ਬਰਨਾਲਾ: ਅਨਾਜ ਮੰਡੀ ‘ਚ ਬਿਜਲੀ ਕਰੰਟ ਦਾ ਕਹਿਰ, 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ
ਦੱਸਿਆ ਜਾ ਰਿਹਾ ਹੈ ਕਿ ਆੜ੍ਹਤੀਏ ਦੇ ਕਹਿਣ ਤੇ ਚਾਰ ਮਜ਼ਦੂਰ ਝੋਨਾ ਸਾਫ਼ ਕਰਨ ਵਾਲੀ ਬਿਜਲੀ ਦੀ ਮਸ਼ੀਨ ਦਾ ਪੱਖਾ ਚਲਾਉਣ ਲਈ ਤਾਰਾਂ ਜੋੜ ਰਹੇ ਸਨ। ਇਸੇ ਦੌਰਾਨ ਬਿਜਲੀ ਦੀਆਂ ਤਾਰਾਂ ਨਾਲ ਸੰਪਰਕ ਹੋਣ ਕਾਰਨ ਚਾਰੇ ਮਜ਼ਦੂਰ ਕਰੰਟ ਦੀ ਲਪੇਟ 'ਚ ਆ ਗਏ। ਇਨ੍ਹਾਂ 'ਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਗੰਭੀਰ ਹੋ ਗਈ ਤੇ ਚੌਥਾ ਮਜ਼ਦੂਰ ਬਚ ਗਿਆ।
ਬਰਨਾਲਾ ਦੇ ਸਬ-ਡਿਵੀਜ਼ਨ ਤਪਾ ਮੰਡੀ ਦੀ ਅਨਾਜ ਮੰਡੀ ‘ਚ ਬਿਜਲੀ ਕਰੰਟ ਲੱਗਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇੱਕ ਮਜ਼ਦੂਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਮਜ਼ਦੂਰ ਵਾਲ-ਵਾਲ ਬਚ ਗਿਆ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ‘ਚ ਮਾਤਮ ਛਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ 42 ਸਾਲਾ ਰੂਲਦ ਪਾਸਵਾਨ ਤੇ 19 ਸਾਲਾ ਸਚਿਨ ਕੁਮਾਰ ਵਜੋਂ ਹੋਈ ਹੈ। ਹਾਦਸੇ ‘ਚ ਜ਼ਖ਼ਮੀ ਹੋਏ 45 ਸਾਲਾ ਰਣਜੀਤ ਰਾਮ ਦਾ ਤਪਾ ਮੰਡੀ ਦੇ ਸਰਕਾਰੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ, ਉਸ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਆਈਸੀਯੂ ‘ਚ ਰੱਖਿਆ ਗਿਆ ਹੈ।
ਆੜ੍ਹਤੀਏ ਤੇ ਲਾਪਰਵਾਹੀ ਦੇ ਇਲਜ਼ਾਮ
ਮੁੱਢਲੀ ਜਾਣਕਾਰੀ ਅਨੁਸਾਰ, ਝੋਨੇ ਦੇ ਸੀਜ਼ਨ ਦੌਰਾਨ ਇਹ ਮਜ਼ਦੂਰ ਤਪਾ ਮੰਡੀ ਦੀ ਇੱਕ ਆੜ੍ਹਤੀ ਕੋਲ ਅਨਾਜ ਮੰਡੀ ‘ਚ ਮਜ਼ਦੂਰੀ ਕਰਨ ਲਈ ਆਏ ਸਨ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਮਜ਼ਦੂਰਾਂ ਤੋਂ ਉਨ੍ਹਾਂ ਦੇ ਨਿਰਧਾਰਤ ਕੰਮ ਦੀ ਬਜਾਏ ਬਿਜਲੀ ਦਾ ਕੰਮ ਕਰਵਾਇਆ ਜਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਆੜ੍ਹਤੀਏ ਦੇ ਕਹਿਣ ਤੇ ਚਾਰ ਮਜ਼ਦੂਰ ਝੋਨਾ ਸਾਫ਼ ਕਰਨ ਵਾਲੀ ਬਿਜਲੀ ਦੀ ਮਸ਼ੀਨ ਦਾ ਪੱਖਾ ਚਲਾਉਣ ਲਈ ਤਾਰਾਂ ਜੋੜ ਰਹੇ ਸਨ। ਇਸੇ ਦੌਰਾਨ ਬਿਜਲੀ ਦੀਆਂ ਤਾਰਾਂ ਨਾਲ ਸੰਪਰਕ ਹੋਣ ਕਾਰਨ ਚਾਰੇ ਮਜ਼ਦੂਰ ਕਰੰਟ ਦੀ ਲਪੇਟ ‘ਚ ਆ ਗਏ। ਇਨ੍ਹਾਂ ‘ਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਗੰਭੀਰ ਹੋ ਗਈ ਤੇ ਚੌਥਾ ਮਜ਼ਦੂਰ ਬਚ ਗਿਆ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਬਿਜਲੀ ਦੇ ਕੰਮ ਬਾਰੇ ਜਾਣਕਾਰੀ ਨਾ ਰੱਖਣ ਵਾਲੇ ਮਜ਼ਦੂਰਾਂ ਤੋਂ ਅਜਿਹਾ ਕੰਮ ਕਰਵਾਉਣਾ ਵੱਡੀ ਲਾਪਰਵਾਹੀ ਹੈ। ਉਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ
ਦੋ ਪਰਿਵਾਰਾਂ ਤੇ ਟੁੱਟਿਆ ਦੁੱਖਾਂ ਦਾ ਪਹਾੜ
