ਪੰਜਾਬ ਬੀਜੇਪੀ 117 ਸੀਟਾਂ ‘ਤੇ ਇਕਲਿਆਂ ਲੜੇਗੀ ਚੋਣ, ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀਐਲ ਸੰਤੋਸ਼ ਦਾ ਵੱਡਾ ਬਿਆਨ
ਬੀਐਲ ਸੰਤੋਸ਼ ਨੇ ਸੋਮਵਾਰ ਨੂੰ ਪੰਜਾਬ ਦੇ ਆਪਣੇ ਦੌਰੇ ਦੌਰਾਨ ਸੰਗਠਨਾਤਮਕ ਅਤੇ ਚੋਣ ਤਿਆਰੀਆਂ 'ਤੇ ਚਰਚਾ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ।
ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪਟਿਆਲਾ ਵਿਖੇ ਇੱਕ ਵਿਸ਼ਾਲ ਸੰਗਠਨਾਤਮਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਬੀ. ਐੱਲ. ਸੰਤੋਸ਼ ਉਚੇਚੇ ਤੌਰ ‘ਤੇ ਪਹੁੰਚੇ ਅਤੇ ਪਾਰਟੀ ਵਰਕਰਾਂ ਨਾਲ ਅਹਿਮ ਵਿਚਾਰ-ਵਟਾਂਦਰਾ ਕੀਤਾ। ਪਟਿਆਲਾ ਪਹੁੰਚਣ ‘ਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਭਾਜਪਾ ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਵੱਲੋਂ ਸ਼੍ਰੀ ਬੀ. ਐੱਲ. ਸੰਤੋਸ਼ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੀਟਿੰਗ ‘ਚ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਪ੍ਰਭਾਰੀ ਨਰਿੰਦਰ ਰੈਣਾ, ਪੰਜਾਬ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸੁਲੂ, ਸੂਬਾ ਜਨਰਲ ਸਕੱਤਰ ਅਨੀਲ ਸਰੀਨ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ।
ਸੰਗਠਨ ਦੀ ਮਜ਼ਬੂਤੀ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ
ਮੀਟਿੰਗ ਦੌਰਾਨ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਬੀ. ਐੱਲ. ਸੰਤੋਸ਼ ਨੇ ਜਿਲ੍ਹਾ ਪ੍ਰਧਾਨਾਂ ਅਤੇ ਵਰਕਰਾਂ ਤੋਂ ਸੰਗਠਨਾਤਮਕ ਗਤੀਵਿਧੀਆਂ ਦਾ ਵੇਰਵਾ ਲਿਆ। ਉਨ੍ਹਾਂ ਨੇ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਲਈ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰਿਆ ਅਤੇ ਪਾਰਟੀ ਦੇ ਆਧਾਰ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਨਿਰਦੇਸ਼ ਦਿੱਤੇ।
ਵਿਚਾਰ ਸਾਂਝੇ ਕਰਦਿਆਂ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਅੱਜ ਦੀ ਮੀਟਿੰਗ ਨਾਲ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਸ਼੍ਰੀ ਬੀ. ਐੱਲ. ਸੰਤੋਸ਼ ਜੀ ਦੁਆਰਾ ਦਿੱਤੀ ਗਈ ਰਣਨੀਤੀ ਨਾਲ ਵਰਕਰ ਹੋਰ ਮਜ਼ਬੂਤੀ ਨਾਲ ਕੰਮ ਕਰਨਗੇ ਅਤੇ 2027 ਵਿੱਚ ਪੰਜਾਬ ਅੰਦਰ ‘ਕਮਲ’ ਜ਼ਰੂਰ ਖਿਲੇਗਾ।
‘ਬੀਜੇਪੀ 117 ਸੀਟਾਂ ਤੇ ਲੜੇਗੀ ਖੁਦ ਚੋਣ’
ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਨੇ ਕਿਹਾ ਕਿ ਪੰਜਾਬ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਾਜਪਾ ਇਸ ਬਦਲਾਅ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਚੋਣ ਲੜੇਗੀ ਅਤੇ ਜਿੱਤ ਹਾਸਲ ਕਰਕੇ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ। ਦੱਸ ਦਈਏ ਕਿ ਉਨ੍ਹਾਂ ਵੱਲੋਂ ਦੋ ਦਿਨਾਂ ਦੇ ਸੰਗਠਨਾਤਮਕ ਦੌਰੇ ਦੇ ਪਹਿਲੇ ਦਿਨ ਪਟਿਆਲਾ ਵਿਖੇ ਹੋਈ ਪਹਿਲੀ ਖੇਤਰੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਬੀ.ਐਲ. ਸੰਤੋਸ਼ ਦਾ ਮੁਹਾਲੀ ਹਵਾਈ ਅੱਡੇ ਤੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਨਰਿੰਦਰ ਸਿੰਘ ਰੈਣਾ ਵੱਲੋਂ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ
ਮੀਟਿੰਗ ਦੌਰਾਨ ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਨਗਰ ਨਿਗਮ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਭਾਜਪਾ ਦੇ ਝੰਡੇ ਉਤਾਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ, “ਲੋਕਤੰਤਰ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ, ਝੰਡੇ ਅਤੇ ਫ਼ਲੈਕਸ ਲਗਾਉਣਾ ਹਰੇਕ ਰਾਜਨੀਤਿਕ ਦਲ ਦਾ ਅਧਿਕਾਰ ਹੈ। ਪ੍ਰੰਤੂ ਭਾਜਪਾ ਦੇ ਦਿਨੋ-ਦਿਨ ਵਧ ਰਹੇ ਅਧਾਰ ਅਤੇ ਜਨ-ਸਮਰਥਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੁਖਲਾ ਗਈ ਹੈ ਅਤੇ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਪਟਿਆਲਾ ਕਾਰਪੋਰੇਸ਼ਨ ਅਤੇ ਪ੍ਰਸ਼ਾਸਨ ਦੀ ਇਹ ਕਾਰਵਾਈ ਲੋਕਤੰਤਰ ਦੇ ਖ਼ਿਲਾਫ਼ ਹੈ।”
ਪ੍ਰੋਗਰਾਮ ਦੇ ਅੰਤ ਵਿੱਚ ਸਾਬਕਾ ਸੰਸਦ ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਵੱਲੋਂ ਮੀਟਿੰਗ ਵਿੱਚ ਪਹੁੰਚੇ ਸਾਰੇ ਰਾਸ਼ਟਰੀ, ਸੂਬਾ ਅਤੇ ਜਿਲ੍ਹਾ ਪੱਧਰੀ ਆਗੂਆਂ ਦੇ ਨਾਲ-ਨਾਲ ਵਰਕਰਾਂ ਦਾ ਧੰਨਵਾਦ ਕੀਤਾ ਗਿਆ।


