BJP ਦਾ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸ਼ੁਰੂਆਤ, 117 ਹਲਕਿਆਂ ‘ਚ ਘੁੰਮਣਗੇ 15 ਰੱਥ

Updated On: 

18 Sep 2026 15:24 PM IST

BJP Nasha Mukt Yatra: ਸ਼ੁੱਕਰਵਾਰ ਯਾਨੀ 18 ਸਤੰਬਰ ਤੋਂ ਭਾਜਪਾ ਸੂਬੇ ਭਰ ਵਿੱਚ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਰਸਮੀ ਆਗਾਜ਼ ਕਰੇਗੀ। ਇਹ ਵਿਸ਼ਾਲ ਯਾਤਰਾ 18 ਤੋਂ 30 ਸਤੰਬਰ ਤੱਕ ਕੁੱਲ 13 ਦਿਨ ਨਿਰੰਤਰ ਜਾਰੀ ਰਹੇਗੀ। ਇਸ ਮੁਹਿੰਮ ਤਹਿਤ ਚਾਰ ਵੱਖ-ਵੱਖ ਯਾਤਰਾਵਾਂ ਕੱਢੀਆਂ ਜਾਣਗੀਆਂ, ਜੋ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਿਆਂ ਲਗਭਗ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ।

BJP ਦਾ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸ਼ੁਰੂਆਤ, 117 ਹਲਕਿਆਂ ਚ ਘੁੰਮਣਗੇ 15 ਰੱਥ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਭਾਜਪਾ ਨੇ “ਨਸ਼ਾ ਮੁਕਤ ਪੰਜਾਬ ਯਾਤਰਾ” ਸ਼ੁਰੂ ਕਰ ਦਿੱਤੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਪਠਾਨਕੋਟ ਵਿੱਚ ਨਸ਼ਾ ਮੁਕਤ ਪੰਜਾਬ ਹੈਲਪਲਾਈਨ ਨੰਬਰ 97149-02027 ਜਾਰੀ ਕੀਤਾ। ਇਸਤੋਂ ਇਲਾਵਾ “ਨਸ਼ਾ ਮੁਕਤ ਪੰਜਾਬ” ਦਾ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਆਪਣਾ ਸੰਬੋਧਨ “ਵਾਹੇ ਗੁਰੂ ਜੀ ਕਾ ਖਾਲਸਾ, ਵਾਹੇ ਗੁਰੂ ਜੀ ਕੀ ਫਤਿਹ” ਨਾਲ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪਠਾਨਕੋਟ ਦੀ ਇਹ ਪਵਿੱਤਰ ਧਰਤੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੀ ਧਰਤੀ ਹੈ। ਇੱਥੋਂ ਦੇ ਹਜ਼ਾਰਾਂ ਪਰਿਵਾਰਾਂ ਨੇ ਆਪਣੇ ਜੀਆਂ ਨੂੰ ਦੇਸ਼ ਦੀ ਰੱਖਿਆ ਲਈ ਸਮਰਪਿਤ ਕੀਤਾ ਹੈ।

ਦੱਸ ਦੇਈਏ ਕਿ ਇਹ ਵਿਸ਼ਾਲ ਯਾਤਰਾ 18 ਤੋਂ 30 ਸਤੰਬਰ ਤੱਕ ਕੁੱਲ 13 ਦਿਨ ਲਗਾਤਾਰ ਜਾਰੀ ਰਹੇਗੀ। ਇਸ ਮੁਹਿੰਮ ਤਹਿਤ ਚਾਰ ਵੱਖ-ਵੱਖ ਯਾਤਰਾਵਾਂ ਕੱਢੀਆਂ ਜਾਣਗੀਆਂ, ਜੋ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਿਆਂ ਲਗਭਗ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ। ਇਸ ਪਹਿਲਕਦਮੀ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਮੀਨੀ ਪੱਧਰ ‘ਤੇ ਪਾਰਟੀ ਦੇ ਸੰਗਠਨਾਤਮਕ ਪ੍ਰਭਾਵ ਅਤੇ ਸਰਗਰਮੀ ਨੂੰ ਵਧਾਉਣ ਦੇ ਵੱਡੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।

ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਤੋਂ ਲੈ ਕੇ ਆਇਆ ਹਾਂ ਸੰਦੇਸ਼ -ਨਬੀਨ

ਆਪਣੇ ਸੰਬੋਧਨ ਵਿੱਚ ਨਿਤਿਨ ਨਬੀਨ ਨੇ ਕਿਹਾ ਕਿ ਪੰਜਾਬ ਹਰ ਖੇਤਰ ਵਿੱਚ ਮੋਹਰੀ ਰਿਹਾ ਹੈ। ਉਹ ਅੱਜ ਇੱਥੇ ਇੱਕ ਅਜਿਹੇ ਮੁੱਦੇ ਨੂੰ ਲੈ ਕੇ ਆਏ ਹਨ ਜਿਸਦੀ ਆਵਾਜ਼ ਅਤੇ ਦਰਦ ਹਰ ਘਰ ਵਿੱਚ ਸੁਣਾਈ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਦੀ ਧਰਤੀ ਪਟਨਾ ਤੋਂ ਇੱਕ ਸੰਦੇਸ਼ ਲੈ ਕੇ ਆਏ ਹਨ ਕਿ ਪੰਜਾਬ ਵਿੱਚ ਨਸ਼ਾ ਮੁਕਤੀ ਮੁਹਿੰਮ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਇਸਨੂੰ ਤਾਕਤ ਦੇਣੀ ਹੈ।

ਭਾਜਪਾ ਪ੍ਰਧਾਨ ਨੇ ਅੱਗੇ ਕਿਹਾ ਕਿ ਸਰਹੱਦ ‘ਤੇ ਖ਼ਤਰੇ ਦੇ ਸਮੇਂ, ਪੰਜਾਬ ਦੇ ਜਵਾਨ ਬੰਦੂਕਾਂ ਚੁੱਕ ਕੇ ਦੇਸ਼ ਦੀ ਰੱਖਿਆ ਕਰਦੇ ਹਨ, ਪਰ ਅੱਜ ਸੂਬੇ ਨੂੰ ਇੱਕ ਅਜਿਹੇ ਦੁਸ਼ਮਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਵਰਦੀ ਵਿੱਚ ਨਹੀਂ ਆਉਂਦਾ। ਨਸ਼ਾ ਚੁੱਪਚਾਪ ਪਿੰਡਾਂ ਅਤੇ ਘਰਾਂ ਵਿੱਚ ਵੜ੍ਹ ਕੇ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਸ਼ੇ ਦੇ ਮਾਫੀਆ ਨੂੰ ਖਤਮ ਕਰਨਾ ਹੋਵੇਗਾ।

ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅੱਗੇ ਆਉਣਾ ਹੋਵੇਗਾ”

ਨਿਤਿਨ ਨਬੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 2 ਅਗਸਤ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿੱਚ ਲੋਕਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਅੱਗੇ ਵਧਣ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਲੜਾਈ ਦੀ ਸ਼ੁਰੂਆਤਪੰਜਾਬ ਤੋਂ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬ ਦੀ ਜਵਾਨੀ ਅਤੇ ਭਵਿੱਖ ਖ਼ਤਰੇ ਵਿੱਚ ਹੈ। ਨਿਤਿਨ ਨਬੀਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਾ ਇਹ ਸੁਨੇਹਾ ਲੈ ਕੇ ਪੰਜਾਬ ਦੇ ਲੋਕਾਂ ਕੋਲ ਆਏ ਹਨ। ਸਰਹੱਦਾਂ ਦੀ ਰਾਖੀ ਸਾਡੇ ਜਵਾਨ ਕਰ ਰਹੇ ਹਨ, ਜਦੋਂ ਕਿ ਸਮਾਜ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਨੌਜਵਾਨਾਂ ਦੀ ਰੱਖਿਆ ਕਰਨੀ ਹੋਵੇਗੀ। ਸਮਾਜ ਨੂੰ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਵੱਧ-ਚੜ੍ਹ ਕੇ ਅੱਗੇ ਆਉਣਾ ਹੋਵੇਗਾ।

