ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 13 ਕਿਲੋ ਹੈਰੋਇਨ ਸਣੇ ਹੋਰ ਨਸ਼ੀਲੇ ਪਦਾਰਥ ਬਰਾਮਦ, 5 ਤਸਕਰ ਗ੍ਰਿਫ਼ਤਾਰ

Updated On: 

02 Aug 2025 17:54 PM IST

ਪੰਜਾਬ ਅੰਦਰੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਫ਼ਿਰੋਜ਼ਪੁਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਾਰਵਾਈ ਕੀਤੀ ਗਈ। ਪੁਲਿਸ ਨੇ ਇਸ ਸਿਲਸਿਲੇ ਵਿੱਚ ਬੀਤੇ ਦਿਨ ਵੱਖ-ਵੱਖ ਥਾਵਾਂ ਤੋਂ 13 ਕਿਲੋ ਹੈਰੋਇਨ, 4 ਕੁਇੰਟਲ ਡੋਡੇ, ਇੱਕ ਟਰੱਕ ,ਇੱਕ ਐਕਟਿਵਾ, ਇੱਕ ਪਿਸਟਲ ਦੇ ਪਾਰਟਸ ਅਤੇ 8 ਜ਼ਿੰਦਾ ਕਾਰਤੂਸਾਂ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 13 ਕਿਲੋ ਹੈਰੋਇਨ ਸਣੇ ਹੋਰ ਨਸ਼ੀਲੇ ਪਦਾਰਥ ਬਰਾਮਦ, 5 ਤਸਕਰ ਗ੍ਰਿਫ਼ਤਾਰ
Follow Us On

ਫਿਰੋਜ਼ਪੁਰ ਪੁਲਿਸ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮਿਲੀ ਵੱਡੀ ਸਫਲਤਾ ਮਿਲੀ ਹੈ। ਇਸੇ ਸਿਲਸਿਲੇ ਵਿੱਚ ਬੀਤੇ ਦਿਨ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 13 ਕਿਲੋ ਹੈਰੋਇਨ, 4 ਕੁਇੰਟਲ ਡੋਡੇ, ਇਕ ਟਰੱਕ ,ਇੱਕ ਐਕਟਿਵਾ, ਇੱਕ ਪਿਸਟਲ ਦੇ ਪਾਰਟਸ ਅਤੇ 8 ਜ਼ਿੰਦਾ ਕਾਰਤੂਸਾਂ ਸਮੇਤ ਪੰਜ ਵੱਡੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਫ਼ਿਰੋਜ਼ਪੁਰ ਅਤੇ ਥਾਣਾ ਘੱਲਖੁਰਦ ਵਿਖੇ ਐੱਨਡੀਪੀਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲੇ ਦਰਜ ਕਰ ਲਏ ਹਨ।

ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਨੇ ਕੀਤੀ ਪ੍ਰੈਸ ਕਾਨਫਰੰਸ

ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਵੱਡੀ ਕਾਰਵਾਈ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਪੁਲਿਸ ਪਾਰਟੀ ਬਾਰਡਰ ਤੇ ਪਿੰਡ ਮੱਧਰੇ ਨੇੜੇ ਗਸ਼ਤ ਕਰ ਰਹੀ ਸੀ ਤਾਂ ਖ਼ਬਰੀ ਨੈੱਟਵਰਕ ਜਰੀਏ ਇਤਲਾਹ ਮਿਲੀ ਕਿ ਦੋ ਵਿਅਕਤੀ ਗੁਰਪ੍ਰੀਤ ਸਿੰਘ ਉਰਫ਼ ਗੋਰੀ ਅਤੇ ਗੁਰਪ੍ਰੀਤ ਸਿੰਘ ਉਰਫ਼ ਕਾਲੀ ਜੋ ਰਾਜੋ ਕੇ ਗੱਟੀ ਦੇ ਵਸਨੀਕ ਹਨ ਪਿੰਡ ਗੋਖੀ ਵਾਲਾ ਸੜਕ ਤੇ ਹੈਰੋਇਨ ਸਮੇਤ ਖੜ੍ਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪਾ ਮਾਰਿਆ ਅਤੇ ਦੋਵਾਂ ਨੂੰ 8 ਕਿਲੋ 301 ਗ੍ਰਾਮ ਹੈਰੋਇਨ ਸਮੇਤ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ।

ਐੱਸਐੱਸਪੀ ਨੇ ਅੱਗੇ ਦੱਸਿਆ ਕਿ ਦੂਜੀ ਵੱਡੀ ਕਾਰਵਾਈ ਥਾਣਾ ਘੱਲਖੁਰਦ ਪੁਲਿਸ ਵੱਲੋਂ ਕੀਤੀ ਗਈ। ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਪਿੰਡ ਮੋਹਕਮ ਵਾਲਾ ਨੇੜੇ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਸੀ।

ਵੱਖ- ਵੱਖ ਮਾਮਲਿਆਂ ਵਿੱਚ ਵੱਡੀ ਬਰਾਮਦਗੀ

ਇਸ ਦੌਰਾਨ ਇਕ ਨੌਜਵਾਨ ਜੁਗਰਾਜ ਸਿੰਘ ਉਰਫ਼ ਸਮਰ ਜੋ ਆਸਲ ਦਾ ਰਹਿਣ ਵਾਲਾ ਹੈ ਐਕਟਿਵਾ ਤੇ ਸਵਾਰ ਹੋ ਕੇ ਆ ਰਿਹਾ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਜਦੋਂ ਉਸ ਦੇ ਪਿੱਠ ਪਿੱਛੇ ਲੱਗੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 4 ਕਿਲੋ 720 ਗ੍ਰਾਮ ਹੈਰੋਇਨ, ਐਕਟਿਵਾ (ਨੰਬਰ ਪੀਬੀ 08 ਪੀਈ 4932) ਇੱਕ ਖੁੱਲ੍ਹੇ ਹੋਏ ਪਿਸਟਲ ਦੇ ਪਾਰਟਸ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਇਸੇ ਤਰ੍ਹਾਂ ਜ਼ੀਰਾ ਪੁਲਿਸ ਨੇ ਪਿੰਡ ਬਹਿਕ ਪਛੜੀਆਂ ਦੀ ਦਾਣਾ ਮੰਡੀ ਕੋਲ ਨਾਕਾਬੰਦੀ ਕਰਕੇ ਰਾਜਸਥਾਨ ਤੋਂ ਟਰੱਕ ਨੰਬਰ ਆਰ ਜੇ 21 ਜੀ ਬੀ 1186 ਤੇ ਲਿਆਂਦੇ 4 ਕਵਿੰਟਲ ਡੋਡਿਆਂ ਸਮੇਤ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਫੜੇ ਗਏ ਤਸਕਰਾਂ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਕਾਮਲ ਵਾਲਾ ਅਤੇ ਗੁਰਵਿੰਦਰ ਸਿੰਘ ਵਾਸੀ ਕਾਲੇ ਕੇ ਹਿਠਾੜ ਵਜੋਂ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।