ਕਰਜ਼ੇ ਦੀ ਮਾਰ ਹੇਠਾਂ ਦੇਸ਼ ਦਾ ਕਿਸਾਨ, ਪੰਜਾਬ-ਹਰਿਆਣਾ ਸਭ ਤੋਂ ਵੱਧ ਕਰਜ਼ਾਈ ਸੂਬਿਆਂ ‘ਚ ਸ਼ਾਮਲ

Updated On: 

12 Feb 2026 16:58 PM IST

ਪੰਜਾਬ ਤੇ ਹਰਿਆਣਾ ਦੇਸ਼ ਦੇ ਅੰਨ ਭੰਡਾਰ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਕਿਸਾਨ ਕਰਜ਼ੇ ਦੇ ਮਾਮਲੇ ਵਿੱਚ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਪੰਜਾਬ ਵਿੱਚ ਪ੍ਰਤੀ ਕਿਸਾਨ ਪਰਿਵਾਰ 2.03 ਲੱਖ ਰੁਪਏ ਤੇ ਹਰਿਆਣਾ ਵਿੱਚ 1.83 ਲੱਖ ਰੁਪਏ ਕਰਜ਼ਾ ਹੈ। ਇਹ ਕਰਜ਼ਾ ਵੱਧਦੀ ਲਾਗਤ, ਮੌਸਮੀ ਅਨਿਸ਼ਚਿਤਤਾ ਅਤੇ ਸੀਮਤ ਆਮਦਨ ਕਾਰਨ ਵਧ ਰਿਹਾ ਹੈ, ਜੋ ਕਿਸਾਨਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।

ਕਰਜ਼ੇ ਦੀ ਮਾਰ ਹੇਠਾਂ ਦੇਸ਼ ਦਾ ਕਿਸਾਨ, ਪੰਜਾਬ-ਹਰਿਆਣਾ ਸਭ ਤੋਂ ਵੱਧ ਕਰਜ਼ਾਈ ਸੂਬਿਆਂ ਚ ਸ਼ਾਮਲ
Follow Us On

ਭਾਰਤ ਦੇ ਅੰਨ ਭੰਡਾਰ ਵਿੱਚ ਵੱਡਾ ਹਿੱਸਾ ਪਾਉਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦੇਸ਼ ਵਿੱਚ ਖੇਤੀਬਾੜੀ ਕਰਜ਼ੇ ਦੇ ਮਾਮਲੇ ਵਿੱਚ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ਤੇ ਹਨ। ਪੰਜਾਬ ਵਿੱਚ ਪ੍ਰਤੀ ਕਿਸਾਨ ਪਰਿਵਾਰ ਤੇ ਕਰਜ਼ਾ 2.03 ਲੱਖ ਰੁਪਏ ਅਤੇ ਹਰਿਆਣਾ ਵਿੱਚ 1.83 ਲੱਖ ਰੁਪਏ ਹੈ। ਆਂਧਰਾ (2.45 ਲੱਖ) ਅਤੇ ਕੇਰਲ (2.42 ਲੱਖ) ਪੰਜਾਬ ਅਤੇ ਹਰਿਆਣਾ ਤੋਂ ਅੱਗੇ ਹਨ।

ਕੀ ਬੋਲੇ ਕੇਂਦਰੀ ਖੇਤੀਬਾੜੀ ਸ਼ਿਵਰਾਜ ਸਿੰਘ ਚੌਹਾਨ

ਲੋਕ ਸਭਾ ਵਿੱਚ ਸੰਸਦ ਮੈਂਬਰ ਕੇ. ਸਾਰੇਨ ਖੇਰਵਾਲ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਦੇਸ਼ ਵਿੱਚ ਪ੍ਰਤੀ ਕਿਸਾਨ ਪਰਿਵਾਰ ਔਸਤ ਬਕਾਇਆ ਕਰਜ਼ਾ 74,121 ਰੁਪਏ ਹੈ। ਸਭ ਤੋਂ ਘੱਟ ਕਰਜ਼ਾ ਨਾਗਾਲੈਂਡ ਵਿੱਚ ਪ੍ਰਤੀ ਕਿਸਾਨ ਪਰਿਵਾਰ ਸਿਰਫ਼ 1,750 ਰੁਪਏ ਹੈ। ਮੇਘਾਲਿਆ (2,237) ਤੇ ਅਰੁਣਾਚਲ ਪ੍ਰਦੇਸ਼ (3,581) ਇਸ ਤੋਂ ਬਾਅਦ ਆਉਂਦੇ ਹਨ।