ਇਸ ਹਾਦਸੇ ਨੇ ਦੋਵਾਂ ਪਰਿਵਾਰਾਂ ਨੂੰ ਗਹਿਰੇ ਸਦਮੇ ‘ਚ ਪਾ ਦਿੱਤਾ ਹੈ। ਬਿਹਾਰ ਦਾ ਰਹਿਣ ਵਾਲਾ 42 ਸਾਲਾ ਰੂਲਦ ਪਾਸਵਾਨ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਉੱਥੇ ਹੀ 19 ਸਾਲਾ ਸਚਿਨ ਕੁਮਾਰ ਦੀ ਮੌਤ ਨਾਲ ਉਸ ਦੇ ਮਾਪਿਆਂ, ਤਿੰਨ ਭਰਾਵਾਂ ਤੇ ਇੱਕ ਛੋਟੀ ਭੈਣ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਰੋਜ਼ੀ-ਰੋਟੀ ਦੀ ਭਾਲ ‘ਚ ਪੰਜਾਬ ਆਏ ਇਨ੍ਹਾਂ ਮਜ਼ਦੂਰਾਂ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ‘ਚ ਸੋਗ ਦੀ ਲਹਿਰ ਹੈ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ਼ ਦੀ ਕੀਤੀ ਮੰਗ
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਝੋਨੇ ਦੇ ਸੀਜ਼ਨ ਦੌਰਾਨ ਮਜ਼ਦੂਰੀ ਕਰਨ ਲਈ ਤਪਾ ਮੰਡੀ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਤੋਂ ਅਨਾਜ ਮੰਡੀ ‘ਚ ਮਜ਼ਦੂਰੀ ਕਰਵਾਉਣ ਦੀ ਬਜਾਏ ਬਿਜਲੀ ਦੀਆਂ ਤਾਰਾਂ ਲਗਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ। ਇਸੇ ਦੌਰਾਨ ਕਰੰਟ ਲੱਗਣ ਕਾਰਨ ਦੋ ਮਜ਼ਦੂਰਾਂ ਦੀ ਜਾਨ ਚਲੀ ਗਈ।
ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਲਈ ਸਬੰਧਤ ਆੜ੍ਹਤੀਏ ਦੀ ਕਥਿਤ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਨੇ ਕੀ ਦੱਸਿਆ?
ਕਰੰਟ ਦੀ ਲਪੇਟ ‘ਚ ਆਉਣ ਤੋਂ ਬਚੇ ਚੌਥੇ ਮਜ਼ਦੂਰ ਪਾਸਵਾਨ ਨੇ ਦੱਸਿਆ ਕਿ ਆੜ੍ਹਤੀਏ ਵੱਲੋਂ ਉਨ੍ਹਾਂ ਨੂੰ ਬਿਜਲੀ ਦੇ ਪੱਖੇ ਦੀਆਂ ਤਾਰਾਂ ਲਗਾਉਣ ਲਈ ਕਿਹਾ ਗਿਆ ਸੀ। ਉਸ ਦੇ ਮੁਤਾਬਕ, ਤਾਰਾਂ ਲਗਾਉਣ ਦੌਰਾਨ ਹੀ ਇਹ ਹਾਦਸਾ ਵਾਪਰਿਆ।
SMO ਨੇ ਦਿੱਤੀ ਹਾਦਸੇ ਸਬੰਧੀ ਜਾਣਕਾਰੀ
ਤਪਾ ਮੰਡੀ ਦੇ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (SMO) ਡਾ. ਕਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਬਿਜਲੀ ਕਰੰਟ ਲੱਗਣ ਕਾਰਨ ਤਿੰਨ ਮਜ਼ਦੂਰਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਨ੍ਹਾਂ ‘ਚੋਂ ਦੋ ਮਜ਼ਦੂਰਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ ਇੱਕ ਮਜ਼ਦੂਰ ਦਾ ਇਲਾਜ ਕੀਤਾ ਜਾ ਰਿਹਾ ਹੈ।
ਪੁਲਿਸ ਵੱਲੋਂ ਜਾਂਚ ਤੋਂ ਬਾਅਦ ਹੋਵੇਗੀ ਕਾਨੂੰਨੀ ਕਾਰਵਾਈ
ਇਸ ਮਾਮਲੇ ਸਬੰਧੀ ਥਾਣਾ ਤਪਾ ਮੰਡੀ ਦੇ ਐਸਐਚਓ ਅਮਰੀਕ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਤਪਾ ਤੋਂ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ। ਬਿਜਲੀ ਕਰੰਟ ਲੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋਈ ਹੈ, ਜਦਕਿ ਇੱਕ ਜ਼ਖ਼ਮੀ ਮਜ਼ਦੂਰ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜਾਂਚ ਦੇ ਤੱਥਾਂ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।


