ਅਧਿਆਪਕ ਦਿਵਸ ‘ਤੇ CM ਮਾਨ ਨੇ 50 ਅਧਿਆਪਕਾਂ ਨੂੰ ਕੀਤਾ ਸਨਮਾਨਿਤ, ਬੋਲੇ- ‘ਮੈਂ ਖ਼ੁਦ ਟੀਚਰ ਦਾ ਪੁੱਤ ਹਾਂ, ਤੁਹਾਡੇ ਸੰਘਰਸ਼ਾਂ ਨੂੰ ਜਾਣਦਾ’
ਅਧਿਆਪਕ ਦਿਵਸ ਦੇ ਸ਼ੁਭ ਮੌਕੇ 'ਤੇ ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਵਿਖੇ ਇੱਕ ਵਿਸ਼ੇਸ਼ ਅਤੇ ਸ਼ਾਨਦਾਰ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ। ਸੈਕਟਰ-62 ਸਥਿਤ ਵਿਕਾਸ ਭਵਨ ਵਿਖੇ ਉਲੀਕੇ ਗਏ ਇਸ ਰਾਜ ਪੱਧਰੀ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਅਧਿਆਪਕ ਦਿਵਸ ਦੇ ਸ਼ੁਭ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਵਿਖੇ ਇੱਕ ਵਿਸ਼ੇਸ਼ ਅਤੇ ਸ਼ਾਨਦਾਰ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ। ਸੈਕਟਰ-62 ਸਥਿਤ ਵਿਕਾਸ ਭਵਨ ਵਿਖੇ ਉਲੀਕੇ ਗਏ ਇਸ ਰਾਜ ਪੱਧਰੀ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਵਿੱਦਿਆ ਦੇ ਪ੍ਰਸਾਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਸੂਬੇ ਭਰ ਦੇ 50 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਸਾਹਮਣੇ ਪੰਜਾਬ ਦਾ ਭਵਿੱਖ ਸੰਵਾਰਨ ਵਾਲੇ ਮਿਹਨਤੀ ਅਤੇ ਹੋਣਹਾਰ ਗੁਰੂ ਬੈਠੇ ਹਨ। ਗੁਰੂ ਅਤੇ ਚੇਲੇ ਦਾ ਨਾਤਾ ਦੁਨੀਆ ਦਾ ਸਭ ਤੋਂ ਪਵਿੱਤਰ ਅਤੇ ਅਨਮੋਲ ਰਿਸ਼ਤਾ ਮੰਨਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ, “ਮੈਂ ਖ਼ੁਦ ਇੱਕ ਅਧਿਆਪਕ ਦਾ ਪੁੱਤਰ ਹਾਂ, ਇਸ ਲਈ ਮੈਂ ਬਾਖ਼ੂਬੀ ਜਾਣਦਾ ਹਾਂ ਕਿ ਇੱਕ ਅਧਿਆਪਕ ਦੇ ਜੀਵਨ ਵਿੱਚ ਕੀ-ਕੀ ਮੁਸ਼ਕਿਲਾਂ, ਦੁੱਖ-ਤਕਲੀਫ਼ਾਂ ਅਤੇ ਚੁਣੌਤੀਆਂ ਆਉਂਦੀਆਂ ਹਨ। ਮੈਂ ਇਹ ਸਾਰਾ ਮਾਹੌਲ ਆਪਣੇ ਘਰ ਵਿੱਚ ਬਚਪਨ ਤੋਂ ਬਹੁਤ ਨੇੜਿਓਂ ਦੇਖਿਆ ਹੈ।”
ਪਹਿਲਾਂ ਹਰ ਨਿੱਕੇ-ਮੋਟੇ ਪ੍ਰਬੰਧਕੀ ਕੰਮ ਦਾ ਬੋਝ ਇਕੱਲੇ ਹੈੱਡਮਾਸਟਰ ‘ਤੇ ਹੀ ਹੁੰਦਾ ਸੀ
