Punjab CM Vs Governor: ਰਾਜਪਾਲ ਤੇ ਮੁੱਖ ਮੰਤਰੀਆਂ ਵਿਚਾਲੇ ਕਿਉਂ ਚੱਲਦੀ ਹੈ ‘ਕੋਲਡ ਵਾਰ’, ਜਾਣੋ ਕੀ ਕਹਿੰਦਾ ਹੈ ਸੰਵਿਧਾਨ
Punjab CM Vs Governor: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਸ਼ਬਦੀ ਜੰਗ ਨੇ ਇੱਕ ਵਾਰ ਫਿਰ ਉਨ੍ਹਾਂ ਮਾਮਲਿਆਂ ਨੂੰ ਭਖਾ ਦਿੱਤਾ ਹੈ ਜੋ ਪੱਛਮੀ ਬੰਗਾਲ, ਕੇਰਲਾ, ਮਹਾਰਾਸ਼ਟਰ ਸਮੇਤ ਕਈ ਰਾਜਾਂ ਵਿੱਚ ਦੇਖੇ ਗਏ ਸਨ। ਇਨ੍ਹਾਂ ਸੂਬਿਆਂ ਚ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਖੂਬ ਖਿੱਚੋਤਾਨ ਹੋਈ ।
ਉਹ ਸੰਵਿਧਾਨਕ ਸਥਿਤੀਆਂ ਜੋ ਬਣਦੀਆਂ ਹਨ ਸ਼ਬਦੀ ਜੰਗ ਦੀ ਵਜ੍ਹਾ
- ਰਾਜ ਦਾ ਸੰਵਿਧਾਨਕ ਮੁਖੀ ਹੋਣ ਦੇ ਨਾਲ-ਨਾਲ ਰਾਜਪਾਲ ਕੇਂਦਰ ਅਤੇ ਰਾਜ ਸਰਕਾਰ ਵਿਚਕਾਰ ਇੱਕ ਮਹੱਤਵਪੂਰਨ ਕੜੀ ਵੀ ਹੈ। ਉਹ ਰਾਜ ਦੇ ਮੁਖੀ ਵਜੋਂ ਕੰਮ ਕਰਦਾ ਹੈ ਜਦੋਂ ਕਿ ਅਸਲ ਸ਼ਕਤੀ ਰਾਜ ਦੇ ਮੁੱਖ ਮੰਤਰੀ ਕੋਲ ਹੁੰਦੀ ਹੈ।
- ਸੰਵਿਧਾਨ ਦੀ ਧਾਰਾ 163 ਕਹਿੰਦੀ ਹੈ ਕਿ ਰਾਜਪਾਲ ਨੂੰ ਸਹਾਇਤਾ ਅਤੇ ਸਲਾਹ ਲਈ ਮੁੱਖ ਮੰਤਰੀ ਦੇ ਨਾਲ ਮੰਤਰੀ ਪਰਿਸ਼ਦ ਹੋਵੇਗੀ। ਜੇਕਰ ਕੋਈ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੋਈ ਮਾਮਲਾ ਰਾਜਪਾਲ ਦੇ ਵਿਵੇਕ ਦੇ ਅਧੀਨ ਹੈ ਜਾਂ ਨਹੀਂ, ਤਾਂ ਰਾਜਪਾਲ ਦਾ ਫੈਸਲਾ ਅੰਤਿਮ ਹੋਵੇਗਾ।
- ਧਾਰਾ 167 ਅਨੁਸਾਰ ਰਾਜਪਾਲ ਸੂਬੇ ਦੇ ਪ੍ਰਸ਼ਾਸਨਿਕ ਅਤੇ ਵਿਧਾਨਕ ਮਾਮਲਿਆਂ ਬਾਰੇ ਮੁੱਖ ਮੰਤਰੀ ਤੋਂ ਜਾਣਕਾਰੀ ਲੈ ਸਕਦਾ ਹੈ। ਕਈ ਵਾਰ ਸੂਬਿਆਂ ਦੇ ਮੁੱਖ ਮੰਤਰੀ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਦਿੰਦੇ। ਪੰਜਾਬ ਦੇ ਮਾਮਲੇ ਵਿੱਚ ਵੀ ਰਾਜਪਾਲ ਨੇ ਅਜਿਹਾ ਹੀ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ।
- ਜੇਕਰ ਸੂਬੇ ‘ਚ ਸੰਵਿਧਾਨਕ ਸਥਿਤੀ ਵਿਗੜਦੀ ਹੈ ਤਾਂ ਧਾਰਾ 356 ਦੇ ਤਹਿਤ ਰਾਜਪਾਲ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫਾਰਿਸ਼ ਕਰ ਸਕਦੇ ਹਨ। ਇੱਕ ਪ੍ਰਸ਼ਾਸਕ ਵਜੋਂ ਆਪਣੇ ਫਰਜ਼ ਨਿਭਾਉਂਦੇ ਹੋਏ, ਰਾਜਪਾਲ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੀ ਸਹਾਇਤਾ ਅਤੇ ਸਲਾਹ ‘ਤੇ ਕੰਮ ਕਰਨ ਲਈ ਪਾਬੰਦ ਨਹੀਂ ਹੈ।
- ਰਾਜ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਵਿੱਚ ਅਸਮਰੱਥ ਰਹਿਣ ਤੇ ਰਾਜਪਾਲ ਮੰਤਰੀ ਮੰਡਲ ਨੂੰ ਬਰਖਾਸਤ ਕਰ ਸਕਦਾ ਹੈ । ਇਸ ਤੋਂ ਇਲਾਵਾ, ਮੰਤਰੀ ਪ੍ਰੀਸ਼ਦ ਵੱਲੋਂ ਆਪਣਾ ਬਹੁਮਤ ਗੁਆਉਣ ਤੇ ਰਾਜਪਾਲ ਰਾਜ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਰਾਜਪਾਲ ਇੱਕ ਨਿਯਮਤ ਸਰਕਾਰ ਦੀ ਚੋਣ ਜਾਂ ਗਠਨ ਹੋਣ ਤੱਕ ਅਸਥਾਈ ਸਮੇਂ ਲਈ ਇੱਕ ਕਾਰਜਕਾਰੀ ਸਰਕਾਰ ਦੀ ਨਿਯੁਕਤੀ ਕਰ ਸਕਦਾ ਹੈ।
Follow Us
