ਫਰੀਦਕੋਟ ‘ਚ ਨਸ਼ੇ ਦਾ ਵਿਰੋਧ ਕਰ ਰਹੇ ਨੌਜਵਾਨ ਦੀ ਗੋਲੀ ਮਾਰਕੇ ਹੱਤਿਆ,ਐੱਸਪੀ ਬੋਲੇ, ਬਖਸ਼ੇ ਨਹੀਂ ਜਾਣਗੇ ਮੁਲਜ਼ਮ

Published: 

05 Aug 2023 16:12 PM

ਜ਼ਖਮੀ ਹਰਭਗਵਾਨ ਸਿੰਘ ਨੂੰ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਮਲੇ 'ਚ ਐੱਸਪੀ ਜਸਮੀਤ ਸਿੰਘ ਨੇ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਫਰੀਦਕੋਟ ਚ ਨਸ਼ੇ ਦਾ ਵਿਰੋਧ ਕਰ ਰਹੇ ਨੌਜਵਾਨ ਦੀ ਗੋਲੀ ਮਾਰਕੇ ਹੱਤਿਆ,ਐੱਸਪੀ ਬੋਲੇ, ਬਖਸ਼ੇ ਨਹੀਂ ਜਾਣਗੇ ਮੁਲਜ਼ਮ
Follow Us On

ਫਰੀਦਕੋਟ। ਪੰਜਾਬ ਸਰਕਾਰ ਬੇਸ਼ੱਕ ਨਸ਼ਾ ਖਤਮ ਕਰਨ ਲਈ ਸੂਬੇ ਵਿੱਚ ਸਖਤੀ ਕਰ ਰਹੀ ਹੈ ਪਰ ਹਾਲੇ ਵੀ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹਨ। ਗੱਲ ਫਰੀਦਕੋਟ ਦੀ ਕਰੀਏ ਤਾਂ ਇੱਥੇ ਫਰੀਦਕੋਟ ਜਿਲ੍ਹੇ ਦੇ ਪਿੰਡ ਢਿਲਵਾਂ ਖੁਰਦ ਵਿੱਚ ਨਸ਼ੇ ਦਾ ਵਿਰੋਧ ਕਰਨ ਵਾਲੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ (Police) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 30 ਸਾਲਾ ਹਰਭਗਵਾਨ ਸਿੰਘ ਵਜੋਂ ਹੋਈ ਹੈ, ਜੋ ਕਿ ਬਿਜਲੀ ਮੁਰੰਮਤ ਦਾ ਕੰਮ ਕਰਦਾ ਸੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਬਣਾਈ ਗਈ ਨਸ਼ਾ ਵਿਰੋਧੀ ਕਮੇਟੀ ਦਾ ਮੈਂਬਰ ਸੀ।

ਨਸ਼ਾ ਵਿਰੋਧੀ ਕਮੇਟੀ ਵੱਲੋਂ ਆਪਣੇ ਪਿੰਡ ਵਿੱਚ ਨਸ਼ਾ (Drugs) ਰੋਕਣ ਲਈ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਸੀ। ਸ਼ੁੱਕਰਵਾਰ ਨੂੰ ਵੀ ਹਰਭਗਵਾਨ ਸਿੰਘ ਅਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਦੋ ਨਸ਼ੇੜੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ, ਜਿਨ੍ਹਾਂ ਨੇ ਸਭ ਦੇ ਸਾਹਮਣੇ ਕਬੂਲ ਕੀਤਾ ਕਿ ਇਹ ਨਸ਼ਾ ਉਨ੍ਹਾਂ ਪਿੰਡ ਦੇ ਹੀ ਅਮਨਦੀਪ ਸਿੰਘ ਤੋਂ ਖਰੀਦਿਆ ਸੀ। ਇਸ ਦੌਰਾਨ ਹੋਈ ਤਕਰਾਰ ਦੌਰਾਨ ਅਮਨਦੀਪ ਸਿੰਘ ਵੀ ਮੌਕੇ ਤੇ ਆ ਗਿਆ ਅਤੇ ਹਰਭਗਵਾਨ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ।

ਨਸ਼ਾ ਵਿਰੋਧੀ ਕਮੇਟੀ ‘ਤੇ ਵੀ ਕੀਤਾ ਹਮਲਾ

ਦੂਜੇ ਪਾਸੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੱਲੇਵਾਲਾ ਦੀ ਨਸ਼ਾ ਵਿਰੋਧੀ ਕਮੇਟੀ ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਕਮੇਟੀ ਦੇ ਮੈਂਬਰ ਰਾਤ ਪਿੰਡ ਦੁੱਲੇਵਾਲਾ ‘ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇੱਕ ਨਸ਼ੇ ਦਾ ਵਪਾਰੀ ਕਿਸੇ ਨੂੰ ਨਸ਼ਾ ਵੇਚਦਾ ਦੇਖਿਆ ਗਿਆ। ਜਦੋਂ ਕਮੇਟੀ ਮੈਂਬਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਨੌਜਵਾਨਾਂ ਨੂੰ ਧਮਕੀਆਂ (Threats) ਦਿੱਤੀਆਂ ਅਤੇ ਹਮਲਾ ਕਰ ਦਿੱਤਾ। ਦੁੱਲੇਵਾਲਾ ਦੇ ਵਸਨੀਕ ਸੁਖਦੀਪ ਸਿੰਘ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਿਸ਼ਾਖਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ ਕਈ ਵਾਰ ਇਨਕਾਰ ਕਰਨ ਦੇ ਬਾਵਜੂਦ ਨਸ਼ਾ ਵੇਚ ਰਹੇ ਹਨ।

ਨਸ਼ਾ ਤਸਕਰਾਂ ‘ਤੇ ਨਰਮੀ ਵਰਤ ਰਹੀ ਪੁਲਿਸ-ਕਮੇਟੀ

ਕਮੇਟੀ ਦੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪਿੰਡ ਦੁੱਲੇਵਾਲਾ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਨਸ਼ਾ ਵਿਰੋਧੀ ਕਮੇਟੀਆਂ ਨੇ ਥਾਣੇ ਅੱਗੇ ਇਕੱਠੇ ਹੋ ਕੇ ਪੁਲਿਸ ਤੇ ਨਸ਼ਾ ਤਸਕਰਾਂ ਪ੍ਰਤੀ ਨਰਮੀ ਵਰਤਣ ਦੇ ਇਲਜ਼ਾਮ ਲਗਾਏ। ਲੋਕਾਂ ਨੇ ਕਿਹਾ ਕਿ ਉਹ ਨਸ਼ਾ ਨਹੀਂ ਵਿਕਣ ਦੇਣਗੇ, ਚਾਹੇ ਇਸ ਲਈ ਉਨ੍ਹਾਂ ਨੂੰ ਜਿੰਨੀ ਮਰਜ਼ੀ ਕੁਰਬਾਨੀ ਕਰਨੀ ਪਵੇ। ਨਸ਼ਾ ਵਿਰੋਧੀ ਕਮੇਟੀ ਦੇ ਆਗੂ ਬਹਾਦਰ ਸਿੰਘ ਨੇ ਕਿਹਾ ਕਿ ਉਹ ਕਿਸੇ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version