ਚੰਡੀਗੜ੍ਹ ‘ਚ ਪੈਟਰੋਲ ਲੰਗਰ ਦੇ 2500, 1000 ਤੇ 500 ਦੇ ਨਕਲੀ ਕੂਪਨ ਬਰਾਮਦ, ਮਚਿਆ ਹੜਕੰਪ; 300 ਵਾਲੀ ਪਰਚੀ ਜਾਇਜ਼
ਚੰਡੀਗੜ੍ਹ ਵਿਖੇ ਪੈਟਰੋਲ ਦਾ ਲੰਗਰ ਲਗਾਉਣ ਦੇ ਚਰਚਿਤ ਐਲਾਨ ਮਗਰੋਂ ਵੰਡੇ ਗਏ ਕੂਪਨਾਂ ਵਿੱਚ ਵੱਡੇ ਪੱਧਰ 'ਤੇ ਫ਼ਰਜ਼ੀਵਾੜਾ ਸਾਹਮਣੇ ਆਇਆ ਹੈ। ਸ਼ਹਿਰ ਦੇ ਪੈਟਰੋਲ ਪੰਪਾਂ 'ਤੇ 2500, 1000 ਅਤੇ 500 ਰੁਪਏ ਵਾਲੇ ਨਕਲੀ ਕੂਪਨ ਫੜੇ ਜਾਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਧੋਖਾਧੜੀ ਦਾ ਖ਼ੁਲਾਸਾ ਹੋਣ ਮਗਰੋਂ ਉਕਤ ਤਿੰਨੋਂ ਮੁੱਲਾਂ ਵਾਲੇ ਕੂਪਨਾਂ ਦੀ ਮਾਨਤਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਗਈ ਹੈ।
ਚੰਡੀਗੜ੍ਹ ਵਿਖੇ ਪੈਟਰੋਲ ਦਾ ਲੰਗਰ ਲਗਾਉਣ ਦੇ ਚਰਚਿਤ ਐਲਾਨ ਮਗਰੋਂ ਵੰਡੇ ਗਏ ਕੂਪਨਾਂ ਵਿੱਚ ਵੱਡੇ ਪੱਧਰ ‘ਤੇ ਫ਼ਰਜ਼ੀਵਾੜਾ ਸਾਹਮਣੇ ਆਇਆ ਹੈ। ਸ਼ਹਿਰ ਦੇ ਪੈਟਰੋਲ ਪੰਪਾਂ ‘ਤੇ 2500, 1000 ਅਤੇ 500 ਰੁਪਏ ਵਾਲੇ ਨਕਲੀ ਕੂਪਨ ਫੜੇ ਜਾਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਧੋਖਾਧੜੀ ਦਾ ਖ਼ੁਲਾਸਾ ਹੋਣ ਮਗਰੋਂ ਉਕਤ ਤਿੰਨੋਂ ਮੁੱਲਾਂ ਵਾਲੇ ਕੂਪਨਾਂ ਦੀ ਮਾਨਤਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਗਈ ਹੈ। ਮੌਜੂਦਾ ਸਮੇਂ ਪੈਟਰੋਲ ਪੰਪਾਂ ‘ਤੇ ਸਿਰਫ਼ 300 ਰੁਪਏ ਦੇ ਅਸਲ ਕੂਪਨ ਹੀ ਸਵੀਕਾਰ ਕੀਤੇ ਜਾ ਰਹੇ ਹਨ।
