ਰਾਜਪਾਲ ਕਟਾਰੀਆ ਅਨੰਦਪੁਰ ਸਾਹਿਬ ਹੋਏ ਨਤਮਸਤਕ, ਜਥੇਦਾਰ ਗੜਗੱਜ ਨੇ ਗੰਭੀਰ ਮੁੱਦਿਆ ‘ਤੇ ਕੀਤੀ ਚਰਚਾ

raj-kumar
Updated On: 

12 Jul 2025 08:19 AM

Gulab Chand Kataria: ਮੀਟਿੰਗ ਦੌਰਾਨ ਰਾਜਪਾਲ ਕਟਾਰੀਆ ਤੇ ਜਥੇਦਾਰ ਗੜਗੱਜ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਸਮਾਰੋਹ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ 'ਚ ਸਖ਼ਤ ਕਾਨੂੰਨ ਬਣਾਉਣ, ਚਮਕੌਰ ਸਾਹਿਬ ਅਤੇ ਮੱਤੇਵਾੜਾ ਜੰਗਲ ਦੇ ਨੇੜੇ ਪੇਪਰ ਫੈਕਟਰੀ ਦੇ ਆਲੇ-ਦੁਆਲੇ ਰਹਿ ਰਹੇ ਗਰੀਬ ਪਰਿਵਾਰਾਂ ਦਾ ਉਜਾੜਾ, ਪੰਜਾਬ ਵਿੱਚ ਪੁਲਿਸ ਮੁਕਾਬਲੇ, ਧਰਮ ਪਰਿਵਰਤਨ ਆਦਿ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ।

ਰਾਜਪਾਲ ਕਟਾਰੀਆ ਅਨੰਦਪੁਰ ਸਾਹਿਬ ਹੋਏ ਨਤਮਸਤਕ, ਜਥੇਦਾਰ ਗੜਗੱਜ ਨੇ ਗੰਭੀਰ ਮੁੱਦਿਆ ਤੇ ਕੀਤੀ ਚਰਚਾ
Follow Us On

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੀਤ ਕੱਲ੍ਹ ਯਾਨੀ 11 ਜੁਲਾਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਕਟਾਰੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਉਨ੍ਹਾਂ ਦੇ ਨਿਵਾਸ ਦਫ਼ਤਰ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਜਥੇਦਾਰ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਰਾਜਪਾਲ ਕਟਾਰੀਆ ਨੂੰ ਸਿਰੋਪਾ, ਲੋਈ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਤਸਵੀਰ ਭੇਂਟ ਕੀਤੀ ਗਈ।

ਧਰਮ ਪਰਿਵਰਤਨ, ਮੱਤੇਵਾੜਾ ਜੰਗਲ, ਧਾਰਮਿਕ ਗ੍ਰੰਥਾ ਦੀ ਬੇਅਦਬੀ ਸਮੇਤ ਕਈ ਮੁੱਦਿਆਂ ‘ਤੇ ਚਰਚਾ

ਮੀਟਿੰਗ ਦੌਰਾਨ ਕਟਾਰੀਆ ਤੇ ਜਥੇਦਾਰ ਗੜਗੱਜ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਸਮਾਰੋਹ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ‘ਚ ਸਖ਼ਤ ਕਾਨੂੰਨ ਬਣਾਉਣ, ਚਮਕੌਰ ਸਾਹਿਬ ਅਤੇ ਮੱਤੇਵਾੜਾ ਜੰਗਲ ਦੇ ਨੇੜੇ ਪੇਪਰ ਫੈਕਟਰੀ ਦੇ ਆਲੇ-ਦੁਆਲੇ ਰਹਿ ਰਹੇ ਗਰੀਬ ਪਰਿਵਾਰਾਂ ਦਾ ਉਜਾੜਾ, ਪੰਜਾਬ ਵਿੱਚ ਪੁਲਿਸ ਮੁਕਾਬਲੇ, ਧਰਮ ਪਰਿਵਰਤਨ ਆਦਿ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ।

ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਗੱਲਬਾਤ ਬਹੁਤ ਹੀ ਸੁਹਿਰਦ ਮਾਹੌਲ ‘ਚ ਹੋਈ, ਜਿਸ ਦੌਰਾਨ ਰਾਜਪਾਲ ਨੇ ਉਨ੍ਹਾਂ ਸਾਹਮਣੇ ਉਠਾਏ ਗਏ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਲੋੜੀਂਦੀ ਕਾਰਵਾਈ ਬਾਰੇ ਗੱਲ ਕੀਤੀ। ਜਥੇਦਾਰ ਗੜਗੱਜ ਨੇ ਕਿਹਾ ਕਿ ਰਾਜਪਾਲ ਨੂੰ ਦੱਸਿਆ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਦੇਸ਼ ਅਤੇ ਦੁਨੀਆ ਭਰ ‘ਚ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਉਨ੍ਹਾਂ ਦੇ ਸਿਧਾਂਤਾਂ ਨੂੰ ਢੁਕਵੇਂ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ।

