ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਨੂੰ ਖੇਡਾਂ ਦੇ ਹੱਬ ਵਜੋਂ ਵਿਕਸਤ ਕਰਨ ਦਾ ਐਲਾਨ
ਸੁਨਾਮ ਜਲਦ ਹੋਵੇਗਾ ਖੇਡਾਂ ਦੇ ਹੱਬ ਵਜੋਂ ਵਿਕਸਤ, ਕੈਬਨਿਟ ਮੰਤਰੀ ਨੇ ਕੀਤਾ ਐਲਾਨ।ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਸੁਨਾਮ ਸੁਪਰ ਲੀਗ ਦੀ ਟੀ—ਸ਼ਰਟ ਕੀਤੀ ਜਾਰੀ।
ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਪੰਜਾਬ ਸਰਕਾਰ ਵੱਲੋ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜ਼ੋ ਸਾਡੇ ਬੱਚਿਆਂ ਤੇ ਨੌਜਵਾਨਾਂ ਸਮੇਤ ਹਰ ਉਮਰ ਵਰਗ ਦਾ ਨਾਗਰਿਕ ਵਧ ਚੜ੍ਹ ਕੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਆਪਣੇ ਸਰੀਰਕ ਤੇ ਮਾਨਸਿਕ ਪੱਧਰ ਨੂੰ ਉੱਚਾ ਚੁੱਕ ਸਕੇ। ਪਿਛਲੇ ਸਾਲ ਦੇ ਮੁਕਾਬਲੇ ਖੇਡਾਂ ਦੇ ਬਜਟ ਵਿੱਚ 38.14 ਫੀਸਦੀ ਦਾ ਵਾਧਾ ਕੀਤਾ ਗਿਆ।
ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਸੁਨਾਮ ਸੁਪਰ ਲੀਗ ਦੀ ਟੀ—ਸ਼ਰਟ ਕੀਤੀ ਜਾਰੀ
ਇਹ ਪ੍ਰਗਟਾਵਾ ਪੰਜਾਬ ਦੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸ਼ਾਮ ਸੁਨਾਮ ਊਧਮ ਸਿੰਘ ਵਾਲਾ ਵਿਖੇ 4 ਅਤੇ 5 ਫਰਵਰੀ ਨੂੰ ਕਰਵਾਈ ਜਾਣ ਵਾਲੀ ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਸੁਨਾਮ ਸੁਪਰ ਲੀਗ ਦੀ ਟੀ ਸ਼ਰਟ ਨੂੰ ਰਸਮੀ ਤੌਰ ਉਤੇ ਜਾਰੀ ਕਰਨ ਮੌਕੇ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਿਛਲੇ ਮਹੀਨਿਆਂ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਕੁੰਭ ਕਰਵਾਇਆ ਗਿਆ ਸੀ ਜਿਸ ਵਿੱਚ ਲੱਖਾਂ ਖਿਡਾਰੀਆਂ ਨੇ ਹਿੱਸਾ ਲਿਆ ਸੀ ਜਿਸ ਤੋ ਬਾਅਦ ਹਰੇਕ ਗਲੀ ਹਰ ਘਰ ਵਿੱਚ ਖਿਡਾਰੀ ਪੈਦਾ ਕਰਨ ਦੀ ਸ਼ੁਰੂਆਤ ਹੋਈ ਹੈ।
ਸੁਨਾਮ ਵਿੱਚ ਬਣਾਏ ਜਾਣਗੇ 5 ਖੇਡ ਮੈਦਾਨ
ਕੈਬਨਿਟ ਮੰਤਰੀ ਨੇ ਕਿਹਾ ਕਿ ਸੁਨਾਮ ਹਲਕੇ ਵਿੱਚ ਵਾਲੀਬਾਲ ਨੂੰ ਉਤਸ਼ਾਹਿਤ ਕਰਨ ਲਈ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਪਿੰਡਾਂ ਵਿੱਚ 5 ਖੇਡ ਮੈਦਾਨ ਬਣਾਏ ਜਾਣਗੇ । ਉਨ੍ਹਾਂ ਦੱਸਿਆ ਕਿ ਸੁਨਾਮ ਵਿਖੇ ਹਾਕੀ ਦਾ ਸਿਕਸ ਸਾਈਡ ਟਰਫ਼ ਲਈ 17 ਲੱਖ ਰੁਪਏ ਜਲਦੀ ਹੀ ਜਾਰੀ ਹੋਣਗੇ ਅਤੇ ਇਸ ਤੋਂ ਇਲਾਵਾ 1.87 ਕਰੋੜ ਦੀ ਲਾਗਤ ਵਾਲਾ ਖੇਡ ਸਟੇਡੀਅਮ ਜਲਦੀ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਲੌਂਗੋਵਾਲ ਵਿਖੇ ਵੀ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਬਿਹਤਰੀਨ ਸਟੇਡੀਅਮ ਬਣਾਇਆ ਜਾਵੇਗਾ ਜਿਸ ਤੇ 3.96 ਕਰੋੜ ਰੁਪਏ ਦੀ ਲਾਗਤ ਆਵੇਗੀ।
