G-20 Summit ਵਿੱਚ ਪਹੁੰਚੇ ਵਿਦੇਸ਼ੀ ਮਹਿਮਾਨ ਢੋਲ ਦੀ ਥਾਪ `ਤੇ ਭੰਗੜਾ ਪਾਉਣ ਨੂੰ ਹੋਏ ਮਜਬੂਰ

Published: 

16 Mar 2023 16:58 PM

G-20 Summit 2023 ਵਿੱਚ ਹਿੱਸਾ ਲੈਣ ਲਈ ਗੁਰੂ ਨਗਰੀ ਵਿੱਚ ਪਹੁੰਚੇ ਵਿਦੇਸ਼ੀ ਮਹਿਮਾਨ ਪੰਜਾਬ ਦੀ ਅਮੀਰ ਵਿਰਾਸਤ ਦਾ ਰੱਜ ਕੇ ਆਨੰਦ ਮਾਣ ਰਹੇ ਹਨ। ਰੰਗਲੇ ਪੰਜਾਬ ਦੇ ਸੱਭਿਆਚਾਰ ਅਤੇ ਲਜੀਜ ਪਕਵਾਨਾਂ ਨੇ ਇਨ੍ਹਾਂ ਪਰਦੇਸੀਆਂ ਦਾ ਦਿਲ ਜਿੱਤ ਲਿਆ ਹੈ।

G-20 Summit ਵਿੱਚ ਪਹੁੰਚੇ ਵਿਦੇਸ਼ੀ ਮਹਿਮਾਨ ਢੋਲ ਦੀ ਥਾਪ `ਤੇ ਭੰਗੜਾ ਪਾਉਣ ਨੂੰ ਹੋਏ ਮਜਬੂਰ

G-20 Summit ਵਿੱਚ ਪਹੁੰਚੇ ਵਿਦੇਸ਼ੀ ਮਹਿਮਾਨ ਢੋਲ ਦੀ ਥਾਪ `ਤੇ ਭੰਗੜਾ ਪਾਉਣ ਨੂੰ ਹੋਏ ਮਜਬੂਰ।

Follow Us On

ਅੰਮ੍ਰਿਤਸਰ ਨਿਊਜ: ਗੁਰੂ ਨਗਰੀ ਅੰਮ੍ਰਿਤਸਰ ਵਿਖੇ ਚੱਲ ਰਹੇ ਜੀ-20 ਸੰਮੇਲਨ (G-20 Sumit) ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਆਏ ਡੈਲੀਗੇਟਸ ਜਿਥੇ ਆਪਸ ਸਿੱਖਿਆ ਖੇਤਰ ਵਿੱਚ ਹੋਰ ਬਿਹਤਰੀ ਲਈ ਵਿਚਾਰਾਂ ਕਰ ਰਹੇ ਹਨ ਉੱਥੇ ਉਹ ਪੰਜਾਬ ਦੀ ਮਹਿਮਾਨਵਾਜ਼ੀ, ਸੱਭਿਆਚਾਰ ਅਤੇ ਲਜੀਜ ਪਕਵਾਨਾਂ ਦਾ ਵੀ ਭਰਪੂਰ ਲੁਤਫ ਉਠਾ ਰਹੇ ਹਨ। ਬੀਤੀ ਸ਼ਾਮ ਹੋਟਲ ਰੈਡੀਸਨ ਬਲੂ ਵਿਖੇ ਦੂਜੇ ਦੇ ਐਜੂਕੇਸ਼ਨ ਵਰਕਿੰਗ ਗਰੁੱਪਸੈਮੀਨਾਰ (Education Working Group Seminar) ਤੋਂ ਬਾਅਦ ਹੋਟਲ ਦੇ ਵਿਹੜੇ ਵਿੱਚ ਵਿਦੇਸ਼ੀ ਮਹਿਮਾਨਾਂ ਦੀ ਆਓ-ਭਗਤ ਲਈ ਪੰਡਾਲ ਸਜ਼ਾਇਆ ਗਿਆ ਜਿਸ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਣ ਲਈ ਕਲਾਕਾਰਾਂ ਵੱਲੋਂ ਲੋਕ ਸਾਜ਼ਾਂ ਅਤੇ ਲੋਕ ਗੀਤਾਂ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ ਗਈ।