ਮੁੱਖ ਮੰਤਰੀ ਨੇ ਸਕੂਲੀ ਪ੍ਰਬੰਧਾਂ ਦੇ ਪੁਰਾਣੇ ਦੌਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਅੰਦਰ ਹਰ ਇੱਕ ਕੰਮ ਦਾ ਭਾਰ ਹੈੱਡਮਾਸਟਰ ਦੇ ਸਿਰ ‘ਤੇ ਹੀ ਪਾ ਦਿੱਤਾ ਜਾਂਦਾ ਸੀ। ਜੇਕਰ ਕੁਰਸੀ ਟੁੱਟ ਜਾਵੇ ਤਾਂ ਹੈੱਡਮਾਸਟਰ ਜ਼ਿੰਮੇਵਾਰ, ਬਾਥਰੂਮ ਦੀ ਹਾਲਤ ਖ਼ਰਾਬ ਹੋਵੇ ਤਾਂ ਹੈੱਡਮਾਸਟਰ ਜਵਾਬਦੇਹ, ਹਾਜ਼ਰੀ ਰਜਿਸਟਰ ਚੁੱਕ ਕੇ ਹਾਈ ਸਕੂਲ ਲੈ ਕੇ ਜਾਣਾ ਅਤੇ ਦਿਖਾਉਣਾ, ਕਿਸੇ ਕਰਮਚਾਰੀ ਦੀ ਛੁੱਟੀ ਮਨਜ਼ੂਰ ਕਰਨੀ ਹੋਵੇ ਜਾਂ ਬੱਚਿਆਂ ਦੀ ਫ਼ੀਸ ਮੁਆਫ਼ੀ ਦੀਆਂ ਅਰਜ਼ੀਆਂ ਨਿਪਟਾਉਣੀਆਂ ਹੋਣ—ਇਹ ਸਾਰਾ ਗ਼ੈਰ-ਵਿੱਦਿਅਕ ਕੰਮਕਾਜ ਹੈੱਡਮਾਸਟਰਾਂ ਨੂੰ ਹੀ ਕਰਨਾ ਪੈਂਦਾ ਸੀ।
ਉਨ੍ਹਾਂ ਦੱਸਿਆ ਕਿ ਸਰਕਾਰ ਬਣਨ ਮਗਰੋਂ ਉਨ੍ਹਾਂ ਨੇ ਸਿੱਖਿਆ ਮੰਤਰੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਕਿ ਸਕੂਲ ਵਿੱਦਿਆ ਦਾ ਪਵਿੱਤਰ ਮੰਦਰ ਹਨ, ਇਸ ਲਈ ਹੈੱਡਮਾਸਟਰਾਂ ਅਤੇ ਅਧਿਆਪਕਾਂ ਨੂੰ ਇਨ੍ਹਾਂ ਬੇਲੋੜੇ ਪ੍ਰਸ਼ਾਸਕੀ ਕੰਮਾਂ ਤੋਂ ਮੁਕਤ ਕਰਕੇ ਥੋੜ੍ਹਾ ਰਾਹਤ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਪੂਰਾ ਧਿਆਨ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਵਿੱਚ ਲਗਾ ਸਕਣ।
ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ ਦੌਰਾਨ ਮੋਹਾਲੀ ਤੋਂ LIVE —— शिक्षक दिवस के अवसर पर विशेष समारोह के दौरान मोहाली से LIVE https://t.co/ILPAqixNGs
— Bhagwant Mann (@BhagwantMann) September 5, 2026ਇਹ ਵੀ ਪੜ੍ਹੋ
ਸਰਕਾਰੀ ਸਕੂਲਾਂ ਵਿੱਚ ਮੈਗਾ PTM ਦੀ ਕੀਤੀ ਇਤਿਹਾਸਕ ਸ਼ੁਰੂਆਤ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐੱਮ.) ਦਾ ਸੱਭਿਆਚਾਰ ਸੀ, ਪਰ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਨੂੰ ਕੋਈ ਨਹੀਂ ਬੁਲਾਉਂਦਾ ਸੀ। ਸਾਡੀ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਵੀ ਇਸ ਰੁਝਾਨ ਨੂੰ ਸ਼ੁਰੂ ਕੀਤਾ ਤਾਂ ਜੋ ਮਾਪਿਆਂ ਨੂੰ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਹੜੇ ਅਧਿਆਪਕ ਪੜ੍ਹਾਉਂਦੇ ਹਨ ਅਤੇ ਅਧਿਆਪਕਾਂ ਨੂੰ ਵੀ ਇਹ ਜਾਣਕਾਰੀ ਮਿਲੇ ਕਿ ਸਕੂਲੋਂ ਛੁੱਟੀ ਹੋਣ ਮਗਰੋਂ ਬੱਚਾ ਕਿਹੋ ਜਿਹੇ ਪਰਿਵਾਰਕ ਮਾਹੌਲ ਵਿੱਚ ਜਾ ਰਿਹਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੀ ਮੀਟਿੰਗ ਦੌਰਾਨ ਰਿਕਾਰਡ 24 ਲੱਖ ਮਾਪੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਦੇਖਣ ਸਕੂਲਾਂ ਵਿੱਚ ਪੁੱਜੇ। ਇੱਥੋਂ ਤੱਕ ਕਿ ਇੱਕ ਰਿਕਸ਼ਾ ਚਾਲਕ ਵੀ ਆਪਣੀ ਸਵਾਰੀ ਛੱਡ ਕੇ ਸਕੂਲ ਪਹੁੰਚਿਆ ਸੀ ਕਿਉਂਕਿ ਉਹ ਆਪਣੇ ਬੱਚੇ ਦੀ ਪੜ੍ਹਾਈ ਪ੍ਰਤੀ ਸੁਚੇਤ ਹੋਣਾ ਚਾਹੁੰਦਾ ਸੀ।
ਚਾਰ ਸਾਲਾਂ ਦੇ ਅਰਸੇ ਦੌਰਾਨ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ
ਸਿੱਖਿਆ ਖੇਤਰ ਵਿੱਚ ਕੀਤੇ ਕ੍ਰਾਂਤੀਕਾਰੀ ਸੁਧਾਰਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ 27ਵੇਂ ਨੰਬਰ ‘ਤੇ ਸੀ। ਸਾਲ 2022 ਵਿੱਚ ਸਾਡੀ ਸਰਕਾਰ ਹੋਂਦ ਵਿੱਚ ਆਈ ਅਤੇ ਪਿਛਲੇ ਚਾਰ ਸਾਲਾਂ ਦੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਦਾ ਪੂਰੀ ਤਰ੍ਹਾਂ ਕਾਇਆ-ਕਲਪ ਕਰ ਦਿੱਤਾ ਗਿਆ ਹੈ। ਅੱਜ ਪੰਜਾਬ ਦੇ ਹਰ ਸਰਕਾਰੀ ਸਕੂਲ ਦਾ ਬੱਚਾ ਫ਼ਰਸ਼ ਦੀ ਥਾਂ ਸੁੰਦਰ ਬੈਂਚਾਂ ‘ਤੇ ਬੈਠ ਕੇ ਪੜ੍ਹਾਈ ਕਰ ਰਿਹਾ ਹੈ। ਸਕੂਲਾਂ ਦੇ ਬਾਥਰੂਮ, ਚਾਰਦੀਵਾਰੀਆਂ ਅਤੇ ਬੁਨਿਆਦੀ ਢਾਂਚੇ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਕਲੈਰੀਕਲ ਸਟਾਫ਼ ਅਤੇ ਅਧਿਆਪਕਾਂ ਦੀਆਂ ਨਵੀਆਂ ਭਰਤੀਆਂ ਕੀਤੀਆਂ ਗਈਆਂ ਹਨ ਅਤੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਲਈ ਭੇਜਿਆ ਗਿਆ ਹੈ।
