ਸੱਤਾਂ ਸਾਂਸਦਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ, ਬੀਜੇਪੀ ਸਾਡੇ ਕੰਮਾਂ ਤੋਂ ਡਰੀ : ਸੀਐਮ ਭਗਵੰਤ ਮਾਨ

Updated On: 

24 Apr 2026 17:56 PM IST

CM Bhagwant Mann on BJP: ਮੁੱਖ ਮੰਤਰੀ ਨੇ ਕਿਹਾ, "ਮੈਂ ਈਡੀ ਨੂੰ ਕਹਿੰਦਾ ਹਾਂ ਕਿ ਭਗਵੰਤ ਮਾਨ ਦੇ ਘਰ ਛਾਪਾ ਮਾਰੋ। ਉਨ੍ਹਾਂ ਨੇ ਸੰਜੇ ਸਿੰਘ ਦੇ ਘਰ ਛਾਪਾ ਮਾਰਿਆ। ਕੀ ਮਿਲਿਆ? ਆਓ, ਜੇ ਤੁਹਾਡੇ ਵਿੱਚ ਹਿੰਮਤ ਹੈ, ਤਾਂ ਭਗਵੰਤ ਮਾਨ ਨੂੰ ਖਰੀਦ ਕੇ ਦਿਖਾਓ। ਉਹ ਕਰੰਸੀ ਅਜੇ ਬਣੀ ਹੀ ਨਹੀਂ, ਜਿਸ ਨਾਲ ਮਾਨ ਨੂੰ ਖਰੀਦਿਆ ਜਾ ਸਕੇ।"

ਸੱਤਾਂ ਸਾਂਸਦਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ, ਬੀਜੇਪੀ ਸਾਡੇ ਕੰਮਾਂ ਤੋਂ ਡਰੀ : ਸੀਐਮ ਭਗਵੰਤ ਮਾਨ

ਭਗਵੰਤ ਮਾਨ, ਸੀਐਮ, ਪੰਜਾਬ

ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ ਆਮ ਆਦਮੀ ਪਾਰਟੀ ਦੇ 7 ਰਾਜਸਭਾ ਮੈਂਬਰਾਂ ਦੇ AAP ਛੱਡਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (BJP) ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਬੀਜੇਪੀ ਜਿਸ ਨਾਲ ਰਲੇਵਾਂ ਕਰਦੀ ਹੈ, ਉਸਨੂੰ ਖਾ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੱਤ ਬੰਦੇ ਪਾਰਟੀ ਨਹੀਂ ਸਨ। ਇਨ੍ਹਾਂ ਗੱਦਾਰਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਪਿਆਰ ਦੀ ਕੋਈ ਕੀਮਤ ਨਹੀਂ ਹੈ। ਕਿਸੇ ਵੀ ਕਰੰਸੀ ਨਾਲ ਪੰਜਾਬ ਦੇ ਲੋਕਾਂ ਦਾ ਪਿਆਰ ਨਹੀਂ ਖਰੀਦਿਆ ਜਾ ਸਕਦਾ। ਉਨ੍ਹਾਂ ਨੇ ਬੀਜੇਪੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਤੇ ਛਾਪਾ ਮਾਰ ਕੇ ਦਿਖਾਉਣ।

ਸੀਐਮ ਮਾਨ ਨੇ ਕਿਹਾ, “ਪਾਰਟੀ ਵੱਡੀ ਹੁੰਦੀ ਹੈ, ਸੰਗਠਨ ਵੱਡਾ ਹੁੰਦਾ ਹੈ, ਵਿਅਕਤੀ ਨਹੀਂ। ਇਹ ਛੇ-ਸੱਤ ਲੋਕ ਜੋ ਗਏ ਹਨ, ਉਨ੍ਹਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੂੰ ਇੱਥੇ ਬੈਠੇ-ਬੈਠੇ ਅਹੁਦੇ ਮਿਲ ਗਏ, ਉਨ੍ਹਾਂ ਨੂੰ ਕਿਸੇ ਤੋਂ ਵੋਟਾਂ ਮੰਗਣ ਦੀ ਲੋੜ ਨਹੀਂ ਪਈ। ਹੁਣ ਉਹ ਉੱਥੇ ਆਪਣੇ ਰਾਜਨੀਤਿਕ ਹਿੱਤਾਂ ਲਈ ਨਹੀਂ, ਆਪਣੀਆਂ ਜਾਨਾਂ ਬਚਾਉਣ ਲਈ ਗਏ ਹਨ।। ਪਰ ਉੱਥੇ ਵੀ ਉਨ੍ਹਾਂ ਦਾ ਕੁਝ ਨਹੀਂ ਹੋਵੇਗਾ। ਉਨ੍ਹਾਂ ਦਾ ਇਸਤੇਮਾਲ ਕਰਕੇ ਛੱਡ ਦਿੱਤਾ ਜਾਵੇਗਾ।

