ਅਸੀਂ ਫੈਸਲਾ ਚੰਨੀ ‘ਤੇ ਛੱਡਿਆ, ਬੈਠਕ ਤੋਂ ਬਾਅਦ ਬੋਲੇ ਸਮਰਥਕ ਕਾਂਗਰਸੀ ਆਗੂ

Updated On: 

03 Jul 2026 15:48 PM IST

Charnjit Channi Congress leaders Meeting: ਮੀਟਿੰਗ ਤੋਂ ਬਾਅਦ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਸਾਰਿਆਂ ਨੇ ਚੰਨੀ ਨੂੰ ਹਾਈਕਮਾਨ ਨਾਲ ਗੱਲ ਕਰਨ ਦੀ ਅਪੀਲ ਕੀਤੀ। ਉਹ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ। ਹਾਈਕਮਾਨ ਨਾਲ ਕੋਈ ਟਕਰਾਅ ਨਹੀਂ ਹੈ। ਉਹ ਲਏ ਗਏ ਫੈਸਲੇ ਤੋਂ ਨਾਖੁਸ਼ ਹਨ। ਵੜਿੰਗ ਪ੍ਰਧਾਨ ਨੂੰ ਮਨਜ਼ੂਰੀ ਨਹੀਂ ਹੈ। ਹਾਈਕਮਾਨ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਅਸੀਂ ਫੈਸਲਾ ਚੰਨੀ ਤੇ ਛੱਡਿਆ, ਬੈਠਕ ਤੋਂ ਬਾਅਦ ਬੋਲੇ ਸਮਰਥਕ ਕਾਂਗਰਸੀ ਆਗੂ

ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਘਰ ਇਸ ਵੇਲੇ ਬਗਾਵਤ ਦਾ ਕੇਂਦਰ ਬਣਿਆ ਹੋਇਆ ਹੈ। ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਨਾ ਬਣਾਏ ਜਾਣ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਆਪਣੇ ਮੋਰਿੰਡਾ ਸਥਿਤ ਘਰ ‘ਤੇ ਕਾਂਗਰਸੀ ਆਗੂਆਂ ਨਾਲ ਐਮਰਜੈਂਸੀ ਮੀਟਿੰਗ ਸੱਦੀ, ਜਿਸ ਵਿੱਚ ਤਿੰਨ ਮੌਜੂਦਾ ਵਿਧਾਇਕਾਂ ਸਮੇਤ 55 ਸਮਰਥਕ ਆਗੂ ਸ਼ਾਮਲ ਹੋਏ।

ਹਾਈਕਮਾਨ ਨਾਲ ਕੋਈ ਟਕਰਾਅ ਨਹੀਂ- ਤ੍ਰਿਪਤ ਰਜਿੰਦਰ ਬਾਜਵਾ

ਮੀਟਿੰਗ ਤੋਂ ਬਾਅਦ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਸਾਰਿਆਂ ਨੇ ਚੰਨੀ ਨੂੰ ਹਾਈਕਮਾਨ ਨਾਲ ਗੱਲ ਕਰਨ ਦੀ ਅਪੀਲ ਕੀਤੀ ਹੈ। ਉਹ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ। ਸਾਡਾ ਹਾਈਕਮਾਨ ਨਾਲ ਕੋਈ ਟਕਰਾਅ ਨਹੀਂ ਹੈ। ਬੱਸ ਚੰਨੀ ਹਾਈਕਮਾਂਡ ਵੱਲੋਂ ਲਏ ਗਏ ਫੈਸਲੇ ਤੋਂ ਨਾਖੁਸ਼ ਹਨ। ਵੜਿੰਗ ਦੀ ਪ੍ਰਧਾਨਗੀ ਜਿਆਦਾਤਰ ਆਗੂਆਂ ਨੂੰ ਮਨਜ਼ੂਰ ਨਹੀਂ ਹੈ। ਸਡਾ ਸੁਝਾਅ ਹੈ ਕਿ ਹਾਈਕਮਾਨ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਉਥੇ ਹੀ ਸਾਬਕਾ ਵਿਧਾਇਕ ਤਰਸੇਮ ਡੀਸੀ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੂਬਾ ਪ੍ਰਧਾਨ ਹੋਣ ਨਾਲ ਕਾਂਗਰਸ ਸਰਕਾਰ ਨਹੀਂ ਬਣਾ ਸਕਦੀ। ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਨੇ ਕਿਹਾ, “ਅਜੈ ਮਾਕਨ ਦੀ ਕਮੇਟੀ ਦੀ ਰਾਏ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਚੰਨੀ ਦਾ ਨਾਮ ਅਜੈ ਮਾਕਨ ਦੀ ਰਿਪੋਰਟ ਦੇ ਸਿਖਰ ‘ਤੇ ਸੀ। ਮੈਨੂੰ ਚੰਨੀ ਦੇ ਘਰ ਸੱਦਾ ਦਿੱਤਾ ਗਿਆ ਸੀ, ਪਰ ਮੈਂ ਨਹੀਂ ਗਿਆ। ਮੈਂ ਪਾਰਟੀ ਦੇ ਨਾਲ ਹਾਂ।”

