ਦੇ ਹੋਏ ਨੁਕਸਾਨ ਸਬੰਧੀ ਰੀਪੋਰਟ ਮੰਗੀ ਗਈ ਹੈ। ਅਤੇ ਉਹ ਰੀਪੋਰਟ ਆਉਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨ ਹੋਰ ਬਰਸਾਤ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਸ ਕਾਰਨ ਰਾਵੀ ਦਰਿਆ ਵਿੱਚ ਹੋਰ ਪਾਣੀ ਵੀ ਆ ਸਕਦਾ ਹੈ ਅਤੇ ਲਗਾਤਾਰ ਹੋ ਰਹੀ ਬਰਸਾਤ ਕਾਰਨ ਰਾਵੀ ਦਰਿਆ ਵਿੱਚ ਕੱਲ ਦੇ ਮੁਕਾਬਲੇ ਪਾਣੀ ਜਿਆਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਸਥਿਤੀ ਨੂੰ ਦੇਖਦੇ ਹੋਏ ਅਤੇ ਸੰਗਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਯਾਤਰਾ ਨੂੰ ਦੋ ਦਿਨਾਂ ਲਈ ਹੋਰ ਮੁਲਤਵੀ ਕੀਤਾ ਗਿਆ ਹੈ ਅਤੇ ਸੋਮਵਾਰ ਸ਼ਾਮ ਨੂੰ ਯਾਤਰਾ ਸ਼ੁਰੂ ਕਰਨ ਲਈ ਸਾਰੀ ਸਥਿਤੀ ਦਾ ਦੁਬਾਰਾ ਰੀਵਿਊ ਕੀਤਾ ਜਾਵੇਗਾ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