“ਬਾਦਲਾਂ ਦੀ ਤੱਕੜੀ ਨੇ ਸਿਰਫ਼ ‘ਮੇਰਾ-ਮੇਰਾ’ ਤੋਲਿਆ”, ਸੁਨਾਮ ਰੈਲੀ ‘ਚ CM ਮਾਨ ਨੇ SAD-BJP ਗਠਜੋੜ ‘ਤੇ ਕੱਸੇ ਤਿੱਖੇ ਤਨਜ਼

Updated On: 

31 Oct 2026 15:57 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਮੌੜਾਂ ਵਿਖੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਰਕਾਰ ਦੀਆਂ ਵਿਕਾਸ ਨੀਤੀਆਂ, ਸਿੱਖਿਆ ਕ੍ਰਾਂਤੀ ਅਤੇ ਲੋਕ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰਾਂ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਤੇ ਜ਼ੋਰਦਾਰ ਹਮਲੇ ਬੋਲੇ।

ਬਾਦਲਾਂ ਦੀ ਤੱਕੜੀ ਨੇ ਸਿਰਫ਼ ਮੇਰਾ-ਮੇਰਾ ਤੋਲਿਆ, ਸੁਨਾਮ ਰੈਲੀ ਚ CM ਮਾਨ ਨੇ SAD-BJP ਗਠਜੋੜ ਤੇ ਕੱਸੇ ਤਿੱਖੇ ਤਨਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਮੌੜਾਂ ਵਿਖੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਰਕਾਰ ਦੀਆਂ ਵਿਕਾਸ ਨੀਤੀਆਂ, ਸਿੱਖਿਆ ਕ੍ਰਾਂਤੀ ਅਤੇ ਲੋਕ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰਾਂ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਤੇ ਜ਼ੋਰਦਾਰ ਹਮਲੇ ਬੋਲੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਪਿੰਡ ਦੇ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਸਪੱਸ਼ਟ ਕੀਤਾ ਕਿ ਪਿੰਡ ਵਾਸੀ ਆਪਸੀ ਸਹਿਮਤੀ ਨਾਲ ਇਸ ਰਾਸ਼ੀ ਨੂੰ ਵਿਕਾਸ ਕਾਰਜਾਂ ਲਈ ਵਰਤਣ।

ਸਿੱਖਿਆ ਅਤੇ ਰੁਜ਼ਗਾਰ ਖੇਤਰ ਵਿੱਚ ਇਤਿਹਾਸਕ ਪ੍ਰਾਪਤੀਆਂ

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2021 ਦੌਰਾਨ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇਸ਼ ਭਰ ਵਿੱਚੋਂ 27ਵੇਂ ਨੰਬਰ ਤੇ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਗਿਆ ਨਵੇਂ ਬੈਂਚ, ਵਿਗਿਆਨ ਪ੍ਰਯੋਗਸ਼ਾਲਾਵਾਂ, ਸਮਾਰਟ ਕਲਾਸਰੂਮ ਬਣਾਏ ਗਏ ਅਤੇ ਅਧਿਆਪਕਾਂ ਸਮੇਤ ਨਾਨ-ਟੀਚਿੰਗ ਸਟਾਫ਼ ਦੀ ਵੱਡੇ ਪੱਧਰ ਤੇ ਭਰਤੀ ਕੀਤੀ ਗਈ। ਇਸ ਸੁਧਾਰ ਦਾ ਹੀ ਨਤੀਜਾ ਹੈ ਕਿ ਪੰਜਾਬ ਨੇ ਕੇਰਲਾ ਵਰਗੇ ਮੋਹਰੀ ਸੂਬੇ ਨੂੰ ਪਛਾੜ ਕੇ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਮੁੱਖ ਮੰਤਰੀ ਨੇ NEET ਪ੍ਰੀਖਿਆ ਦਾ ਜ਼ਿਕਰ ਕਰਦਿਆਂ ਦੱਸਿਆ ਕਿ 2021 ਵਿੱਚ ਸਰਕਾਰੀ ਸਕੂਲਾਂ ਦੇ ਸਿਰਫ਼ 80 ਵਿਦਿਆਰਥੀ ਇਸ ਔਖੀ ਪ੍ਰੀਖਿਆ ਵਿੱਚ ਪਾਸ ਹੋਏ ਸਨ, ਜਦਕਿ ਹੁਣ 882 ਬੱਚਿਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰਾਂ—ਦਿਹਾੜੀਦਾਰਾਂ, ਰੇਹੜੀ ਚਾਲਕਾਂ ਅਤੇ ਮਜ਼ਦੂਰਾਂ ਦੇ ਬੱਚੇ ਹੁਣ ਡਾਕਟਰ ਅਤੇ ਇੰਜੀਨੀਅਰ ਬਣ ਕੇ ਆਪਣੀ ਗ਼ਰੀਬੀ ਦੂਰ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ 70,685 ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਕਾਰਨ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ (ਪਾਸਪੋਰਟ ਬਣਾਉਣ ਦੀ ਦਰ) ਵਿੱਚ ਵੀ ਕਮੀ ਆਈ ਹੈ।