ਪਠਾਨਕੋਟ ਤੋਂ ਸ਼ੁਰੂ ਕਰ ਰਹੇ ਨਸ਼ੇ ਖਿਲਾਫ ਜੰਗ ਦੀ ਸ਼ੁਰੂਆਤ – ਨਬੀਨ

ਨਿਤਿਨ ਨਬੀਨ ਨੇ ਕਿਹਾ ਕਿ ਉਹ ਪਠਾਨਕੋਟ ਸਿਰਫ਼ ਆਪਣੀ ਯਾਤਰਾ ਸ਼ੁਰੂ ਕਰਨ ਲਈ ਨਹੀਂ, ਸਗੋਂ ਪੰਜਾਬ ਲਈ ਇੱਕ ਨਵੀਂ ਲੜਾਈ ਨੂੰ ਸੰਕਲਪ ਦੇ ਨਾਲ ਸ਼ੁਰੂ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪਠਾਨਕੋਟ ਉਹ ਜਗ੍ਹਾ ਹੈ ਜਿੱਥੇ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ, ਭਾਜਪਾ ਨੇ ਇਸ ਮੁੱਦੇ ‘ਤੇ ਇੱਕ ਲੰਬੀ ਲੜਾਈ ਲੜੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 2012 ਵਿੱਚ ਪੰਜਾਬ ਆਉਣ ਦਾ ਮੌਕਾ ਮਿਲਿਆ ਸੀ। ਭਾਜਪਾ ਦਾ ਵਰਕਰ ਜਦੋਂ ਕੋਈ ਸੰਕਲਪ ਲੈਂਦਾ ਹੈ, ਤਾਂ ਉਹ ਇਸਨੂੰ ਪੂਰਾ ਕਰਦਾ ਹੈ। ਧਾਰਾ 370 ਨੂੰ ਹਟਾਉਣ ਦੀ ਉਦਾਹਰਣ ਦਿੰਦੇ ਹੋਏਉਨ੍ਹਾਂ ਕਿਹਾ ਕਿ ਭਾਜਪਾ ਨੇ ਇਸਦਾ ਸੰਕਲਪ ਲਿਆ ਸੀ, ਜਿਸਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪੂਰਾ ਕੀਤਾ ਗਿਆ। ਅੱਤਵਾਦ ਅਤੇ ਨਕਸਲਵਾਦ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ।

ਯਾਤਰਾ ਦਾ ਰੂਟ ਚਾਰਟ

ਦੁਪਹਿਰ 3 ਵਜੇ ਮਾਧੋਪੁਰ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਥਰਿਆਲ ਚੌਕ ਅਤੇ ਪੰਗੋਲੀ ਚੌਕ ਪਹੁੰਚੇਗੀ। ਇਸ ਮਗਰੋਂ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਦੇ ਗ੍ਰਹਿ ਵਿਖੇ ਚਾਹ ਲਈ ਰੁਕਣ ਤੋਂ ਬਾਅਦ, ਸ਼ਾਮ 6 ਵਜੇ ਯਾਤਰਾ ਖਾਨਪੁਰ ਚੌਕ, ਡਾਕਖਾਨਾ ਚੌਕ, ਪਟੇਲ ਚੌਕ ਅਤੇ ਏਸ਼ੀਆ ਪੈਲੇਸ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਚੌਕ ਪਹੁੰਚੇਗੀ। ਇੱਥੇ ਇੱਕ ਵੱਡੀ ਜਨਤਕ ਰੈਲੀ ਹੋਵੇਗੀ ਅਤੇ ਯਾਤਰਾ ਦਾ ਪਹਿਲਾ ਰਾਤਰੀ ਵਿਸ਼ਰਾਮ ਪਠਾਨਕੋਟ ਵਿਖੇ ਹੀ ਰਹੇਗਾ। ਅਗਲੇ ਦਿਨ, 19 ਸਤੰਬਰ ਨੂੰ ਯਾਤਰਾ ਭੋਆ ਹਲਕੇ ਦੇ ਸਰਨਾ, ਕੋਟਲੀ, ਭੋਆ, ਸੁੰਦਰਚੱਕ ਅਤੇ ਸਿਹੋੜਾ ਹੁੰਦੇ ਹੋਏ ਦੁਪਹਿਰ 3 ਵਜੇ ਤਾਰਾਗੜ੍ਹ ਵਿਖੇ ਰੈਲੀ ਕਰੇਗੀ।