ਨਕਲ ਦੇ ਰੁਝਾਨ ਬਾਰੇ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਨਕਲ ਦੇ ਸਹਾਰੇ ਕੋਈ ਕਦੋਂ ਤੱਕ ਸਫ਼ਲ ਹੋ ਸਕਦਾ ਹੈ? ਇੱਕ ਇਮਤਿਹਾਨ ਪਾਸ ਕਰ ਲਵੋਗੇ ਤਾਂ ਦੂਜੇ ਵਿੱਚ ਫਸ ਜਾਵੋਗੇ, ਦੂਜਾ ਪਾਸ ਕਰ ਲਵੋਗੇ ਤਾਂ ਤੀਜੇ ਵਿੱਚ ਫਸ ਜਾਵੋਗੇ, ਇਸ ਲਈ ਇਮਾਨਦਾਰਾਨਾ ਮਿਹਨਤ ਦਾ ਕੋਈ ਬਦਲ ਨਹੀਂ ਹੈ।
ਆਪਣੇ ਅਧਿਆਪਕਾਂ ਨੂੰ ਸ਼ਰਧਾ ਨਾਲ ਕੀਤਾ ਯਾਦ
ਮੁੱਖ ਮੰਤਰੀ ਨੇ ਸੁਨਾਮ ਵਿੱਚ ਆਪਣੇ ਸਕੂਲੀ ਜੀਵਨ ਨੂੰ ਚੇਤੇ ਕਰਦਿਆਂ ਆਪਣੇ ਅਧਿਆਪਕਾਂ ਦਾ ਖ਼ਾਸ ਤੌਰ ‘ਤੇ ਨਾਂ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਮਾਜਿਕ ਸਿੱਖਿਆ ਪੜ੍ਹਾਉਣ ਵਾਲੇ ਮਾਸਟਰ ਰਾਮੇਸ਼ਵਰ ਦਾਸ ਜੀ ਸਨ, ਹਿੰਦੀ ਪੜ੍ਹਾਉਣ ਵਾਲੇ ਅਧਿਆਪਕ ਅਤੇ ਅੰਗਰੇਜ਼ੀ ਵਿਸ਼ਾ ਪੜ੍ਹਾਉਣ ਵਾਲੇ ਮੇਨੂੰ ਰਾਮ ਜੀ ਤੇ ਕਸਤੂਰੀ ਲਾਲ ਜੀ ਸਨ, ਜੋ ਸਾਰੇ ਸੁਨਾਮ ਦੇ ਹੀ ਰਹਿਣ ਵਾਲੇ ਸਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਉਹ ਇੱਕ ਸਫ਼ਲ ਕਲਾਕਾਰ ਬਣ ਗਏ ਸਨ, ਉਦੋਂ ਵੀ ਉਹ ਅਧਿਆਪਕ ਉਨ੍ਹਾਂ ਨੂੰ ਮਿਲਦੇ ਰਹਿੰਦੇ ਸਨ ਅਤੇ ਉਹ ਹਮੇਸ਼ਾ ਝੁਕ ਕੇ ਉਨ੍ਹਾਂ ਦੇ ਪੈਰੀਂ ਹੱਥ ਲਗਾ ਕੇ ਆਸ਼ੀਰਵਾਦ ਲੈਂਦੇ ਸਨ।
ਅਧਿਆਪਕਾਂ ਦੀ ਤੁਲਨਾ ਮਾਲੀ ਨਾਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਜਦੋਂ ਕੋਈ ਰੁੱਖ ਮਿੱਠੇ ਫ਼ਲ ਦੇਣ ਲੱਗਦਾ ਹੈ, ਤਾਂ ਸਭ ਤੋਂ ਵੱਡੀ ਖ਼ੁਸ਼ੀ ਫ਼ਲ ਖਾਣ ਵਾਲੇ ਨੂੰ ਨਹੀਂ, ਸਗੋਂ ਉਸ ਮਾਲੀ ਨੂੰ ਹੁੰਦੀ ਹੈ ਜਿਸ ਨੇ ਉਸ ਬੂਟੇ ਨੂੰ ਲਗਾਇਆ ਅਤੇ ਪਾਲਿਆ ਹੁੰਦਾ ਹੈ। ਮੇਰੇ ਅਧਿਆਪਕਾਂ ਅਤੇ ਪ੍ਰੋਫੈਸਰਾਂ ਨੂੰ ਅੱਜ ਮਾਣ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦਾ ਪੜ੍ਹਾਇਆ ਹੋਇਆ ਬੱਚਾ ਅੱਜ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ। ਤੁਸੀਂ ਸਾਰੇ ਅਧਿਆਪਕ ਉਹ ਮਾਲੀ ਹੋ, ਅਤੇ ਕੋਈ ਵੀ ਇਨਸਾਨ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਅਧਿਆਪਕਾਂ ਦੀ ਦੇਣ ਨੂੰ ਭੁੱਲ ਨਹੀਂ ਸਕਦਾ।”
