ਡੀਆਈਜੀ ਭੁੱਲਰ ਖਿਲਾਫ਼ ਚਾਰਜਸ਼ੀਟ ‘ਚ ਵੱਡੇ ਖੁਲਾਸੇ, ਰਿਕਾਰਡ ਕੀਤੀ ਗਈ ਸੀ ਗੱਲਬਾਤ, ਨੋਟਾਂ ਨੂੰ ਰੰਗ ਲਗਾ ਕੇ ਕੀਤਾ ਕਾਬੂ

Published: 

11 Dec 2025 15:05 PM IST

DIG Bhullar Case: ਕੇਸ ਨੂੰ ਮਜ਼ਬੂਤ ਕਰਦੇ ਹੋਏ ਸੀਬੀਆਈ ਵੱਲੋਂ ਡੀਆਈਜੀ ਦਫ਼ਤਰ ਦੇ ਪੁਲਿਸ ਅਫ਼ਸਰਾਂ ਤੇ ਉੱਥੇ ਦੇ ਸੇਵਾਦਾਰਾਂ ਤੱਕ ਦੀ ਗਵਾਹੀ ਦਰਜ ਕੀਤੀ ਗਈ ਹੈ। ਇਸ 'ਚ ਸ਼ਿਕਾਇਤਕਰਤਾ, ਮਿਡਲਮੈਨ ਤੇ ਡੀਆਈਜੀ ਭੁੱਲਰ ਦੀ ਆਵਾਜ਼ ਸੁਣਾ ਕੇ ਇਸ ਦੀ ਪੁਸ਼ਟੀ ਕਰਵਾਈ ਗਈ ਹੈ। ਹਾਲਾਂਕਿ, ਇਸ ਪੂਰੇ ਮਾਮਲੇ 'ਚ ਬਰਾਮਦ ਹੋਏ ਮੋਬਾਈਲ ਫੋਨ, ਆਵਾਜ਼ਾਂ ਦੇ ਲਏ ਗਏ ਸੈਂਪਲ ਤੇ ਵਟਸਐਪ ਡਾਟਾ ਸਮੇਤ ਦੂਸਰੇ ਡਿਵਾਇਸ ਦੀ ਐਫਐਸਐਲ ਰਿਪੋਰਟ ਅਜੇ ਆਉਣੀ ਹੈ।

ਡੀਆਈਜੀ ਭੁੱਲਰ ਖਿਲਾਫ਼ ਚਾਰਜਸ਼ੀਟ ਚ ਵੱਡੇ ਖੁਲਾਸੇ, ਰਿਕਾਰਡ ਕੀਤੀ ਗਈ ਸੀ ਗੱਲਬਾਤ, ਨੋਟਾਂ ਨੂੰ ਰੰਗ ਲਗਾ ਕੇ ਕੀਤਾ ਕਾਬੂ

ਸਾਬਕਾ ਡੀਆਈਜੀ ਰਿਸ਼ਵਤ ਮਾਮਲੇ ਵਿੱਚ ਵੱਡਾ ਖੁਲਾਸਾ

Follow Us On

ਸੀਬੀਆਈ ਵੱਲੋਂ ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ਼ ਚਾਰਜਸ਼ੀਟ, ਹੁਣ ਮੁਲਜ਼ਮ ਪੱਖ ਨੂੰ ਦੇ ਦਿੱਤੀ ਗਈ ਹੈ। ਇਸ ‘ਚ ਸ਼ਿਕਾਇਤਕਰਤਾ ਅਕਾਸ਼ ਬੱਤਾ, ਮਿਡਲਮੈਨ ਕ੍ਰਿਸ਼ਨੂੰ ਤੇ ਡੀਆਈਜੀ ਭੁੱਲਰ ਦੇ ਵਿਚਕਾਰ ਹੋਈ ਗੱਲਬਾਤ ਦੀ ਵਾਇਸ ਰਿਕਾਰਡਿੰਗ ਹੈ। ਇਸ ਚਾਰਜਸ਼ੀਟ ਚ ਸਰਹਿੰਦ ਪੁਲਿਸ ਸਟੇਸ਼ਨ ‘ਚ ਅਕਾਸ਼ ਬੱਤਾ ਦੇ ਖਿਲਾਫ਼ ਅਪਰਾਧਿਕ ਮਾਮਲੇ ਦੇ ਜਾਂਚ ਅਧਿਕਾਰੀ ਵੱਲੋਂ ਕੇਸ ਕੀਤੀ ਨੋਟਿੰਗ, ਸੀਡੀਆਰ ਤੇ ਟਾਵਰ ਦੀ ਕਾਲ ਨੂੰ ਕੇਸ ਮਜ਼ਬੂਤ ਕਰਨ ਦੇ ਆਧਾਰ ਦੇ ਤੌਰ ‘ਤੇ ਲਗਾਇਆ ਗਿਆ ਹੈ।

