ਚੰਡੀਗੜ੍ਹ ‘ਚ ਸਫ਼ਾਈ ਦੇ ਨਵੇਂ ਨਿਯਮ, ਘਰੋਂ ਹੀ ਕੂੜਾ ਵੱਖ ਕਰਨਾ ਲਾਜ਼ਮੀ; ਨਿਯਮ ਤੋੜਨ ‘ਤੇ ਲੱਗੇਗਾ ਭਾਰੀ ਜੁਰਮਾਨਾ
ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਚੰਡੀਗੜ੍ਹ ਨਗਰ ਨਿਗਮ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਹੁਣ ਸ਼ਹਿਰ ਵਿੱਚ ਸਫ਼ਾਈ ਦੀ ਜ਼ਿੰਮੇਵਾਰੀ ਸਿਰਫ਼ ਨਗਰ ਨਿਗਮ ਸਿਰ ਹੀ ਨਹੀਂ ਹੋਵੇਗੀ, ਸਗੋਂ ਘਰਾਂ ਤੋਂ ਕੂੜਾ ਕੱਢਣ ਤੋਂ ਲੈ ਕੇ ਉਸ ਦੇ ਅੰਤਿਮ ਨਿਪਟਾਰੇ ਤੱਕ ਹਰ ਪੱਧਰ 'ਤੇ ਜਨਤਾ ਅਤੇ ਪ੍ਰਸ਼ਾਸਨ ਦੋਵਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਚੰਡੀਗੜ੍ਹ ਨਗਰ ਨਿਗਮ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਹੁਣ ਸ਼ਹਿਰ ਵਿੱਚ ਸਫ਼ਾਈ ਦੀ ਜ਼ਿੰਮੇਵਾਰੀ ਸਿਰਫ਼ ਨਗਰ ਨਿਗਮ ਸਿਰ ਹੀ ਨਹੀਂ ਹੋਵੇਗੀ, ਸਗੋਂ ਘਰਾਂ ਤੋਂ ਕੂੜਾ ਕੱਢਣ ਤੋਂ ਲੈ ਕੇ ਉਸ ਦੇ ਅੰਤਿਮ ਨਿਪਟਾਰੇ ਤੱਕ ਹਰ ਪੱਧਰ ‘ਤੇ ਜਨਤਾ ਅਤੇ ਪ੍ਰਸ਼ਾਸਨ ਦੋਵਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਇਸ ਸਬੰਧੀ ਚੰਡੀਗੜ੍ਹ ਨਗਰ ਨਿਗਮ ਵੱਲੋਂ ‘ਸੌਲਿਡ ਵੇਸਟ ਮੈਨੇਜਮੈਂਟ ਬਾਇਲਾਜ਼-2026’ ਦਾ ਨਵਾਂ ਡਰਾਫ਼ਟ ਜਾਰੀ ਕਰ ਦਿੱਤਾ ਗਿਆ ਹੈ।
ਇਸ ਨਵੀਂ ਨੀਤੀ ਤਹਿਤ ਸਭ ਤੋਂ ਅਹਿਮ ਬਦਲਾਅ ਇਹ ਕੀਤਾ ਗਿਆ ਹੈ ਕਿ ਹੁਣ ਲੋਕਾਂ ਨੂੰ ਆਪਣੇ ਘਰਾਂ ਜਾਂ ਦੁਕਾਨਾਂ ਵਿੱਚੋਂ ਹੀ ਕੂੜਾ ਵੱਖ-ਵੱਖ (ਸੁੱਕਾ ਤੇ ਗਿੱਲਾ ਕੂੜਾ ਵੱਖਰਾ) ਕਰਕੇ ਦੇਣਾ ਹੋਵੇਗਾ। ਕੂੜੇ ਨੂੰ ਸੜਕਾਂ, ਖ਼ਾਲੀ ਪਲਾਟਾਂ, ਨਾਲੀਆਂ ਜਾਂ ਕਿਸੇ ਵੀ ਜਲ ਸਰੋਤ ਵਿੱਚ ਸੁੱਟਣਾ ਨਿਯਮਾਂ ਦੀ ਸਿੱਧੀ ਉਲੰਘਣਾ ਮੰਨਿਆ ਜਾਵੇਗਾ। ਡਰਾਫ਼ਟ ਅਨੁਸਾਰ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ‘ਤੇ 500 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦੇ ਭਾਰੀ ਜੁਰਮਾਨੇ ਦੀ ਤਜਵੀਜ਼ ਰੱਖੀ ਗਈ ਹੈ। ਇਸ ਤੋਂ ਇਲਾਵਾ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਅਤੇ ਖੁੱਲ੍ਹੇ ਵਿੱਚ ਕੂੜੇ ਨੂੰ ਅੱਗ ਲਗਾਉਣ ਵਾਲੇ ਵਾਰ-ਵਾਰ ਨਿਯਮ ਤੋੜਨ ਵਾਲਿਆਂ ‘ਤੇ ਜੁਰਮਾਨੇ ਦੀ ਰਕਮ ਲਗਾਤਾਰ ਵਧਦੀ ਜਾਵੇਗੀ।
ਸਿਰਫ਼ ਜਨਤਾ ਦੀ ਹੀ ਨਹੀਂ, ਨਗਰ ਨਿਗਮ ਦੀ ਵੀ ਤੈਅ ਹੋਵੇਗੀ ਜਵਾਬਦੇਹੀ
ਨਵੇਂ ਸਿਸਟਮ ਵਿੱਚ ਨਗਰ ਨਿਗਮ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਸਪੱਸ਼ਟ ਤੌਰ ‘ਤੇ ਨਿਰਧਾਰਿਤ ਕੀਤਾ ਗਿਆ ਹੈ। ਨਿਗਮ ਨੂੰ ਹਰ ਘਰ ਵਿੱਚੋਂ ਵੱਖਰਾ ਕੀਤਾ ਕੂੜਾ ਚੁੱਕਣ (ਡੋਰ-ਟੂ-ਡੋਰ ਸੈਗਰੀਗੇਟਿਡ ਵੇਸਟ ਕੁਲੈਕਸ਼ਨ), ਸ਼ਹਿਰ ਵਿੱਚ ਕੂੜੇ ਦੇ ਹੌਟਸਪੌਟਸ ਦੀ ਪਛਾਣ ਕਰਨ, ਢੁਕਵੀਂ ਗਿਣਤੀ ਵਿੱਚ ਡਸਟਬਿਨ ਲਗਾਉਣ, ਨਿਯਮਿਤ ਸੜਕਾਂ ਦੀ ਸਫ਼ਾਈ ਅਤੇ ਨਾਲੀਆਂ ਤੇ ਪਾਣੀ ਦੇ ਸਰੋਤਾਂ ਵਿੱਚ ਕੂੜਾ ਜਾਣ ਤੋਂ ਰੋਕਣ ਦੇ ਪੁਖ਼ਤਾ ਪ੍ਰਬੰਧ ਕਰਨੇ ਪੈਣਗੇ। ਪੂਰਾ ਮਾਡਲ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਨਾਗਰਿਕ ਕੂੜਾ ਵੱਖ ਕਰਕੇ ਦੇਣਗੇ ਅਤੇ ਨਿਗਮ ਉਸੇ ਰੂਪ ਵਿੱਚ ਉਸ ਨੂੰ ਚੁੱਕ ਕੇ ਪ੍ਰੋਸੈਸਿੰਗ ਅਤੇ ਨਿਪਟਾਰੇ ਦੇ ਪਲਾਂਟਾਂ ਤੱਕ ਪਹੁੰਚਾਏਗਾ।
10 ਲੱਖ ਰੁਪਏ ਤੱਕ ਜੁਰਮਾਨਾ