ਰਾਜਸਥਾਨ ਵਿੱਚ ਪ੍ਰਤੀ ਪਰਿਵਾਰ ਕਰਜ਼ਾ 1.13 ਲੱਖ ਰੁਪਏ, ਹਿਮਾਚਲ ‘ਚ 85,825 ਰੁਪਏ ਅਤੇ ਜੰਮੂ-ਕਸ਼ਮੀਰ ਵਿੱਚ 30,435 ਰੁਪਏ ਹੈ। 1 ਲੱਖ ਰੁਪਏ ਤੋਂ ਵੱਧ ਕਰਜ਼ੇ ਵਾਲੇ ਰਾਜਾਂ ਵਿੱਚ ਤਾਮਿਲਨਾਡੂ (1.06 ਲੱਖ ), ਕਰਨਾਟਕ (1.26 ਲੱਖ) ਅਤੇ ਤਿਲੰਗਾਨਾ (1.52 ਲੱਖ) ਸ਼ਾਮਲ ਹਨ। ਹਿੰਦੀ ਪੱਟੀ ਵਾਲੇ ਰਾਜਾਂ ਚ ਬਿਹਾਰ (23,534), ਛੱਤੀਸਗੜ੍ਹ (21,443), ਝਾਰਖੰਡ (8,415), ਮੱਧ ਪ੍ਰਦੇਸ਼ (74,420), ਉੱਤਰਾਖੰਡ (48,338) ਅਤੇ ਉੱਤਰ ਪ੍ਰਦੇਸ਼ (51,107 ਰੁਪਏ) ਤੇ ਦਰਮਿਆਨੇ ਪੱਧਰ ਦਾ ਕਰਜ਼ੇ ਦਾ ਬੋਝ ਹੈ।

ਮਾਹਿਰਾਂ ਨੇ ਦੱਸਿਆ ਕਰਜ਼ੇ ਦਾ ਕਾਰਨ

ਮਾਹਿਰਾਂ ਮੁਤਾਬਕ ਕਿਸਾਨਾਂ ਵਿੱਚ ਲਗਾਤਾਰ ਕਰਜ਼ਾ ਨਿਰਭਰਤਾ ਦੇ ਕਾਰਨ ਵੱਧ ਰਹੀ ਲਾਗਤ, ਸੀਮਤ ਆਮਦਨ, ਅਨਿਸ਼ਚਿਤ ਮੌਸਮੀ ਹਾਲਾਤ, ਖ਼ਾਸ ਕਰਕੇ ਮੌਨਸੂਨ ਦੀ ਅਨਿਸ਼ਚਿਤਤਾ, ਖਰੀਦ ਭੁਗਤਾਨ ਵਿੱਚ ਦੇਰੀ, ਛੋਟੇ ਖੇਤ, ਸਮਾਜਿਕ ਸਮਾਰੋਹਾਂ ਤੇ ਫ਼ਜ਼ੂਲ ਖ਼ਰਚੀ ਅਤੇ ਉੱਚ ਅਨਪੜ੍ਹਤਾ ਦਰ ਨਾਲ ਜੁੜੇ ਹਨ।

ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦਾ ਅੰਕੜਾ ਜਾਣੋ

ਸਾਲ/ਸਰਵੇਖਣ ਕਰਜ਼ੇ ਦੀ ਰਾਸ਼ੀ (₹ ਕਰੋੜ)
2014-15 ~69,355
2022 ~55,428 (KCC ਮਾਤਰਾ)
2023 ~73,673 (ਸਿਰਫ਼ Institutional debt)
2024 (ਤੱਕ) >1,00,000
2025-26 (ਲਗਭਗ) ~1,04,064

ਪੰਜਾਬ ਦੇ ਕਿਸਾਨ ਪੰਜਾਬ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਹਨ। ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਨੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿੱਚ ਆਤਮਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇੱਥੇ ਮੁੱਖ ਤੌਰ ਤੇ ਗੇਹੂੰ ਅਤੇ ਧਾਨ ਦੀ ਖੇਤੀ ਹੁੰਦੀ ਹੈ, ਜਦਕਿ ਮੱਕੀ, ਕਪਾਹ, ਗੰਨਾ ਅਤੇ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ।

ਪਰ ਪਿਛਲੇ ਕੁਝ ਸਾਲਾਂ ਵਿੱਚ ਕਿਸਾਨਾਂ ਨੂੰ ਵਧਦੇ ਖਰਚੇ, ਪਾਣੀ ਦੀ ਘਾਟ, ਮਿੱਟੀ ਦੀ ਉਪਜਾਊ ਸ਼ਕਤੀ ਘਟਣ, ਫਸਲੀ ਵੱਖ-ਵੱਖਤਾ ਦੀ ਕਮੀ ਅਤੇ ਕਰਜ਼ੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ MSP, ਬੀਮਾ ਯੋਜਨਾਵਾਂ ਅਤੇ ਤਕਨੀਕੀ ਸਹਾਇਤਾ ਵਰਗੇ ਕਦਮ ਚੁੱਕੇ ਗਏ ਹਨ, ਪਰ ਟਿਕਾਊ ਖੇਤੀ ਲਈ ਫਸਲ ਵੱਖ-ਵੱਖਤਾ, ਪਾਣੀ ਸੰਭਾਲ ਅਤੇ ਨਵੀਂ ਤਕਨਾਲੋਜੀ ਅਪਣਾਉਣਾ ਬਹੁਤ ਜ਼ਰੂਰੀ ਹੈ।