ਕੇਸ ਨੂੰ ਮਜ਼ਬੂਤ ਕਰਦੇ ਹੋਏ ਸੀਬੀਆਈ ਵੱਲੋਂ ਡੀਆਈਜੀ ਦਫ਼ਤਰ ਦੇ ਪੁਲਿਸ ਅਫ਼ਸਰਾਂ ਤੇ ਉੱਥੇ ਦੇ ਸੇਵਾਦਾਰਾਂ ਤੱਕ ਦੀ ਗਵਾਹੀ ਦਰਜ ਕੀਤੀ ਗਈ ਹੈ। ਇਸ ਚ ਸ਼ਿਕਾਇਤਕਰਤਾ, ਮਿਡਲਮੈਨ ਤੇ ਡੀਆਈਜੀ ਭੁੱਲਰ ਦੀ ਆਵਾਜ਼ ਸੁਣਾ ਕੇ ਇਸ ਦੀ ਪੁਸ਼ਟੀ ਕਰਵਾਈ ਗਈ ਹੈ। ਹਾਲਾਂਕਿ, ਇਸ ਪੂਰੇ ਮਾਮਲੇ ਚ ਬਰਾਮਦ ਹੋਏ ਮੋਬਾਈਲ ਫੋਨ, ਆਵਾਜ਼ਾਂ ਦੇ ਲਏ ਗਏ ਸੈਂਪਲ ਤੇ ਵਟਸਐਪ ਡਾਟਾ ਸਮੇਤ ਦੂਸਰੇ ਡਿਵਾਇਸ ਦੀ ਐਫਐਸਐਲ ਰਿਪੋਰਟ ਅਜੇ ਆਉਣੀ ਹੈ।

ਅਕਾਸ਼ ਬੱਤਾ ਖਿਲਾਫ਼ ਐਫਆਈਆਰ ਦਾ ਜ਼ਿਕਰ

ਸੀਬੀਆਈ ਨੇ ਅਕਾਸ਼ ਬੱਤਾ ਦੇ ਖਿਲਾਫ਼ 29 ਸਤੰਬਰ, 2023 ਨੂੰ ਦਰਜ ਕੀਤੀ ਗਈ ਐਫਆਈਆਰ ਦਾ ਜ਼ਿਕਰ ਵੀ ਚਾਰਜਸ਼ੀਟ ‘ਚ ਕੀਤਾ ਹੈ। ਮਾਮਲੇ ‘ਚ ਜਾਂਚ ਅਧਿਕਾਰੀ ਇੰਸਪੈਕਟਰ ਰਣਜੀਤ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਉਸ ਤੋਂ ਰੋਪੜ ਰੇਂਜ ਦੇ ਡੀਆਈਜੀ ਨੇ ਉਕਤ ਐਫਆਈਆਰ ਦੀ ਜਾਣਕਾਰੀ ਮੰਗੀ ਸੀ ਤੇ ਉਸ ਨੇ ਕੇਸ ਬਾਰੇ ਨੋਟਿੰਗ ਭੇਜੀ ਸੀ। ਇਹੀ ਨਹੀਂ ਫਾਈਲ ਐਸਐਸਪੀ ਦਫ਼ਤਰ ਵੱਲੋਂ ਮੰਗਵਾ ਲਈ ਗਈ ਤੇ ਇਸ ਤੋਂ ਬਾਅਦ ਉਸ ਨੇ ਮਾਮਲੇ ਦੀ ਜਾਂਚ ਨਹੀਂ ਕੀਤੀ.