ਇਹ ਗੜਬੜੀ ਚੰਡੀਗੜ੍ਹ ਦੇ ਸੈਕਟਰ-7 ਸਥਿਤ ਸਿੱਧੂ ਪੈਟਰੋਲ ਪੰਪ ‘ਤੇ ਉਸ ਵੇਲੇ ਸਾਹਮਣੇ ਆਈ, ਜਦੋਂ ਪੰਪ ਕਰਮਚਾਰੀਆਂ ਨੇ ਕੂਪਨਾਂ ਦੇ ਕਾਗ਼ਜ਼ ਦੀ ਗੁਣਵੱਤਾ ਵਿੱਚ ਅੰਤਰ ਦੇਖਿਆ। ਕਾਰੋਬਾਰੀ ‘ਰਾਜਾ ਦੀ ਕਿੰਗ’ ਵੱਲੋਂ ਜਾਰੀ ਕੀਤੇ ਗਏ ਅਸਲ ਕੂਪਨਾਂ ਦਾ ਕਾਗ਼ਜ਼ ਮੋਟਾ ਸੀ, ਜਦਕਿ ਪੰਪ ‘ਤੇ ਲਿਆਂਦੇ ਗਏ ਕਈ ਕੂਪਨ ਬੇਹੱਦ ਹਲਕੇ ਕਾਗ਼ਜ਼ ‘ਤੇ ਛਾਪੇ ਗਏ ਸਨ। ਸ਼ੱਕ ਪੈਣ ‘ਤੇ ਪੰਪ ਸੰਚਾਲਕਾਂ ਨੇ ਤੁਰੰਤ ‘ਰਾਜਾ ਦੀ ਕਿੰਗ’ ਨਾਲ ਸੰਪਰਕ ਸਾਧਿਆ। ਸੂਚਨਾ ਮਿਲਦਿਆਂ ਹੀ ਉਹ ਖ਼ੁਦ ਪੈਟਰੋਲ ਪੰਪ ‘ਤੇ ਪਹੁੰਚੇ ਅਤੇ ਕੂਪਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ। ਪੜਤਾਲ ਦੌਰਾਨ ਸਪੱਸ਼ਟ ਹੋਇਆ ਕਿ ਕਿਸੇ ਅਣਪਛਾਤੇ ਗਰੋਹ ਨੇ 2500, 1000 ਅਤੇ 500 ਰੁਪਏ ਵਾਲੇ ਕੂਪਨ ਹੂਬਹੂ ਨਕਲੀ ਛਾਪ ਲਏ ਹਨ। ਇਸ ਮਗਰੋਂ ਉਨ੍ਹਾਂ ਨੇ ਪੰਪ ਪ੍ਰਬੰਧਕਾਂ ਨੂੰ ਸਿਰਫ਼ 300 ਰੁਪਏ ਵਾਲੇ ਕੂਪਨ ਲੈਣ ਦੇ ਹੁਕਮ ਦਿੱਤੇ, ਕਿਉਂਕਿ ਜਾਅਲਸਾਜ਼ 300 ਰੁਪਏ ਵਾਲੇ ਕੂਪਨਾਂ ਦੀ ਨਕਲ ਤਿਆਰ ਨਹੀਂ ਕਰ ਸਕੇ ਸਨ।
21 ਸਤੰਬਰ ਤੋਂ ਬਾਅਦ ਮੁਫ਼ਤ ਆਈਫ਼ੋਨ ਵੰਡਣ ਦੀ ਤਿਆਰੀ
ਪੈਟਰੋਲ ਲੰਗਰ ਕਾਰਨ ਸੁਰਖ਼ੀਆਂ ‘ਚ ਆਏ ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ ‘ਰਾਜਾ ਦੀ ਕਿੰਗ’ ਨੇ ਹੁਣ ਔਰਤਾਂ ਅਤੇ ਮੁਟਿਆਰਾਂ ਨੂੰ ਮੁਫ਼ਤ ਆਈਫ਼ੋਨ ਦੇਣ ਦਾ ਨਵਾਂ ਦਾਅਵਾ ਠੋਕ ਦਿੱਤਾ ਹੈ। ਇਸ ਮੁਹਿੰਮ ਤਹਿਤ 18 ਸਾਲ ਤੋਂ ਵੱਧ ਉਮਰ ਵਾਲੀਆਂ ਔਰਤਾਂ ਲਈ ਵਿਸ਼ੇਸ਼ ਵਟਸਐਪ ਗਰੁੱਪ ਤਿਆਰ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 21 ਸਤੰਬਰ ਤੋਂ ਬਾਅਦ ਇਹ ਆਈਫ਼ੋਨ ਵੰਡੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਕੇਸ਼ ਤ੍ਰੇਹਨ ਚੰਡੀਗੜ੍ਹ ਵਿੱਚ 500-500 ਰੁਪਏ ਦੇ ਨੋਟਾਂ ਦਾ ਲੰਗਰ ਲਗਾਉਣ ਦੇ ਐਲਾਨ ਕਾਰਨ ਖ਼ੂਬ ਚਰਚਾ ਵਿੱਚ ਰਹੇ ਸਨ।