38 ਹਲਕਿਆਂ ਵਿੱਚੋਂ ਗੁਜ਼ਰ ਕੇ ਜਲੰਧਰ ਵਿਖੇ ਸੰਪੰਨ ਹੋਵੇਗੀ ਪਹਿਲੀ ਯਾਤਰਾ

ਪਠਾਨਕੋਟ ਤੋਂ ਸ਼ੁਰੂ ਹੋਣ ਵਾਲੀ ਇਹ ਪਹਿਲੀ ਯਾਤਰਾ ਮਾਝੇ ਅਤੇ ਦੋਆਬੇ ਦੇ ਮਹੱਤਵਪੂਰਨ ਖੇਤਰਾਂ ਨੂੰ ਛੂਹੇਗੀ। ਇਸ ਯਾਤਰਾ ਦੇ ਘੇਰੇ ਵਿੱਚ ਸੁਜਾਨਪੁਰ, ਪਠਾਨਕੋਟ, ਭੋਆ, ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਬਟਾਲਾ, ਫ਼ਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਅਟਾਰੀ, ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਦੱਖਣੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਉੱਤਰੀ, ਮਜੀਠਾ, ਜੰਡਿਆਲਾ ਅਤੇ ਬਾਬਾ ਬਕਾਲਾ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਤਰਨਤਾਰਨ, ਖਡੂਰ ਸਾਹਿਬ, ਖੇਮਕਰਨ, ਪੱਟੀ, ਫ਼ਿਰੋਜ਼ਪੁਰ ਸ਼ਹਿਰੀ, ਗੁਰੂਹਰਸਹਾਏ, ਫ਼ਿਰੋਜ਼ਪੁਰ ਦਿਹਾਤੀ, ਜ਼ੀਰਾ, ਸੁਲਤਾਨਪੁਰ ਲੋਧੀ, ਭੁਲੱਥ, ਕਪੂਰਥਲਾ, ਨਕੋਦਰ, ਸ਼ਾਹਕੋਟ ਅਤੇ ਜਲੰਧਰ ਕੈਂਟ ਸਮੇਤ ਕੁੱਲ 38 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ।

ਬਾਕੀ ਤਿੰਨ ਯਾਤਰਾਵਾਂ ਅਤੇ ਕੇਂਦਰੀ ਆਗੂਆਂ ਦੀ ਸ਼ਮੂਲੀਅਤ

ਪਹਿਲੀ ਯਾਤਰਾ ਤੋਂ ਬਾਅਦ ਅਗਲੇ ਦਿਨਾਂ ਦੌਰਾਨ ਤਿੰਨ ਹੋਰ ਯਾਤਰਾਵਾਂ ਸ਼ੁਰੂ ਹੋਣਗੀਆਂ। 19, 20 ਅਤੇ 21 ਸਤੰਬਰ ਨੂੰ ਕ੍ਰਮਵਾਰ ਫ਼ਤਹਿਗੜ੍ਹ ਸਾਹਿਬ, ਫ਼ਾਜ਼ਿਲਕਾ ਅਤੇ ਤਲਵੰਡੀ ਸਾਬੋ ਤੋਂ ਅਗਲੀਆਂ ਯਾਤਰਾਵਾਂ ਵਿੱਢੀਆਂ ਜਾਣਗੀਆਂ। ਫ਼ਾਜ਼ਿਲਕਾ ਤੋਂ ਸ਼ੁਰੂ ਹੋਣ ਵਾਲੀ ਤੀਜੀ ਯਾਤਰਾ ਨੂੰ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਫ਼ਤਹਿਗੜ੍ਹ ਸਾਹਿਬ ਤੋਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਯਾਤਰੀ ਦੀ ਸ਼ੁਰੂਆਤ ਕਰਨਗੇ। ਸਾਰੀਆਂ ਯਾਤਰਾਵਾਂ ਦਾ ਅੰਤਮ ਮਹਾਂ-ਸਮਾਪਨ 30 ਸਤੰਬਰ ਨੂੰ ਜਲੰਧਰ ਵਿਖੇ ਸ਼ਾਨਦਾਰ ਸਮਾਗਮ ਨਾਲ ਹੋਵੇਗਾ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸਤੀਸ਼ ਪੂਨੀਆ ਨੇ ਪਠਾਨਕੋਟ ਪਹੁੰਚ ਕੇ ਸਮੂਹ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ।