ਇਸ ਘਟਨਾ ਦਾ ਪੂਰਾ ਸਮਾਂ ਕਾਲ ਉਹੀ ਸੀ, ਜਦੋਂ ਅਕਾਸ਼ ਬੱਤਾ ਤੇ ਕ੍ਰਿਸ਼ਨੂੰ ਦੇ ਵਿਚਕਾਰ ਰਿਸ਼ਵਤ ਦੇ ਲਈ ਗੱਲਬਾਤ ਦਾ ਦੌਰ ਚੱਲ ਰਿਹਾ ਸੀ। ਰਣਜੀਤ ਸਿੰਘ ਦੇ ਬਿਆਨਾਂ ਤੇ ਇਸ ਪੂਰੇ ਘਟਨਾਕ੍ਰਮ ਨੂੰ ਮੁੱਖ ਤੌਰ ‘ਤੇ ਸਬੂਤ ਵਜੋਂ ਲਿਖਿਆ ਗਿਆ ਹੈ।

ਅਗਸਤ ਚ ਅਕਾਸ਼ ਬੱਤਾ ਵੱਲੋਂ ਸੀਬੀਆਈ ਨੂੰ ਸ਼ਿਕਾਇਤ

ਅਕਾਸ਼ ਬੱਤਾ ਵੱਲੋਂ ਸੀਬੀਆਈ ਨੂੰ ਸ਼ਿਕਾਇਤ ਅਗਸਤ 2025 ਚ ਦਿੱਤੀ ਗਈ ਸੀ। ਸੀਬੀਆਈ ਨੇ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਪੂਰੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਸਬ-ਇੰਸਪੈਕਟਰ ਲੈਵਲ ਦੇ ਇੱਕ ਅਧਿਕਾਰੀ ਨੂੰ ਸ਼ਿਕਾਇਤਕਰਤਾ ਦੇ ਨਾਲ ਲਗਾਇਆ ਗਿਆ। ਅਕਾਸ ਬੱਤਾ ਨੂੰ ਵਾਇਸ ਰਿਕਾਰਡਿੰਗ ਦੇ ਲਈ ਨਵੇਂ ਮੈਮਰੀ ਕਾਰਡ ਦਿਲਵਾਏ ਗਏ। ਜਦੋਂ ਵੀ ਅਕਾਸ਼ ਬੱਤਾ ਤੇ ਕ੍ਰਿਸ਼ਨੂੰ ਮਿਲਦੇ ਸਨ ਤਾਂ ਇੱਕ ਅਧਿਕਾਰੀ ਉਨ੍ਹਾਂ ਨੂੰ ਕੁੱਝ ਦੂਰੀ ਤੇ ਰਹਿ ਕੇ ਦੇਖਦਾ ਸੀ ਤੇ ਕੋਸ਼ਿਸ਼ ਕਰਦਾ ਸੀ ਕਿ ਉਨ੍ਹਾਂ ਦੀਆਂ ਗੱਲਾ ਸੁਣਦਾ ਰਹੇ।

ਸਬੂਤ ਦੇ ਤੌਰ ਤੇ ਤਿੰਨ ਵਾਰ ਦੀ ਵਾਇਸ ਰਿਕਾਰਡਿੰਗ ਨੂੰ ਰੱਖਿਆ ਗਿਆ। ਸੀਬੀਆਈ ਵੱਲੋਂ ਦੋ ਅਧਿਕਾਰੀਆਂ ਨੂੰ ਗਵਾਹ ਬਣਾ ਕੇ ਨੋਟਾਂ ਨੂੰ ਰੰਗ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਨਾ ਹੀ ਨਹੀਂ ਇਸ ਤੋਂ ਬਾਅਦ ਉਸ ਦੀ ਗੱਲ ਭੁੱਲਰ ਨਾਲ ਕਰਵਾਈ ਗਈ ਸੀ ਤੇ ਇਸ ਨੂੰ ਵੀ ਰਿਕਾਰਡ ਕੀਤਾ ਗਿਆ।