ਜਲਦ ਜਾਰੀ ਹੋਣਗੇ ਨਵੇਂ ਸੁਰੱਖਿਆ ਫ਼ੀਚਰਾਂ ਵਾਲੇ ਕੂਪਨ
ਰਾਜਾ ਦੀ ਕਿੰਗ ਨੇ ਸਥਿਤੀ ਸਪੱਸ਼ਟ ਕਰਦਿਆਂ ਦੱਸਿਆ ਕਿ ਪੈਟਰੋਲ ਲਈ ਨਵੇਂ ਡਿਜ਼ਾਈਨ ਅਤੇ ਵਿਸ਼ੇਸ਼ ਸੁਰੱਖਿਆ ਨਿਸ਼ਾਨਾਂ ਵਾਲੇ ਕੂਪਨ ਤਿਆਰ ਕੀਤੇ ਜਾ ਰਹੇ ਹਨ, ਜੋ ਜਲਦੀ ਹੀ ਆਮ ਲੋਕਾਂ ਨੂੰ ਵੰਡੇ ਜਾਣਗੇ। ਫ਼ਿਲਹਾਲ ਪੁਰਾਣੇ 2500, 1000 ਅਤੇ 500 ਰੁਪਏ ਦੇ ਕੂਪਨਾਂ ‘ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਪੈਟਰੋਲ ਲੰਗਰ ਦੇ ਐਲਾਨ ਮਗਰੋਂ ਵੱਡੀ ਗਿਣਤੀ ‘ਚ ਲੋਕਾਂ ਨੇ ਇਹ ਕੂਪਨ ਹਾਸਲ ਕੀਤੇ ਸਨ। ਜਾਅਲਸਾਜ਼ੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਹੁਣ ਕੂਪਨਾਂ ਦੀ ਤਸਦੀਕ ਅਤੇ ਵੰਡ ਪ੍ਰਣਾਲੀ ਵਿੱਚ ਸਖ਼ਤ ਚੌਕਸੀ ਵਰਤੀ ਜਾ ਰਹੀ ਹੈ।
ਆਈਫ਼ੋਨ ਲੈਣ ਲਈ ਵਟਸਐਪ ਗਰੁੱਪ ‘ਚ ਸ਼ਾਮਲ ਹੋਣ ਦੀ ਸ਼ਰਤ
ਰਾਜਾ ਦੀ ਕਿੰਗ ਅਨੁਸਾਰ ਮੁਫ਼ਤ ਆਈਫ਼ੋਨ ਸਕੀਮ ਦਾ ਲਾਭ ਲੈਣ ਲਈ ਔਰਤਾਂ ਨੂੰ ਜਾਰੀ ਕੀਤੇ ਗਏ ਮੋਬਾਈਲ ਨੰਬਰ ‘ਤੇ ਸੰਪਰਕ ਕਰਨਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਦਾ ਨੰਬਰ ਸਬੰਧਤ ਵਟਸਐਪ ਗਰੁੱਪ ਵਿੱਚ ਸ਼ਾਮਲ ਕੀਤਾ ਜਾਵੇਗਾ। ਗਰੁੱਪ ਵਿੱਚ ਸ਼ਾਮਲ ਹੋਣ ਉਪਰੰਤ ਮੈਂਬਰਾਂ ਲਈ ‘ਜੈ ਮਾਤਾ ਦੀ’ ਲਿਖਣਾ ਲਾਜ਼ਮੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੀ 21 ਸਤੰਬਰ ਤੋਂ ਬਾਅਦ ਵੰਡ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਕੌਣ ਹਨ ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ ‘ਰਾਜਾ ਦੀ ਕਿੰਗ’?
