ਸਕੈਨਰ ਲਾ ਦਿਓ… ਅਸੀਂ ਪੈਸੇ ਪਾ ਦਿਆ ਕਰਾਂਗੇ, ਖੇਤਾਂ ਚੋਂ ਚੋਰੀ ਹੋ ਰਹੀਆਂ ਮੋਟਰਾਂ ਤੋਂ ਪਰੇਸ਼ਾਨ ਕਿਸਾਨਾਂ ਦੀ ਚੋਰਾਂ ਨੂੰ ਅਪੀਲ
Kisan Appeal to Thieves: ਫਰੀਦਕੋਟ ਵਿੱਚ ਅੱਜ-ਕੱਲ ਕਿਸਾਨ ਕਾਫੀ ਦੁਖੀ ਨਜਰ ਆ ਰਹੇ ਹਨ। ਕਿਸਾਨਾਂ ਨੂੰ ਲਗਾਤਾਰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਖੇਤਾਂ ਵਿੱਚ ਝੋਨੇ ਨੂੰ ਪਾਣੀ ਦੇਣ ਲਈ ਲਗਾਈਆਂ ਗਈਆਂ ਮੋਟਰਾਂ ਚੋਰੀ ਹੋ ਰਹੀਆਂ ਹਨ। ਜਿਸਨੂੰ ਲੈ ਕੇ ਹੁਣ ਕਿਸਾਨਾਂ ਨੇ ਸਿੱਧੀ ਚੋਰਾਂ ਨੂੰ ਹੀ ਅਪੀਲ ਕਰ ਦਿੱਤੀ ਹੈ। ਕੀ ਹੀ ਇਹ ਅਪੀਲ... ਜਾਣੋ...
ਫਰੀਦਕੋਟ ਜਿਲ੍ਹੇ ਅੰਦਰ ਸ਼ੋਸ਼ਲ ਮੀਡੀਆ ਤੇ ਇਕ ਪੋਸਟਰ ਅੱਜ-ਕੱਲ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਇੱਥੋਂ ਦੇ ਕਿਸਾਨਾਂ ਦੇ ਖੇਤਾਂ ਚੋਂ ਬੀਤੇ ਕੁਝ ਦਿਨਾਂ ਵਿੱਚ ਹੀ 25 ਮੋਟਰਾਂ ਚੋਰੀ ਹੋ ਗਈਆਂ ਹਨ। ਉਸਤੋਂ ਪਹਿਲਾਂ ਵੀ ਇਨ੍ਹਾਂ ਕਿਸਾਨਾਂ ਦੀਆਂ 15 ਮੋਟਰਾਂ ਚੋਰੀ ਹੋਈਆਂ ਸਨ। ਲਗਾਤਾਰ ਹੋ ਰਹੀਆਂ ਇਨ੍ਹਾਂ ਚੋਰੀਆਂ ਤੋਂ ਪਰੇਸ਼ਾਨ ਕਿਸਾਨ ਹੁਣ ਸਰਕਾਰ ਅਤੇ ਪੁਲਿਸ ਨੂੰ ਗੁਹਾਰ ਲਗਾਉਣ ਦੀ ਥਾਂ ਸਿੱਧੇ ਚੋਰਾਂ ਨੂੰ ਹੀ ਬੇਨਤੀ ਕਰ ਰਹੇ ਹਨ। ਆਰਥਿਕ ਨੁਕਸਾਨ ਤੋਂ ਦੁਖੀ ਇਨ੍ਹਾਂ ਕਿਸਾਨਾਂ ਨੇ ਚੋਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਮੋਟਰਾਂ ਚੋਰੀ ਕਰਨ ਦੀ ਥਾਂ ਕਿਤੇ ਸਾਂਝੀ ਥਾਂ ਤੇ ਇੱਕ ਸਕੈਨਰ ਲਾ ਦਿਓ। ਅਸੀਂ ਸਾਰੇ ਰੱਲ-ਮਿਲ ਕੇ ਉਸ ਵਿੱਚ ਪੈਸੇ ਪਾ ਦਿਆਂਗੇ।
ਕਿਸਾਨਾਂ ਦੀ ਚੋਰਾਂ ਨੂੰ ਭਾਵੁਕ ਅਪੀਲ
ਕਿਸਾਨਾਂ ਦੀ ਇਹ ਭਾਵੁਕ ਅਪੀਲ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਕਿਸਾਨਾਂ ਵੱਲੋਂ ਬਣਾਇਆਂ ਗਿਆ ਇਹ ਪੋਸਟਰ ਤੇਜੀ ਨਾਲ ਲੋਕਾਂ ਵਿਚਾਲੇ ਘੁੰਮ ਰਿਹਾ ਹੈ। ਲੋਕ ਵੀ ਇਨ੍ਹਾਂ ਚੋਰੀਆਂ ਨੂੰ ਲੈ ਕੇ ਕਾਫੀ ਹੈਰਾਨ ਹਨ। ਇੱਕ-ਨਹੀਂ…2 ਨਹੀਂ….ਲਗਾਤਾਰ 40 ਤੋਂ ਵੱਧ ਹੋਈਆਂ ਇਨ੍ਹਾਂ ਚੋਰੀਆਂ ਨੂੰ ਲੈ ਕੇ ਪਿੰਡ ਵਾਸੀ ਸਦਮੇ ਵਿੱਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਮੋਟਰ 40-50 ਹਜਾਰ ਦੇ ਵਿਚਾਲੇ ਆਉਂਦੀ ਹੈ। ਪਰ ਚੋਰ ਜਾਂ ਨਸ਼ੇੜੀ ਲੋਕ ਇਨ੍ਹਾਂ ਨੂੰ ਚੁਰਾ ਕੇ 500-1000 ਵਿੱਚ ਵੇਚ ਦਿੰਦੇ ਹੋਣਗੇ। ਉਨ੍ਹਾਂ ਨੂੰ ਕੀ ਦਰਦ ਹੈ ਕਿ ਕਿਸਾਨ ਕਿਵੇਂ ਪੈਸੇ ਇੱਕਠੇ ਕਰਕੇ ਇਨ੍ਹਾਂ ਮੋਟਰਾਂ ਨੂੰ ਖਰੀਦਦਾ ਹੈ।
ਪੁਲਿਸ ਕਰੇ ਸਖ਼ਤ ਕਾਰਵਾਈ
ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਲਾਕੇ ਦੇ ਕਬਾੜੀਆਂ ਨੂੰ ਸਖਤ ਹਿਦਾਇਤ ਕਰਨ ਕਿ ਜੇਕਰ ਕੋਈ ਵੀ ਸ਼ਖਸ ਪੁਰਾਣੀ ਮੋਟਰ ਵੇਚਣ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ…ਤਾਂ ਜੋ ਕਿਸਾਨਾਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਦਾ ਬਚਾਅ ਹੋ ਸਕੇ। ਨਾਲ ਹੀ ਉਨ੍ਹਾਂ ਨੂੰ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ, ਕਿਉਂਕਿ ਕਿਸਾਨੀ ਤਾਂ ਪਹਿਲਾਂ ਹੀ ਘਾਟੇ ਵਿੱਚ ਜਾ ਰਹੀ ਹੈ, ਉਤੋਂ ਲਗਾਤਾਰ ਹੋ ਰਿਹਾ ਇਹ ਨੁਕਸਾਨ ਨੂੰ ਬਰਦਾਸ਼ਤ ਕਰਨਾ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ।


