ਚੰਡੀਗੜ੍ਹ ਦੇ ਸਕੂਲਾਂ ਤੇ ਹਰਿਆਣਾ CM ਦਫ਼ਤਰ ਨੂੰ ਬੰਬ ਦੀ ਧਮਕੀ, ਇੱਕ ਵਾਰ ਫਿਰ ਈਮੇਲ ਹੋਈ ਰਿਸੀਵ
ਇਸ ਮੇਲ 'ਚ ਪਹਿਲਾਂ ਵਰਗੀ ਹੀ ਸ਼ਬਦਾਵਲੀ ਦੇ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਚੰਡੀਗੜ੍ਹ ਦੇ ਸਕੂਲਾਂ 'ਚ ਦੁਪਹਿਰ 1:11 ਵਜੇ ਧਮਾਕਾ ਹੋਵੇਗਾ। ਹਰਿਆਣਾ ਦੇ ਸੀਐਮ ਦੇ ਦਫ਼ਤਰ 'ਚ 3:11 ਵਜੇ ਧਮਾਕਾ ਹੋਵੇਗਾ। ਇਸ ਤੋਂ ਇਲਾਵਾ 6 ਜੂਨ ਤੱਕ ਰੇਲਵੇ ਟ੍ਰੈਕਾਂ 'ਤੇ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਮੇਲ ਭੇਜਣ ਵਾਲੇ ਖ਼ੁਦ ਦਾ ਜ਼ਿਕਰ 'ਚ ਖਾਲਿਸਤਾਨ ਨੈਸ਼ਨਲ ਆਰਮੀ ਵਜੋਂ ਕੀਤਾ ਹੈ।
ਚੰਡੀਗੜ੍ਹ ਦੇ ਸਕੂਲਾਂ ਤੇ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਹੈ। ਈਮੇਲ ਰਾਹੀਂ ਭੇਜੀ ਗਈ ਇਹ ਧਮਕੀ, ਸੈਕਟਰ-40 ਦੇ ਦਿੱਲੀ ਪਬਲਿਕ ਸਕੂਲ, ਸਟ੍ਰਾਬੈਰੀ ਫੀਲਡਸ ਸਕੂਲ ਤੇ ਸੈਕਟਰ-25 ਦੇ ਚਿਤਕਾਰਾ ਇੰਟਰਨੈਸ਼ਨਲ ਸਕੂਲ ਨੂੰ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਪੁਲਿਸ, ਬੰਬ ਸਕੂਐਡ ਟੀਮ ਤੇ ਹੋਰ ਪ੍ਰਸ਼ਾਸਨਿਕ ਟੀਮਾਂ ਮੌਕੇ ‘ਤੇ ਪਹੁੰਚੀਆ। ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ। ਪੁਲਿਸ ਨੇ ਸਕੂਲਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਹਾਲਾਂਕਿ, ਹੁਣ ਤੱਕ ਕਿਸੇ ਵੀ ਸ਼ੱਕੀ ਵਸਤੂ ਮਿਲਣ ਦੀ ਖ਼ਬਰ ਨਹੀਂ ਹੈ।
ਇਹ ਧਮਕੀ ਪਹਿਲਾਂ ਮਿਲੀਆਂ ਧਮਕੀਆਂ ਵਾਂਗ ਹੈ। ਇਸ ਮੇਲ ‘ਚ ਪਹਿਲਾਂ ਵਰਗੀ ਹੀ ਸ਼ਬਦਾਵਲੀ ਤੇ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਮੇਲ ‘ਚ ਲਿਖਿਆ ਗਿਆ ਹੈ- ਚੰਡੀਗੜ੍ਹ ਦੇ ਸਕੂਲਾਂ ‘ਚ ਦੁਪਹਿਰ 1:11 ਵਜੇ ਧਮਾਕਾ ਹੋਵੇਗਾ। ਹਰਿਆਣਾ ਦੇ ਸੀਐਮ ਦੇ ਦਫ਼ਤਰ ‘ਚ ਦੁਪਹਿਰ 3:11 ਵਜੇ ਧਮਾਕਾ ਹੋਵੇਗਾ। ਇਸ ਤੋਂ ਇਲਾਵਾ 6 ਜੂਨ ਤੱਕ ਰੇਲਵੇ ਟ੍ਰੈਕਾਂ ‘ਤੇ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਮੇਲ ਭੇਜਣ ਵਾਲੇ ਨੇ ਖ਼ੁਦ ਦਾ ਜ਼ਿਕਰ ਖਾਲਿਸਤਾਨ ਨੈਸ਼ਨਲ ਆਰਮੀ ਵਜੋਂ ਕੀਤਾ ਹੈ।
ਪਹਿਲਾਂ ਵੀ ਕਈ ਸਕੂਲਾਂ ਨੂੰ ਮਿਲ ਚੁੱਕੀਆਂ ਹਨ ਧਮਕੀਆਂ
ਇਸ ਤੋਂ ਪਹਿਲਾਂ ਜਲੰਧਰ ਫਿਰੋਜ਼ਪੁਰ, ਮੋਗਾ, ਪਟਿਆਲਾ, ਅੰਮ੍ਰਿਤਸਰ ਸਮੇਤ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਦੇ ਸਕੂਲਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ ਤੇ ਇਹ ਧਮਕੀਆਂ ਇੱਕ ਤੋਂ ਵੱਧ ਵਾਰ ਮਿਲ ਚੁੱਕੀਆਂ ਹਨ। ਇਸ ਤੋਂ ਇਲਾਵਾ ਪੰਜਾਬ ਸਕੱਤਰੇਤ, ਪੰਜਾਬ ਮੁੱਖ ਮੰਤਰੀ ਦਫ਼ਤਰ ਨੂੰ ਵੀ ਧਮਕੀ ਮਿਲ ਚੁੱਕੀ ਹੈ। ਸੀਐਮ ਮਾਨ ਜਦੋਂ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਸਨ, ਉਸ ਸਮੇਂ ਹਸਪਤਾਲ ਨੂੰ ਵੀ ਧਮਕੀ ਮਿਲੀ ਸੀ। ਹਾਲਾਂਕਿ, ਇਨ੍ਹਾਂ ਸਾਰਿਆਂ ਹੀ ਮਾਮਲਿਆਂ ‘ਚ ਪਾਇਆ ਗਿਆ ਕਿ ਈਮੇਲ ਦਹਿਸ਼ਤ ਫੈਲਾਉਣ ਨੂੰ ਭੇਜੀ ਗਈ ਸੀ। ਪੁਲਿਸ ਨੇ ਇਨ੍ਹਾਂ ਸਾਰਿਆਂ ਮਾਮਲਿਆਂ ‘ਚ ਗੰਭੀਰਤਾ ਨਾਲ ਐਕਸ਼ਨ ਲਿਆ। ਹਾਲਾਂਕਿ, ਮੇਲ ਦੇ ਆਈਪੀ ਐਡਰੈੱਸ ਵਿਦੇਸ਼ਾਂ ਤੋਂ ਪਾਏ ਗਏ। ਪੁਲਿਸ ਇਨ੍ਹਾਂ ਮੇਲਾਂ ਦੇ ਸਿਲਸਿਲੇ ‘ਤੇ ਪਹਿਲਾਂ ਵੀ ਜਾਂਚ ਕਰ ਚੁੱਕੀ ਹੈ।