ਸੁਨਾਮ ਖੇਡਾਂ ਦੇ ਹੱਬ ਵਜੋਂ ਹੋਵੇਗਾ ਵਿਕਸਤ
ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਤਰਜ਼ ਉਤੇ ਹੀ ਇਹ ਖੇਡਾਂ ਹਲਕਾ ਸੁਨਾਮ ਦੀਆਂ ਕਰਵਾਈਆਂ ਜਾਣਗੀਆਂ ਜ਼ੋ ਯਕੀਨੀ ਤੌਰ ‘ਤੇ ਆਉਣ ਵਾਲੇ ਸਮੇਂ ਵਿੱਚ ਹਲਕੇ ਨੂੰ ਖੇਡਾਂ ਦੇ ਹੱਬ ਵਿੱਚ ਪ੍ਰਸਿੱਧ ਕਰਨ ਵਿੱਚ ਲਾਹੇਵੰਦ ਸਾਬਤ ਹੋਣਗੀਆਂ।ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਦੀ ਸੋਚ *ਤੇ ਪਹਿਰਾ ਦਿੰਦੇ ਹੋਏ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜ਼ੋ ਹਲਕਾ ਸੁਨਾਮ ਵਿੱਚ ਖੇਡਾਂ ਨੂੰ ਵਿਆਪਕ ਪੱਧਰ ‘ਤੇ ਪ੍ਰਫੁਲਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹੀਦ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀ ਹਿੱਸਾ ਲੈ ਕੇ ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸਿ਼ੰਗ ਅਤੇ ਰੱਸਾਕਸੀ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਗਟਾਵਾ ਕਰਨਗੇ।
20 ਜਨਵਰੀ ਤੱਕ ਜਾਰੀ ਰਹੇਗੀ ਰਜਿਸਟਰੇਸ਼ਨ ਕਰਨ ਦੀ ਪ੍ਰਕਿਰਿਆ
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਕਰਨ ਦੀ ਪ੍ਰਕਿਰਿਆ 20 ਜਨਵਰੀ ਤੱਕ ਜਾਰੀ ਰਹੇਗੀ ਅਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਪਹਿਲੇ ਇਨਾਮ ਵਜੋ 21 ਹਜ਼ਾਰ ਰੁਪਏ, ਦੂਜੇ ਇਨਾਮ ਵਜੋ 11 ਹਜ਼ਾਰ ਰੁਪਏ ਅਤੇ ਤੀਜੇ ਇਨਾਮ ਵਜੋ 51 ਸੌ ਰੁਪਏ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਦਮਸ਼੍ਰੀ ਕੌਰ ਸਿੰਘ ਅਤੇ ਪਦਮਸ਼੍ਰੀ ਸੁਨੀਤਾ ਰਾਣੀ ਨੂੰ ਉਨ੍ਹਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਲਈ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਇਹ ਟੀ ਸ਼ਰਟ ਦਿੱਤੀ ਜਾਵੇਗੀ ਅਤੇ ਇਸ ਤੋ ਇਲਾਵਾ ਹਰੇਕ ਭਾਗ ਲੈਣ ਵਾਲੀ ਟੀਮ ਨੂੰ ਵਾਲੀਬਾਲ ਦੀ ਖੇਡ ਕਿੱਟ ਪ੍ਰਦਾਨ ਕੀਤੀ ਜਾਵੇਗੀ ਤਾਂ ਜ਼ੋ ਕਿਸੇ ਵੀ ਸਮੇਂ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਮੱਠਾ ਨਾ ਪਵੇ।