ਅਸ਼ਵਨੀ ਸੇਖੜੀ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਬਟਾਲਾ ਦੇ ਕਾਂਗਰਸੀਆਂ ਨੇ ਲੱਡੂ ਵੰਡ ਮਨਾਈ ਖੁਸ਼ੀ,ਕਿਹਾ ਬਟਾਲਾ ਕਾਂਗਰਸ ਹੋਈ ਅਜ਼ਾਦ
ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਕਾਂਗਰਸ ਨੂੰ ਅਲਵਿਦਾ ਕਹਿਕੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਨੇ। ਉਨ੍ਹਾਂ ਦੇ ਬੀਜੇਪੀ 'ਚ ਜਾਣ ਨਾਲ ਬਟਾਲਾ ਦੀ ਕਾਂਗਰਸੀ ਲੀਡਰਸ਼ਿਪ ਨੇ ਮਿਠਾਈ ਵੰਡਕੇ ਖੁਸ਼ੀ ਮਨਾਈ। ਤੁਹਾਨੂੰ ਦੱਸ ਦੇਈਏ ਕਿ ਸ਼ੇਖੜੀ ਕਾਂਗਰਸ ਵੱਲੋਂ ਤਿੰਨ ਵਾਰੀ ਵਿਧਾਇਕ ਤੇ ਸਾਬਕਾ ਮੰਤਰੀ ਵੀ ਰਹੇ ਨੇ।
ਗੁਰਦਾਸਪੁਰ। ਜਿਵੇਂ ਹੀ ਬਟਾਲਾ ਤੋਂ ਸੀਨੀਅਰ ਕਾਂਗਰਸੀ ਨੇਤਾ, ਤਿੰਨ ਵਾਰ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਰਹੇ ਅਸ਼ਵਨੀ ਸੇਖੜੀ (Ashwani Sekhari) ਦੇ ਭਾਜਪਾ ਚ ਸ਼ਾਮਿਲ ਹੋਣ ਦੀ ਖਬਰ ਸਾਹਮਣੇ ਆਈ ਤਾਂ ਬਟਾਲਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਕਾਂਗਰਸ ਭਵਨ ਬਟਾਲਾ ਚ ਇਕੱਠੇ ਹੋ ਕੇ ਖੁਸ਼ੀ ਮਨਾਈ ਅਤੇ ਲੱਡੂ ਵੰਡ ਕੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਮੁਬਾਰਕਾਂ ਦਿੱਤੀਆਂ।ਇਸ ਮੌਕੇ ਬਟਾਲਾ ਚ ਅਸ਼ਵਨੀ ਸੇਖੜੀ ਅਤੇ ਤ੍ਰਿਪਤ ਬਾਜਵਾ ਮੰਨੇ ਜਾਂਦੇ ਦੋ ਧੜੇ ਪਹਿਲੀ ਵਾਰ ਇਕ ਮੰਚ ਤੇ ਖੁੱਲ ਕੇ ਨਾਲ ਨਜ਼ਰ ਆਏ।ਸਾਰੀ ਲੀਡਰਸ਼ਿਪ ਵੱਲੋਂ ਗਰਮਜੋਸ਼ੀ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਦੇ ਨਾਅਰੇ ਲਾਏ ਗਏ।
ਗੱਲਬਾਤ ਦੌਰਾਨ ਬਟਾਲਾ ਸਿਟੀ ਕਾਂਗਰਸ (Congress) ਪ੍ਰਧਾਨ ਸੰਜੀਵ ਸ਼ਰਮਾ,ਨਗਰ ਨਿਗਮ ਬਟਾਲਾ ਮੇਅਰ ਸੁੱਖਦੀਪ ਸਿੰਘ ਤੇਜਾ ਨੇ ਸਾਂਝੇ ਤੌਰ ਤੇ ਕਿਹਾ ਕਿ ਅਸ਼ਵਨੀ ਸੇਖੜੀ ਦੇ ਭਾਜਪਾ ਚ ਜਾਣ ਨਾਲ ਕਾਂਗਰਸ ਅਤੇ ਖਾਸਕਰ ਬਟਾਲਾ ਕਾਂਗਰਸ ਨੂੰ ਕੋਈ ਘਾਟਾ ਨਹੀਂ ਪਿਆ ਸਗੋਂ ਕਾਂਗਰਸ ਮਜਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਬਟਾਲਾ ਕਾਂਗਰਸ ਦੀ ਧੜੇਬੰਦੀ ਖ਼ਤਮ ਹੋਈ ਹੈ ਜੋ ਅਸ਼ਵਨੀ ਸੇਖੜੀ ਵੱਲੋਂ ਪਾਈ ਗਈ ਸੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸੇਖੜੀ ਨੂੰ ਬਹੁਤ ਮਾਨ-ਸਨਮਾਨ ਦਿੱਤਾ ਵੱਡੇ ਅਹੁਦੇ ਦਿੱਤੇ ਪਰ ਅੱਜ ਸੇਖੜੀ ਵੱਲੋਂ ਕਿਹਾ ਜਾ ਰਿਹਾ ਹੈ ਮੇਰਾ ਪਾਰਟੀ ਚ ਸਾਹ ਘੁੱਟਦਾ ਸੀ।