ਸੋਸ਼ਲ ਮੀਡੀਆ ‘ਤੇ ‘ਰਾਜਾ ਦੀ ਕਿੰਗ’ ਦੇ ਨਾਂ ਨਾਲ ਮਸ਼ਹੂਰ ਰਾਕੇਸ਼ ਤ੍ਰੇਹਨ ਮੂਲ ਰੂਪ ਵਿੱਚ ਅੰਮ੍ਰਿਤਸਰ ਸ਼ਹਿਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਕੱਪੜਾ ਵਪਾਰੀ ਸਨ, ਜਿਨ੍ਹਾਂ ਦਾ ਦਿਹਾਂਤ ਹੋ ਚੁੱਕਾ ਹੈ। ਰਾਕੇਸ਼ ਮੁਤਾਬਕ ਉਨ੍ਹਾਂ ਨੂੰ ਆਪਣੇ ਪਿਤਾ ਦੀ ਜਾਇਦਾਦ ਵਿੱਚੋਂ ਅੱਧਾ ਹਿੱਸਾ ਮਿਲਿਆ ਸੀ। ਰਾਕੇਸ਼ ਤ੍ਰੇਹਨ ਦੀ ਕੰਪਨੀ ਡਿਜੀਟਲ ਕਰੰਸੀ ਅਤੇ ਆਨਲਾਈਨ ਫਾਈਨੈਂਸ ਮਾਰਕੀਟ ਵਿੱਚ ਨਿਵੇਸ਼ ਤੇ ਟਰੇਡਿੰਗ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕਾਰੋਬਾਰ ਰੀਅਲ ਅਸਟੇਟ ਅਤੇ ਪ੍ਰਾਪਰਟੀ ਡੀਲਿੰਗ ਨਾਲ ਵੀ ਜੁੜਿਆ ਹੋਇਆ ਹੈ। ਉਹ ਮਰਸਿਡੀਜ਼ ਵਰਗੀਆਂ ਲਗਜ਼ਰੀ ਕਾਰਾਂ ਵਿੱਚ ਘੁੰਮਦੇ ਹਨ ਅਤੇ ਆਪਣੀ ਨਿੱਜੀ ਸੁਰੱਖਿਆ ਲਈ ਹਥਿਆਰਬੰਦ ਬਾਊਂਸਰ ਤਾਇਨਾਤ ਰੱਖਦੇ ਹਨ।
ਸਤੰਬਰ 2025 ਦੌਰਾਨ ਅੰਮ੍ਰਿਤਸਰ ਪੁਲਿਸ ਨੇ ਰਾਕੇਸ਼ ਤ੍ਰੇਹਨ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਗੰਭੀਰ ਦੋਸ਼ਾਂ ਹੇਠ ਕੇਸ ਵੀ ਦਰਜ ਕੀਤਾ ਸੀ। ਉਨ੍ਹਾਂ ‘ਤੇ ਸੋਸ਼ਲ ਮੀਡੀਆ ਦੀਆਂ ਕੁਝ ਵੀਡੀਓਜ਼ ਵਿੱਚ ਦੇਵੀ-ਦੇਵਤਿਆਂ ਅਤੇ ਗੁਰੂ ਸਾਹਿਬਾਨ ਬਾਰੇ ਇਤਰਾਜ਼ਯੋਗ ਅਤੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਸੀ, ਜਿਸ ਕਾਰਨ ਪੁਲਿਸ ਵੱਲੋਂ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