ਸਿਹਤ, ਖੇਡਾਂ ਅਤੇ ਬੁਨਿਆਦੀ ਸਹੂਲਤਾਂਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਟੈਸਟ ਅਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਖੇਤੀਬਾੜੀ ਖੇਤਰ ਲਈ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਦਿਨ ਵੇਲੇ ਬਿਜਲੀ ਅਤੇ ਨਹਿਰਾਂ-ਕੱਸੀਆਂ ਰਾਹੀਂ ਟੇਲਾਂ ਤੱਕ ਪਾਣੀ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪਿੰਡ-ਪਿੰਡ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਅਤੇ ਜਲੰਧਰ ਵਿਖੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਰਗੇ ਵੱਡੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ ਜਾ ਰਹੇ ਹਨ।

ਵਿਰੋਧੀ ਪਾਰਟੀਆਂ ਤੇ ਤਿੱਖੇ ਹਮਲੇ

ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਬੇਅਦਬੀ ਵਰਗੀਆਂ ਘਟਨਾਵਾਂ ਵਾਪਰੀਆਂ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਤੱਕੜੀ ‘ਤੇਰਾ-ਤੇਰਾ’ ਤੋਲਦੀ ਸੀ, ਪਰ ਬਾਦਲਾਂ ਦੀ ਤੱਕੜੀ ‘ਮੇਰਾ-ਮੇਰਾ’ ਤੋਲਦੀ ਰਹੀ। ਉਨ੍ਹਾਂ ਸੁਖਬੀਰ ਬਾਦਲ ਦੀ ਸੁਰੱਖਿਆ ਅਤੇ ਹਸਪਤਾਲ ਵਾਲੇ ਮਾਮਲੇ ਦਾ ਹਵਾਲਾ ਦਿੰਦਿਆਂ ਵਿਅੰਗ ਕਸਿਆ ਕਿ ਬਾਦਲ ਪਰਿਵਾਰ ਹਮੇਸ਼ਾ ਝੂਠੀ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕਰਦਾ ਹੈ।

ਭਾਜਪਾ ਨਾਲ ਗਠਜੋੜ ਦੀਆਂ ਚਰਚਾਵਾਂ ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ 4-5 ਸਾਲ ਭਾਜਪਾ ਨੂੰ ਗਾਲ੍ਹਾਂ ਕੱਢਣ ਵਾਲੇ ਅਕਾਲੀ ਆਗੂ ਹੁਣ ਮੁੜ ਉਨ੍ਹਾਂ ਨਾਲ ਸਮਝੌਤਾ ਕਰਨ ਦੇ ਤਰਲੇ ਮਾਰ ਰਹੇ ਹਨ, ਪਰ ਪੰਜਾਬ ਦੇ ਲੋਕ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ 750 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲਣਗੇ। ਕਾਂਗਰਸ ਅਤੇ ਅਕਾਲੀ ਦਲ ਦੀ ਅੰਦਰੂਨੀ ਫੁੱਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਆਗੂ ਆਪਸ ਵਿੱਚ ਹੀ ਲੜ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਚੋਣ ਉਮੀਦਵਾਰਾਂ ਦਾ ਐਲਾਨ ਕਰਕੇ ਵਿਕਾਸ ਦੇ ਏਜੰਡੇ ਤੇ ਪਹਿਲ ਕਦਮੀ ਕੀਤੀ ਹੈ।

ਵੋਟਰਾਂ ਨੂੰ ਲਾਲਚ ਤੋਂ ਸੁਚੇਤ ਰਹਿਣ ਦੀ ਅਪੀਲ

ਚੋਣਾਂ ਦੌਰਾਨ ਪੈਸੇ ਵੰਡਣ ਦੇ ਦੋਸ਼ਾਂ ਤੇ ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਵੋਟਾਂ ਖ਼ਰੀਦਣ ਲਈ ਵੰਡਿਆ ਜਾਣ ਵਾਲਾ ਪੈਸਾ ਅਸਲ ਵਿੱਚ ਜਨਤਾ ਦੀ ਹੀ ਕਮਾਈ ਹੈ। ਉਨ੍ਹਾਂ ਹਲਕੇ ਅੰਦਾਜ਼ ਵਿੱਚ ਅਪੀਲ ਕੀਤੀ ਕਿ ਜੇਕਰ ਕੋਈ ਪੈਸੇ ਦੇਣ ਆਉਂਦਾ ਹੈ ਤਾਂ ਲੈ ਲੈਣ, ਪਰ ਪੋਲਿੰਗ ਬੂਥ ‘ਤੇ ਜਾ ਕੇ ਆਪਣੀ ਵੋਟ ਸਿਰਫ਼ ਸੱਚ ਅਤੇ ਪੰਜਾਬ ਦੇ ਭਵਿੱਖ (ਝਾੜੂ) ਦੇ ਪੱਖ ਵਿੱਚ ਹੀ ਪਾਉਣ। ਮੁੱਖ ਮੰਤਰੀ ਨੇ ਲੋਕਾਂ ਦੇ ਭਰਵੇਂ ਪਿਆਰ ਲਈ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਕਾਰਜ ਬਿਨਾਂ ਰੁਕੇ ਜਾਰੀ ਰਹੇਗਾ।

Loading...
Unable to load recommendations.
Follow Us