ਡਰਾਫ਼ਟ ਵਿੱਚ ਗੰਭੀਰ ਉਲੰਘਣਾਵਾਂ ਲਈ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਤਜਵੀਜ਼ ਕੀਤੀ ਗਈ ਹੈ। ਹਾਲਾਂਕਿ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਆਮ ਤੌਰ ‘ਤੇ ਕੂੜਾ ਸੁੱਟਣ ਵਾਲੇ ਹਰ ਵਿਅਕਤੀ ਤੋਂ 10 ਲੱਖ ਰੁਪਏ ਵਸੂਲੇ ਜਾਣਗੇ। ਜੁਰਮਾਨੇ ਦੀ ਰਕਮ ਉਲੰਘਣਾ ਦੀ ਗੰਭੀਰਤਾ ਅਤੇ ਸੰਬੰਧਿਤ ਨਿਯਮਾਂ ਅਨੁਸਾਰ ਹੀ ਤੈਅ ਕੀਤੀ ਜਾਵੇਗੀ। ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਅਤੇ ਖੁੱਲ੍ਹੇ ਵਿੱਚ ਕੂੜਾ ਸਾੜਨ ਦੇ ਮਾਮਲੇ ਵਿੱਚ ਪੜਾਅਵਾਰ ਤਰੀਕੇ ਨਾਲ ਜੁਰਮਾਨੇ ਦੀ ਰਕਮ ਵਧਾਈ ਜਾਵੇਗੀ।
ਸ਼ਹਿਰ ਵਾਸੀ 15 ਦਿਨਾਂ ਦੇ ਅੰਦਰ ਦਰਜ ਕਰਵਾ ਸਕਦੇ ਹਨ ਆਪਣੇ ਸੁਝਾਅ
ਨਗਰ ਨਿਗਮ ਨੇ ਇਸ ਪ੍ਰਸਤਾਵਿਤ ਡਰਾਫ਼ਟ ‘ਤੇ ਸ਼ਹਿਰ ਵਾਸੀਆਂ ਅਤੇ ਸਬੰਧਿਤ ਧਿਰਾਂ ਕੋਲੋਂ 15 ਦਿਨਾਂ ਦੇ ਅੰਦਰ ਸੁਝਾਅ ਅਤੇ ਇਤਰਾਜ਼ ਮੰਗੇ ਹਨ। ਨਾਗਰਿਕ ਆਪਣੇ ਸੁਝਾਅ ਈ-ਮੇਲ ਆਈ.ਡੀ. swmbylawsmcc@gmail.com ‘ਤੇ ਭੇਜ ਸਕਦੇ ਹਨ ਜਾਂ ਐੱਮ.ਓ.ਐੱਚ. (MOH) ਦਫ਼ਤਰ ਵਿਖੇ ਜਾ ਕੇ ਨਿੱਜੀ ਤੌਰ ‘ਤੇ ਜਮ੍ਹਾ ਕਰਵਾ ਸਕਦੇ ਹਨ। ਇਹ ਡਰਾਫ਼ਟ ਨਿਗਮ ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਉਪਲਬਧ ਕਰਵਾਇਆ ਗਿਆ ਹੈ। ਜਨਤਾ ਦੇ ਸੁਝਾਅ ਅਤੇ ਇਤਰਾਜ਼ ਮਿਲਣ ਤੋਂ ਬਾਅਦ ਹੀ ਨਿਗਮ ਇਨ੍ਹਾਂ ਨਿਯਮਾਂ ਨੂੰ ਅੰਤਿਮ ਰੂਪ ਦੇਵੇਗਾ ਅਤੇ ਉਸ ਤੋਂ ਬਾਅਦ ਹੀ ਇਹ ਪੂਰੀ ਤਰ੍ਹਾਂ ਸਪੱਸ਼ਟ ਹੋਵੇਗਾ ਕਿ ਕਿਸ ਉਲੰਘਣਾ ‘ਤੇ ਕਿਹੜਾ ਜੁਰਮਾਨਾ ਲਾਗੂ ਹੋਵੇਗਾ।