ਸੁਖਜਿੰਦਰ ਸਿੰਘ ਰੰਧਾਵਾ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਇਸ ਦੌਰਾਨ, ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਵੇਰੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਭਾਜਪਾ ਦੇ ਰਾਜ ਸਭਾ ਮੈਂਬਰ ਤਰੁਣ ਚੁੱਘ ਵੀ ਨਜਰ ਆਏ। ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਰੰਧਾਵਾ ਨੇ ਕਿਹਾ, “ਚੰਨੀ ਅਤੇ ਰਾਜਾ ਵੜਿੰਗ ਤੋਂ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਪੁੱਛੋ।ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਨੀਆਂ ਮੀਟਿੰਗਾਂ ਦੇ ਬਾਵਜੂਦ ਜੇਕਰ ਅਜਿਹੀ ਸਥਿਤੀ ਪੈਦਾ ਹੋਈ ਹੈ ਤਾਂ ਇਹ ਬੜੀ ਹੀ ਮੰਦਭਾਗੀ ਗੱਲ ਹੈ ।” ਉਨ੍ਹਾਂ ਇਹ ਵੀ ਕਿਹਾ ਕਿ ਸ਼ਾਹ ਨਾਲ ਮੁਲਾਕਾਤ ਪਹਿਲਾਂ ਤੋਂ ਤੈਅ ਸੀ।

ਚੰਨੀ ਦੀ ਬੈਠਕ ‘ਚ ਪਹੁੰਚੇ ਇਹ ਆਗੂ

ਚਰਨਜੀਤ ਚੰਨੀ ਦੇ ਸੱਦੇ ‘ਤੇ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ, ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋਂ, ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ, ਸਾਬਕਾ ਡਿਪਟੀ ਸੀਐਮ ਓਪੀ ਸੋਨੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ, ਨਾਜ਼ਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਦਵਿੰਦਰ ਸਿੰਘ ਘੁਬਾਇਆ, ਤਰਕਬੀਰ ਸਿੰਘ ਬੁਲਾਰੀਆ, ਡੀ.ਸੀ. ਦਰਸ਼ਨ ਬਰਾੜ, ਹਰਮਿੰਦਰ ਸਿੰਘ ਗਿੱਲ, ਮਦਨ ਲਾਲ ਜਲਾਲਪੁਰ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ, ਕਮਲਜੀਤ ਕਰਵਲ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਜੋਗਿੰਦਰ ਪਾਲ, ਦਿਨੇਸ਼ ਬੱਸੀ, ਦਲਬੀਰ ਗੋਲਡੀ, ਸਾਬਕਾ ਵਿਧਾਇਕ ਪਿਰਮਲ ਸਿੰਘ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੰਨੀ ਦੇ ਘਰ ਪੁੱਜੇ।

ਦਰਅਸਲ, ਕਾਂਗਰਸ ਹਾਈਕਮਾਨ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਕਾਂਗਰਸ ਪ੍ਰਧਾਨ ਵਜੋਂ ਬਰਕਰਾਰ ਰੱਖਿਆ ਹੈ। ਇਸ ਫੈਸਲੇ ਨਾਲ ਆਗੂਆਂ ਵਿੱਚ ਨਾਰਾਜ਼ਗੀ ਪੈਦਾ ਹੋ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਫਰਵਰੀ 2027 ਵਿੱਚ ਹੋਣੀਆਂ ਹਨ।

Follow Us