ਸ਼ਹੀਦੀ ਦਿਹਾੜੇ ਤੇ ਮੱਤੇਵਾੜਾ ਪੇਪਰ ਫੈਕਟਰੀ ‘ਤੇ ਗੱਲਬਾਤ

ਰਾਜਪਾਲ ਕਟਾਰੀਆ ਨੂੰ ਸੁਝਾਅ ਦਿੱਤਾ ਗਿਆ ਸੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੇ ਸਲਾਹ-ਮਸ਼ਵਰੇ ਨਾਲ ਮਨਾਇਆ ਜਾਵੇ, ਕਿਉਂਕਿ ਇਹ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਕੇਂਦਰੀ ਧਾਰਮਿਕ ਸੰਸਥਾ ਹੈ ਅਤੇ ਗੁਰਮਤਿ ਸਮਾਗਮਾਂ ‘ਚ ਸਿੱਖ ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਸਿਧਾਂਤਾਂ ਦੀ ਬਿਹਤਰ ਢੰਗ ਨਾਲ ਪ੍ਰਤੀਨਿਧਤਾ ਕਰਦੀ ਹੈ।

ਜਥੇਦਾਰ ਗੜਗੱਜ ਨੇ ਰਾਜਪਾਲ ਸਾਹਮਣੇ ਚਮਕੌਰ ਸਾਹਿਬ ਨੇੜੇ ਪੇਪਰ ਫੈਕਟਰੀ ਦਾ ਮੁੱਦਾ ਵੀ ਉਠਾਇਆ, ਜਿਸਦਾ ਇਲਾਕੇ ਦੇ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਮਹਾਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਨੇੜੇ ਪ੍ਰਦੂਸ਼ਣ ਫੈਲਾਏਗਾ, ਜੋ ਕਿ ਲੋਕਾਂ ਦੀ ਸਿਹਤ ਅਤੇ ਪੰਜਾਬ ਦੇ ਵਾਤਾਵਰਣ, ਹਵਾ ਅਤੇ ਪਾਣੀ ਲਈ ਚੰਗਾ ਨਹੀਂ ਹੈ। ਜਥੇਦਾਰ ਗੜਗੱਜ ਨੇ ਪੰਜਾਬ ਦੇ ਰਾਜਪਾਲ ਸਾਹਮਣੇ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੇੜੇ ਰਹਿਣ ਵਾਲੇ ਗਰੀਬ ਪਰਿਵਾਰਾਂ ਦੇ ਉਜਾੜੇ ਦਾ ਮੁੱਦਾ ਵੀ ਉਠਾਇਆ, ਕਿਉਂਕਿ ਇਹ ਪਰਿਵਾਰ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਹਨ, ਇਸ ਲਈ ਉਨ੍ਹਾਂ ਦਾ ਉਜਾੜਾ ਜਾਇਜ਼ ਨਹੀਂ ਹੈ ਅਤੇ ਮਨੁੱਖੀ ਅਧਿਕਾਰਾਂ ਲਈ ਇੱਕ ਗੰਭੀਰ ਝਟਕਾ ਹੈ, ਜੋ ਕਿ ਪੰਜਾਬ ਦੀ ਪ੍ਰਕਿਰਤੀ ਨਾਲ ਮੇਲ ਨਹੀਂ ਖਾਂਦਾ।

ਬੇਅਦਬੀ ਖਿਲਾਫ਼ ਬਣੇ ਸਖ਼ਤ ਕਾਨੂੰਨ

ਜਥੇਦਾਰ ਗੜਗੱਜ ਨੇ ਰਾਜਪਾਲ ਕਟਾਰੀਆ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਬਣਾਉਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਜੋਤ ਗੁਰੂ ਮੰਨਦੇ ਹਨ ਤੇ ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਇੱਕ ਵਿਸ਼ੇਸ਼ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਸਖ਼ਤ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਇਹ ਕੰਮ ਜਲਦੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਗੁਰੂ ਘਰ ‘ਚ ਹਰ ਸਮੇਂ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।