ਨਸ਼ਾ ਪੀੜਤ ਪਰਿਵਾਰ ਮੰਚਾਂ ‘ਤੇ ਸਾਂਝਾ ਕਰਨਗੇ ਆਪਣਾ ਦਰਦ

ਇਸ ਮੁਹਿੰਮ ਦੀ ਸਭ ਤੋਂ ਅਹਿਮ ਰਣਨੀਤੀ ਇਹ ਰਹੇਗੀ ਕਿ ਇਸ ਵਿੱਚ ਉਹ ਬਦਨਸੀਬ ਪਰਿਵਾਰ ਸਰਗਰਮੀ ਨਾਲ ਸ਼ਾਮਲ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਚਿਰਾਗ਼ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਭਾਜਪਾ ਵੱਲੋਂ ਹਰ ਜ਼ਿਲ੍ਹੇ ਦੇ ਅਜਿਹੇ ਪੀੜਤ ਪਰਿਵਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ। ਪਾਰਟੀ ਆਗੂਆਂ ਅਨੁਸਾਰ ਇਹ ਪੀੜਤ ਲੋਕ ਭਾਜਪਾ ਆਗੂਆਂ ਨਾਲ ਪ੍ਰੈੱਸ ਕਾਨਫ਼ਰੰਸਾਂ ਅਤੇ ਮੰਚਾਂ ‘ਤੇ ਬੈਠਣਗੇ ਅਤੇ ਪੰਜਾਬ ਦੀ ਜਨਤਾ ਨਾਲ ਆਪਣਾ ਦਰਦ ਸਾਂਝਾ ਕਰਦਿਆਂ ਨਸ਼ਿਆਂ ਦੇ ਕੋਹੜ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਗੇ।

Loading...
Unable to load recommendations.
Follow Us
Related Stories
ਅੰਮ੍ਰਿਤਸਰ ‘ਚ ASI ਦੀ ਗੋਲੀ ਮਾਰ ਕੇ ਹੱਤਿਆ: ਰਾਤ ਦੀ ਡਿਊਟੀ ਦੌਰਾਨ ਹਮਲਾਵਰਾਂ ਨੇ ਨੇੜਿਓਂ ਮਾਰੀ ਗੋਲੀ; TTH ਨੇ ਲਈ ਜ਼ਿੰਮੇਵਾਰੀ
ਫਾਜ਼ਿਲਕਾ ਦੇ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਰਾਹੀਂ Threat; ਸਕੂਲਾਂ ਨੂੰ ਕਰਵਾਇਆ ਖਾਲੀ
PAU ਕਿਸਾਨ ਮੇਲੇ ਦਾ CM ਮਾਨ ਨੇ ਕੀਤਾ ਉਦਘਾਟਨ, ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’
ਪੰਜਾਬ ਪੁਲਿਸ ਦੇ ਸਪੈਸ਼ਲ DGP ਦਾ ਭਤੀਜਾ ਨਿਕਲਿਆ ਲਾਰੈਂਸ ਬਿਸ਼ਨੋਈ ਦਾ ਸ਼ੂਟਰ, ਮੋਹਾਲੀ ਵਿੱਚ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਤੋਂ ਬਾਅਦ ਗ੍ਰਿਫ਼ਤਾਰ
AAP ਦਾ ਪੰਜਾਬ ‘ਚ ਚੋਣ ਬਿਗੁਲ: CM ਮਾਨ ਕੱਲ੍ਹ ਲੁਧਿਆਣਾ ਤੋ ਲਾਂਚ ਕਰਨਗੇ ਕੈਂਪੇਨ; ਵਰਕਰ ਘਰ-ਘਰ ਪਹੁੰਚਾਉਣਗੇ ਰਿਪੋਰਟ ਕਾਰਡ
ਅੰਮ੍ਰਿਤਸਰ ‘ਚ ਪੈਟਰੋਲਿੰਗ ਕਰ ਰਹੇ ASI ‘ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਤੋੜਿਆ ਦਮ, ਮਾਨ ਸਰਕਾਰ ਪਰਿਵਾਰ ਨੂੰ ਦੇਵੇਗੀ 1 ਕਰੋੜ