ਸੀਐਮ ਮਾਨ ਨੇ ਬੀਜੇਪੀ ਵਿੱਚ ਕਾਂਗਰਸ ਤੋਂ ਬੀਜੇਪੀ ਵਿੱਚ ਸ਼ਾਮਲ ਹੋਏ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਵਰਗ੍ਹੇ ਵੱਡੇ ਚੇਹਰਿਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਨ੍ਹਾਂ ਦਾ ਕੀ ਹਾਲ ਹੋਇਆ ਹੈ। ਇੰਝ ਹੀ ਇਨ੍ਹਾਂ ਸੱਤਾਂ ਨੂੰ ਵੀ ਰੰਗ ਲਗਾ ਕੇ ਕੰਡੇ ਲਾ ਦਿੱਤਾ ਜਾਵੇਗਾ। ਬੀਜੇਪੀ ਹਮੇਸ਼ਾ ਇੰਝ ਹੀ ਕਰਦੀ ਆਈ ਹੈ। ਇਨ੍ਹਾਂ ਸੱਤਾਂ ਨੂੰ ਵੀ ਰੰਗ ਲਗਾ ਕੇ ਛੱਡ ਦੇਵੇਗੀ। ਇਹ ਲੋਕ ਕਿਧਰੇ ਜੋਗੇ ਨਹੀਂ ਰਹਿਣਗੇ।

ਇਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ – ਸੀਐਮ ਮਾਨ

ਸੀਐਮ ਮਾਨ ਨੇ ਕਿਹਾ ਕਿ ਥੋੜਾ ਦੁੱਖ ਜਰੂਰ ਹੋਇਆ ਹੈ। ਜਦੋਂ ਪਾਰਟੀ ਬਣਾਈ ਸੀ, ਤਾਂ ਇਹ ਲੋਕ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ। ਰਾਘਵ ਚੱਢਾ ਨੂੰ ਜਲ ਬੋਰਡ ਦਾ ਚੇਅਰਮੈਨ ਬਣਾਇਆ ਸੀ।ਵੋਟਾਂ ਮੰਗੇ ਬਿਨਾਂ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ। ਇੱਕ ਜਾਂ ਦੋ ਲੋਕਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ।” ਇਨ੍ਹਾਂ ਦਾ ਲੋਕਾਂ ਵਿੱਚ ਕੋਈ ਆਧਾਰ ਨਹੀਂ ਹੈ। ਇਹ ਤਾਂ ਰਾਜਸਭਾ ਮੈਂਬਰ ਸਨ। ਇਨ੍ਹਾਂ ਦਾ ਪਬਲਿਕ ਨਾਲ ਕੋਈ ਲਿੰਕ ਨਹੀਂ ਹੈ। ਇਨ੍ਹਾਂ ਦਾ ਕੋਈ ਵੋਟ ਬੈਂਕ ਹੀ ਨਹੀਂ ਹੈ। ਇਨ੍ਹਾਂ ਨੂੰ ਤਾਂ ਬੈਠੇ ਬਿਠਾਏ ਪੰਜਾਬ ਦੀ ਨੁਮਾਇੰਦਿਗੀ ਕਰਨ ਦਾ ਮੌਕਾ ਦਿੱਤਾ ਸੀ, ਪਰ ਇਨ੍ਹਾਂ ਨੇ ਪੰਜਾਬੀਆਂ ਨਾਲ ਧੋਖਾ ਕਰ ਦਿੱਤਾ, ਇਹ ਬੜੀ ਮਾੜੀ ਗੱਲ ਹੈ। ਹੁਣ ਇਹ ਕਿਹੜੇ ਮੁੰਹ ਨਾਲ ਪੰਜਾਬ ਆਉਣਗੇ।

ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੇ ਪਾਰਟੀ ਨੂੰ ਛੱਡਣੀ ਹੁੰਦੀ ਹੈ ਤਾਂ ਉਨ੍ਹਾਂ ਦਾ ਦੱਮ ਘੁੱਟਣ ਲੱਗਦਾ ਹੈ। ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਪਾਰਟੀ ਅਜਿਹੀ ਕਿਹੜੀ ਹਵਾ ਛੱਡਦੀ ਹੈ ਜਿਹੜਾ ਇਨ੍ਹਾਂ ਦਾ ਦੱਮ ਘੁੱਟਣ ਲੱਗਦਾ। ਉਨ੍ਹਾਂ ਕਿਹਾ ਕਿ ਪਾਰਟੀ ਇਨ੍ਹਾ ਸੱਤ ਲੋਕਾਂ ਦੀ ਨਹੀਂ ਹੈ, ਸਾਡੀ ਪਾਰਟੀ ਨੈਸ਼ਨਲ ਲੇਵਲ ਦੀ ਹੈ, ਇਨ੍ਹਾਂ ਦੇ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ।

ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ – ਸੀਐਮ ਮਾਨ

ਮਾਨ ਨੇ ਕਿਹਾ, “ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ। ਇਹ ਸੱਤ ਲੋਕ ਪਾਰਟੀ ਦਾ ਹਿੱਸਾ ਨਹੀਂ ਸਨ। ਕਈ ਵਾਰ ਲੋਕਾਂ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਸਲੂਟ ਸਾਨੂੰ ਮਾਰੇ ਜਾਂਦੇ ਹਨ, ਪਰ ਇਸ ਪਿੱਛੇ ਕੋਈ ਹੋਰ ਹੁੰਦਾ ਹੈ। ਪੰਜਾਬ ਦੇ ਲੋਕ ਇਨ੍ਹਾਂ ਗੱਦਾਰਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਇਹ ਮੇਲੇ ਦੇ ਅਮਰੂਦ ਬਣ ਕੇ ਰਹਿ ਗਏ ਹਨ। ਇਨ੍ਹਾਂ ਨੂੰ ਕੌਣ ਪੁੱਛੇਗਾ? ਆਮ ਆਦਮੀ ਪਾਰਟੀ ਨਾਲ ਕਰੀਅਰ ਨਹੀਂ ਬਣਦੇ। ਅਸੀਂ ਆਪਣਾ ਕਰੀਅਰ ਛੱਡ ਕੇ ਆਏ ਹਾਂ।” ਇੱਕ ਸਵਾਲ ਦੇ ਜਵਾਬ ਵਿੱਚ, ਮੁੱਖ ਮੰਤਰੀ ਨੇ ਕਿਹਾ, “ਇਹ ਭਾਜਪਾ ਮੈਂਬਰ ਆਰਥਿਕਤਾ ‘ਤੇ ਸੱਟ ਮਾਰਦੇ ਹਨ। ਮੇਰਾ ਸ਼ੋਅ ਜੁਗਨੂੰ ਵੀ ਇਨ੍ਹਾਂ ਨੇ ਬੰਦ ਕਰਵਾ ਦਿੱਤਾ ਸੀ। ਹਰਭਜਨ ਸਿੰਘ ਨੂੰ ਵੀ ਅਜਿਹੀਆਂ ਧਮਕੀਆਂ ਮਿਲੀਆਂ ਹੋਣਗੀਆਂ ਕਿਉਂਕਿ ਉਹ ਕ੍ਰਿਕਟ ‘ਕੁਮੈਂਟਰੀ ਕਰਦੇ ਹਨ।

ਅਸੀਂ ਹਰ ਖੇਤਰ ਦੀ ਦਿੱਤੀ ਨੁਮਾਇੰਦਗੀ – ਸੀਐਮ ਮਾਨ

ਸੀਐਮ ਮਾਨ ਨੇ ਅੱਗੇ ਕਿਹਾ ਕਿ ਅਸੀਂ ਹਰ ਖੇਤਰ ਤੋਂ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ। ਸਪੋਰਟਸ ਚੋਂ ਹਰਭਜਨ ਸਿੰਘ, ਸਿੱਖਿਆ ਤੋਂ ਅਸ਼ੋਕ ਮਿੱਤਲ, ਵਿਕਰਮ ਸਿੰਘ ਸਾਹਣੀ ਸਮਾਜ ਸੇਵਾ ਕਰਦੇ ਰਹਿੰਦੇ ਸਨ, ਉਦੋਯਗ ਤੋਂ ਰਾਜੇਂਦਰ ਗੁਪਤਾ ਨੂੰ ਭੇਜਿਆ ਜਦੋਂਕਿ ਰਾਘਵ ਚੱਡਾ ਯੰਗ ਚੇਹਰਾ ਸਨ। ਵਾਤਾਵਰਣ ਪ੍ਰੇਮੀ ਦੇ ਤੌਰ ਤੇ ਸੰਤ ਸੀਚੇਵਾਲ ਜੀ ਅੱਜ ਵੀ ਸਾਡੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਮਸ਼ੀਨ ਨਹੀਂ ਹੈ, ਜਿਸਨੂੰ ਦਿਲ ਤੇ ਲਗਾ ਕੇ ਚੈੱਕ ਕਰ ਲਈਏ ਕਿ ਕਿਹੜਾ ਪੰਜਾਬ ਦੇ ਲੋਕਾਂ ਪ੍ਰਤੀ ਕਿੰਨਾ ਇਮਾਨਦਾਰ ਹੈ। ਜੇ ਕੋਈ ਅਜਿਹੀ ਮਸ਼ੀਨ ਆਈ ਤਾਂ ਮੈਨੂੰ ਵੀ ਦੱਸਣਾ, ਮੈਂ ਵੀ ਐਮਾਜ਼ਾਨ ਤੋਂ ਖਰੀਦ ਲਵਾਂਗਾ।

Follow Us