ਲਜੀਜ ਪਕਵਾਨਾਂ ਅਤੇ ਲੋਕ ਸੰਗੀਤ ਦਾ ਮਾਣਿਆ ਆਨੰਦ

ਰਿਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜ਼ੇ ਕਲਾਕਾਰਾਂ ਵੱਲੋਂ ਪੰਜਾਬੀ ਲੋਕ ਸਾਜ਼ ਤੂੰਬੀ, ਅਲਗੋਜ਼ੇ, ਸਾਰੰਗੀ, ਢੋਲ, ਨਗਾਰਾ, ਬੀਨ, ਬਾਊਂਸਰੀ, ਚਿਮਟਾ, ਬੁਗਚੂ, ਛੈਣੇ ਆਦਿ ਰਿਵਾਇਤੀ ਸਾਜ਼ਾਂ ਨਾਲ ਪੰਜਾਬੀ ਲੋਕ ਗਾਇਕੀ ਦੇ ਖੂਬਸੂਰਤ ਰੰਗ ਪੇਸ਼ ਕੀਤੇ ਗਏ। ਢੋਲ ਦੀ ਥਾਪ ਅਤੇ ਵੱਖ-ਵੱਖ ਸਾਜ਼ਾਂ. ਦੀ ਮਨਮੋਹਕ ਧੁੰਨ ਨੇ ਵਿਦੇਸ਼ੀ ਮਹਿਮਾਨਾਂ ਨੂੰ ਭੰਗੜਾ ਪਾਉਣ ਅਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਵਿਦੇਸ਼ੀ ਮਹਿਮਾਨਾਂ ਨੇ ਪੰਜਾਬੀ ਕਲਾਕਾਰਾਂ ਦੇ ਨਾਲ ਭੰਗੜਾ ਅਤੇ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸੇ ਮੌਕੇ ਵਿਦੇਸ਼ੀ ਮਹਿਮਾਨਾਂ ਨੇ ਪੰਜਾਬੀ ਪਕਵਾਨਾਂ ਦੇ ਜਾਇਕੇ ਦਾ ਅਨੰਦ ਲਿਆ।

ਇਸ ਮੌਕੇ ਦੱਖਣੀ ਅਫ਼ਰੀਕਾ ਦੀ ਪ੍ਰਤੀਨਿਧਤਾ ਕਰ ਰਹੇ ਐਲਫਰਡ ਮੈਕਾਗਤੋ, ਡਾਇਰੈਕਟਰ ਇੰਸਟੀਚਿਊਸ਼ਨਲ ਫੰਡਿੰਗ ਨੇ ਪੰਜਾਬ ਦੀ ਮਹਿਮਾਨ ਨਿਵਾਜ਼ੀ ਦੀ ਤਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਖੁੱਲਦਿਲੀ ਬਾਰੇ ਬਹੁਤ ਸੁਣਿਆ ਹੋਇਆ ਸੀ ਅਤੇ ਅੱਜ ਉਨ੍ਹਾਂ ਨੇ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਨੂੰ ਵੇਖ ਵੀ ਲਿਆ ਹੈ। ਇਥੋਂ ਦੇ ਅਮੀਰ ਸੱਭਿਆਚਾਰ ਨੂੰ ਅੱਖੀਂ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਢੋਲ ਦੀ ਥਾਪ ਉਸਨੂੰ ਭੰਗੜਾ ਪਾਉਣ ਤੋਂ ਰੋਕ ਨਾ ਸਕੀ ਅਤੇ ਭੰਗੜਾ ਪਾ ਕੇ ਉਸਨੂੰ ਬਹੁਤ ਵਧੀਆ ਲੱਗਾ ਹੈ।

