‘ਹਰਟ ਅਟੈਕ’ ਪਰੌਂਠੇ ਵਾਲੇ ਨੌਜਵਾਨ ‘ਤੇ ਮਾਮਲਾ ਦਰਜ, ਕਪੀਲ ਸ਼ਰਮਾ ਨਾਲ ਫੋਟੋਆਂ ਹੋਇਆ ਸਨ ਵਾਇਰਲ
ਹਰਟ ਅਟੈਕ ਵਾਲੇ ਪਰਾਂਠੇ ਬਣਾਉਣ ਵਾਲੇ ਵੀਰ ਦਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਵੀਰ ਦਵਿੰਦਰ ਨੇ ਇਲਜ਼ਾਮ ਲਗਾਇਆ ਹੈ ਪੁਲਿਸ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ। ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਫਿਰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਜਲੰਧਰ (Jalandhar) ਦੇ ਮਾਡਲ ਟਾਊਨ ‘ਚ ਹਰਟ ਅਟੈਕ ਵਾਲੇ ਪਰਾਂਠੇ ਬਣਾਉਣ ਵਾਲੇ ਵੀਰ ਦਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਵੀਰ ਦਵਿੰਦਰ ਨੇ ਇਲਜ਼ਾਮ ਲਗਾਇਆ ਹੈ ਪੁਲਿਸ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ। ਬੀਤੇ ਦਿਨੀ ਵੀਰ ਦਵਿੰਦਰ ਦੀਆਂ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਨੂੰ ਪਰਾਂਠੇ ਖਿਲਾਉਂਦੇ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਕਪਿਲ ਖਾਸ ਤੌਰ ‘ਤੇ ਪਰਾਠਾ ਖਾਣ ਪਹੁੰਚੇ ਸਨ।
ਦੱਸ ਦਈਏ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੀਰ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ। ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਫਿਰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਦੱਸ ਦੇਈਏ ਕਿ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਲਾਕੇ ਤੋਂ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਚਿਤਾਵਨੀ ਵੀ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਕਾਰਟ ਨਹੀਂ ਹਟਾਇਆ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।
ਵੀਰ ਦਵਿੰਦਰ ਨੇ ਕੀਤੀ ਪ੍ਰੈਸ ਕਾਨਫਰੰਸ
ਵੀਰ ਦਵਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਡਿਵੀਜ਼ਨ ਨੰਬਰ 6 ਦੇ ਐਸਐਚਓ ‘ਤੇ ਗੰਭੀਰ ਆਰੋਪ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ 2 ਦਿਨ ਪਹਿਲਾਂ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਦੇ ਨਾਲ ਇਸ ਕੋਲੋਂ ਪਰੌਂਠੇ ਖਾ ਕੇ ਗਏ ਸਨ। ਜਿਸ ਤੋਂ ਬਾਅਦ 29 ਦੀ ਰਾਤ ਥਾਣਾ ਮਾਡਲ ਟਾਊਨ ਦੇ ਐਸਐਚ ਓ ਅਜਾਇਬ ਸਿੰਘ ਆਪਣੇ ਮੁਲਾਜ਼ਮਾਂ ਦੇ ਨਾਲ ਆਏ ਅਤੇ ਇਸ ਦਾ ਸਮਾਨ ਚੁੱਕ ਕੇ ਉਸ ਨੂੰ ਗੱਡੀ ਚ ਬੈਠਾ ਲੈ ਗਏ। ਦਵਿੰਦਰ ਨੇ ਪੁਲਿਸ ‘ਤੇ ਆਰੋਪ ਲਗਾਏ ਕਿ ਉਸ ਨੂੰ ਥਾਣੇ ਵਿੱਚ ਲਿਜਾ ਕੇ ਪੁਲਿਸ ਦੇ ਵੱਲੋਂ ਮਾਰਕੁੱਟ ਵੀ ਕੀਤੀ ਹੈ।
ਜਲੰਧਰ ਦੇ ਪੁਲਿਸ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਕਮੀਸ਼ਨਰੇਟ ਨੇ ਹੁਕਮ ਕੀਤੇ ਹਨ ਕਿ ਰਾਤ ਸਮੇਂ ਇੱਥੇ ਕੋਈ ਰੇਹੜੀ ਨਹੀਂ ਲਗਾ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤਾ ਜਾਵੇਗਾ। ਕੁਝ ਰੈਸਟੋਰੇਂਦ ਨੂੰ ਪੂਰੀ ਰਾਤ ਦੁਕਾਨ ਖੁਲ੍ਹੀ ਰੱਖਣ ਦੀ ਇਜਾਜ਼ਤ ਮਿਲੀ ਹੈ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਐਸਐਚਓ ਖਿਲਾਫ਼ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੀ ਹੈ ਇਸ ਲਈ ਕਾਰਵਾਈ ਨਹੀਂ ਕੀਤੀ ਗਈ। ਸਿਕਾਇਤ ਮਿਲਣ ਤੋਂ ਬਾਅਦ ਜਾਂਚ ਕੀਤੀ ਜਾਵੇਗੀ।