ਚੰਡੀਗੜ੍ਹ BJP ਦਫ਼ਤਰ ਬਲਾਸਟ ਮਾਮਲਾ, 2 ਮੁੱਖ ਮੁਲਜ਼ਮ ਗ੍ਰਿਫ਼ਤਾਰ; ਇੱਕ ਨੇ ਬੰਬ ਸੁੱਟਿਆ, ਦੂਜੇ ਨੇ ਵੀਡੀਓ ਬਣਾਈ

Updated On: 

05 Apr 2026 12:32 PM IST

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਸਾਰੀ ਸਾਜ਼ਿਸ਼ ਪੁਰਤਗਾਲ ਅਤੇ ਜਰਮਨੀ ਵਿੱਚ ਸਥਿਤ ਹੈਂਡਲਰਾਂ ਨਾਲ ਜੁੜੀ ਹੋਈ ਹੈ। ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨੀ ਖੁਫੀਆ ਏਜੰਸੀ, ਆਈਐਸਆਈ, ਪੰਜਾਬ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਸੀ।

ਚੰਡੀਗੜ੍ਹ BJP ਦਫ਼ਤਰ ਬਲਾਸਟ ਮਾਮਲਾ, 2 ਮੁੱਖ ਮੁਲਜ਼ਮ ਗ੍ਰਿਫ਼ਤਾਰ; ਇੱਕ ਨੇ ਬੰਬ ਸੁੱਟਿਆ, ਦੂਜੇ ਨੇ ਵੀਡੀਓ ਬਣਾਈ

ਚੰਡੀਗੜ੍ਹ ਦੇ ਸੈਕਟਰ 37 ਵਿੱਚ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਤਨਗੜ੍ਹ ਮੋਰਿੰਡਾ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਲਜ਼ਾਮ ਹੈ ਕਿ ਅਮਨਪ੍ਰੀਤ ਸਿੰਘ ਨੇ ਬੰਬ ਸੁੱਟਿਆ ਸੀ, ਜਦੋਂ ਕਿ ਗੁਰਤੇਜ ਸਿੰਘ ਨੇ ਇਸ ਦੀ ਵੀਡੀਓ ਬਣਾਈ ਸੀ। ਉਨ੍ਹਾਂ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਹਾਲਾਂਕਿ, ਪੁਲਿਸ ਇਸ ਤੋਂ ਪਹਿਲਾਂ ਹੀ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚ ਬਲਵਿੰਦਰ ਲਾਲ ਉਰਫ਼ ਸ਼ੰਮੀ, ਜਸਵੀਰ ਸਿੰਘ ਉਰਫ਼ ਜੱਸੀ, ਚਰਨਜੀਤ ਸਿੰਘ ਉਰਫ਼ ਚੰਨੀ, ਰੂਬਲ ਚੌਹਾਨ ਅਤੇ ਮਨਦੀਪ ਉਰਫ਼ ਅਭਿਜੋਤ ਸ਼ਰਮਾ ਸ਼ਾਮਲ ਹਨ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਸਾਰੀ ਸਾਜ਼ਿਸ਼ ਪੁਰਤਗਾਲ ਅਤੇ ਜਰਮਨੀ ਵਿੱਚ ਸਥਿਤ ਹੈਂਡਲਰਾਂ ਨਾਲ ਜੁੜੀ ਹੋਈ ਹੈ। ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨੀ ਖੁਫੀਆ ਏਜੰਸੀ, ਆਈਐਸਆਈ, ਪੰਜਾਬ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਸੀ।

ਪਾਕਿਸਤਾਨ-ISI ਨਾਲ ਜੁੜੇ ਮਾਡਿਊਲ ਦਾ ਪਰਦਾਫਾਸ਼

ਡੀਜੀਪੀ ਦੇ ਅਨੁਸਾਰ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪੂਰਾ ਮਾਡਿਊਲ ਪਾਕਿਸਤਾਨ ਦੀ ਖੁਫੀਆ ਏਜੰਸੀ, ਆਈਐਸਆਈ ਨਾਲ ਜੁੜਿਆ ਹੋਇਆ ਸੀ। ਇਹ ਨੈੱਟਵਰਕ ਵਿਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਦੁਆਰਾ ਚਲਾਇਆ ਜਾ ਰਿਹਾ ਸੀ। ਜਿਨ੍ਹਾਂ ਦੇ ਟਿਕਾਣੇ ਪੁਰਤਗਾਲ ਅਤੇ ਜਰਮਨੀ ਵਿੱਚ ਦੱਸੇ ਜਾਂਦੇ ਹਨ। ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਇੱਕ ਸੰਗਠਿਤ ਨੈੱਟਵਰਕ ਦਾ ਹਿੱਸਾ ਸਨ। ਜਿਸ ਵਿੱਚ ਵੱਖ-ਵੱਖ ਪੱਧਰਾਂ ‘ਤੇ ਕਈ ਵਿਅਕਤੀ ਸ਼ਾਮਲ ਸਨ, ਹਰੇਕ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਸਨ।

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੂੰ ਹੈਂਡ ਗ੍ਰਨੇਡ, ਹਥਿਆਰ ਤੇ ਗੋਲਾ ਬਾਰੂਦ ਦੀ ਇੱਕ ਖੇਪ ਪਹੁੰਚਾਈ ਗਈ ਸੀ। ਇਸ ਖੇਪ ਨੂੰ ਫਿਰ ਕਈ ਵਿਅਕਤੀਆਂ ਰਾਹੀਂ ਭੇਜਿਆ ਗਿਆ ਅਤੇ ਅੰਤ ਵਿੱਚ ਹਮਲੇ ਦੇ ਦੋਸ਼ੀਆਂ ਤੱਕ ਪਹੁੰਚਾਇਆ ਗਿਆ। ਦੱਸਿਆ ਜਾਂਦਾ ਹੈ ਕਿ ਪੂਰੇ ਹਮਲੇ ਦੀ ਯੋਜਨਾ ਬਲਜੋਤ ਸਿੰਘ ਉਰਫ਼ ਜੋਤ, ਜੋ ਕਿ ਪੁਰਤਗਾਲ ਵਿੱਚ ਸਥਿਤ ਇੱਕ ਹੈਂਡਲਰ ਹੈ, ਦੇ ਨਿਰਦੇਸ਼ਾਂ ਹੇਠ ਬਣਾਈ ਗਈ ਸੀ ਅਤੇ ਇਸਨੂੰ ਅੰਜਾਮ ਦਿੱਤਾ ਗਿਆ ਸੀ।

Follow Us