ਚੀਨ ਦੀ ਰਾਜਧਾਨੀ ਬੀਜਿੰਗ ਤੋਂ ਪਹੁੰਚੇ ਡੈਲੀਗੇਟ ਡਿਊਂਗ ਯੁਆਨ, ਡਿਪਟੀ ਡੀਨ, ਗਰੈਜੈਏਟ ਸਕੂਲ ਆਫ ਐਜੂਕੇਸ਼ਨ ਨੇ ਵੀ ਪੰਜਾਬੀ ਲੋਕ ਨਾਚ ਭੰਗੜੇ ਅਤੇ ਪੰਜਾਬੀ ਖਾਣੇ ਦੀ ਸਰਹਾਨਾ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦੀ ਕੋਈ ਰੀਸ ਨਹੀਂ ਹੈ। ਉਸਨੇ ਕਿਹਾ ਕਿ ਉਹ ਭਾਰਤ ਅਤੇ ਪੰਜਾਬ ਪਹਿਲੀ ਵਾਰ ਆਏ ਹਨ ਅਤੇ ਇਥੋਂ ਦੇ ਵਸਨੀਕਾਂ ਦੇ ਮਿਲਾਪੜਾ ਸੁਭਾਅ ਅਤੇ ਮਹਿਮਾਨ ਨਿਵਾਜੀ ਨੇ ਉਸ ਦਿਲ ਜਿੱਤ ਲਿਆ ਹੈ।

ਆਬੂਧਾਬੀ ਤੋਂ ਪਹੁੰਚੀ ਡੈਲੀਗੇਟ ਹੇਂਡ-ਅਲ-ਤਾਇਰ, ਸਾਇੰਸ ਤੇ ਤਕਨਾਲੌਜੀ ਵਿਭਾਗ ਦੀ ਡਾਇਰੈਕਟਰ ਅਤੇ ਨਿਕਲਸ ਰਿਊਜ਼, ਸੀਨੀਅਰ ਐਜੂਕੇਸ਼ਨ ਐਡਵਾਈਜ਼ਰ, ਯੂਨੀਸੈਫ, ਨਿਊਯਾਰਕ ਨੇ ਵੀ ਢੋਲ ਦੀ ਥਾਪ `ਤੇ ਭੰਗੜਾ ਪਾਇਆ ਅਤੇ ਪੰਜਾਬ ਦੇ ਸਵਾਦਿਸ਼ਟ ਪਕਵਾਨਾਂ ਦਾ ਅਨੰਦ ਲਿਆ।

‘ਭਾਰਤ ਦਾ ਤਾਜ ਹੈ ਪੰਜਾਬ ਸੂਬਾ’

ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ, ਮੁੰਬਈ ਦੀ ਡਾਇਰੈਕਟਰ ਤੇ ਵਾਈਸ ਚਾਂਸਲਰ ਸ੍ਰੀਮਤੀ ਸ਼ਾਲਿਨੀ ਭਾਰਤ ਨੇ ਕਿਹਾ ਕਿ ਪੰਜਾਬ ਭਾਰਤ ਦਾ ਤਾਜ ਹੈ ਅਤੇ ਇਥੋਂ ਦੇ ਲੋਕ ਅਤੇ ਸੱਭਿਆਚਾਰ ਆਪਣੀ ਵੱਖਰੀ ਪਛਾਣ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਦੌਰਾਨ ਅੰਮ੍ਰਿਤਸਰ ਪਹੁੰਚੇ ਦੇਸ਼-ਵਿਦੇਸ਼ ਦੇ ਡੈਲੀਗੇਟਸ ਦੀ ਮਹਿਮਾਨ ਨਿਵਾਜੀ ਲਈ ਜੋ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹਨ ਉਹ ਕਾਬਲ-ਏ-ਤਰੀਫ ਹਨ। ਉਨ੍ਹਾਂ ਕਿਹਾ ਕਿ ਸਾਰੇ ਡੈਲੀਗੇਟਸ ਨੇ ਪੰਜਾਬੀਆਂ ਦੀ ਮਹਿਮਾਨ ਨਿਜਾਵੀ ਦਾ ਲੁਤਫ ਉਠਾਇਆ ਹੈ ਅਤੇ ਉਹ ਹਮੇਸ਼ਾਂ ਲਈ ਪੰਜਾਬ ਦੀਆਂ ਮਿੱਠੀਆਂ ਯਾਦਾਂ ਨਾਲ ਲੈ ਕੇ ਜਾਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