ਬਰਨਾਲਾ ਦੇ 24 ਸਾਲਾਂ ਨੌਜਵਾਨ ਦੀ ਕੈਨੇਡਾ ‘ਚ ਮੌਤ, ਘਰ ਦਾ ਸੀ ਇਕਲੌਤਾ ਪੁੱਤਰ
ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਬਲਤੇਜ ਸਿੰਘ ਸਾਡਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਤੋਂ ਬਾਅਦ, ਪਰਿਵਾਰ ਦੀ ਸਭ ਤੋਂ ਵੱਡੀ ਚੁਣੌਤੀ ਉਸ ਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣਾ ਹੈ। ਪਰਿਵਾਰ ਦੇ ਅਨੁਸਾਰ, ਕਾਗਜ਼ੀ ਕਾਰਵਾਈ ਤੇ ਅੰਤਰਰਾਸ਼ਟਰੀ ਵਾਪਸੀ 'ਤੇ ਲਗਭਗ 25 ਤੋਂ 27 ਲੱਖ ਰੁਪਏ ਖਰਚ ਹੋਣ ਦੀ ਉਮੀਦ ਹੈ, ਜੋ ਕਿ ਉਨ੍ਹਾਂ ਦੀ ਵਿੱਤੀ ਸਮਰੱਥਾ ਤੋਂ ਬਾਹਰ ਹੈ।
ਬਰਨਾਲਾ ਦੇ 24 ਸਾਲਾਂ ਨੌਜਵਾਨ ਦੀ ਕੈਨੇਡਾ 'ਚ ਮੌਤ
ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਇੱਕ ਨੌਜਵਾਨ ਦੀ ਕੈਨੇਡਾ ‘ਚ ਅਚਾਨਕ ਮੌਤ ਨੇ ਪਰਿਵਾਰ ਨੂੰ ਸੋਗ ‘ਚ ਡੁੱਬਾ ਦਿੱਤਾ ਹੈ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ਨੂੰ ਜਿੱਥੇ ਡੂੰਘਾ ਸਦਮਾ ਪਹੁੰਚਿਆ ਹੈ, ਉੱਥੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਮ੍ਰਿਤਕ ਦੀ ਪਛਾਣ ਬਲਤੇਜ ਸਿੰਘ (24) ਪੁੱਤਰ ਜਗਤਾਰ ਸਿੰਘ ਵਜੋਂ ਹੋਈ ਹੈ। ਉਹ ਰੁਜ਼ਗਾਰ ਦੀ ਭਾਲ ‘ਚ ਕੈਨੇਡਾ ਦੇ ਸਰੀ ‘ਚ ਰਹਿ ਰਿਹਾ ਸੀ।
ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਬਲਤੇਜ ਸਿੰਘ ਸਾਡਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਤੋਂ ਬਾਅਦ, ਪਰਿਵਾਰ ਦੀ ਸਭ ਤੋਂ ਵੱਡੀ ਚੁਣੌਤੀ ਉਸ ਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣਾ ਹੈ। ਪਰਿਵਾਰ ਦੇ ਅਨੁਸਾਰ, ਕਾਗਜ਼ੀ ਕਾਰਵਾਈ ਤੇ ਅੰਤਰਰਾਸ਼ਟਰੀ ਵਾਪਸੀ ‘ਤੇ ਲਗਭਗ 25 ਤੋਂ 27 ਲੱਖ ਰੁਪਏ ਖਰਚ ਹੋਣ ਦੀ ਉਮੀਦ ਹੈ, ਜੋ ਕਿ ਉਨ੍ਹਾਂ ਦੀ ਵਿੱਤੀ ਸਮਰੱਥਾ ਤੋਂ ਬਾਹਰ ਹੈ। ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਹ 2 ਸਾਲ ਪਹਿਲਾਂ 12ਵੀਂ ਤੇ ਆਈਲੈਟਸ ਦੀ ਪ੍ਰੀਖਿਆ ਦੇਣ ਤੋਂ ਬਾਅਦ ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ ਲਗਭਗ 40 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਸ ‘ਚੋਂ ਉਸ ਨੂੰ 4 ਲੱਖ ਰੁਪਏ ਦਾ ਸੋਨਾ ਕਰਜ਼ਾ, ਰਿਸ਼ਤੇਦਾਰਾਂ ਤੋਂ 12 ਲੱਖ ਰੁਪਏ ਤੇ ਬੈਂਕ ਦੇ ਕਰਜ਼ੇ ਤੋਂ 4 ਲੱਖ ਰੁਪਏ ਲੈ ਕੇ ਵਿਦੇਸ਼ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ 25 ਦਸੰਬਰ ਦੀ ਸਵੇਰ ਨੂੰ ਬਲਤੇਜ ਸਿੰਘ ਦੇ ਸਾਥੀਆਂ ਨੇ ਫ਼ੋਨ ‘ਤੇ ਜਾਣਕਾਰੀ ਦਿੱਤੀ ਕਿ ਉਹ ਸੌਂ ਰਿਹਾ ਸੀ ਤੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਬਲਤੇਜ ਨੇ ਕੋਈ ਹਰਕਤ ਨਹੀਂ ਕੀਤੀ। ਬਾਅਦ ‘ਚ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ ਹੈ।
ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਦੁਖੀ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਮਹਿਲ ਕਲਾਂ ਵਿਧਾਨ ਸਭਾ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਜ਼ਿਲ੍ਹੇ ਦੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਲਤੇਜ ਸਿੰਘ ਦੀ ਦੇਹ ਕੈਨੇਡਾ ਤੋਂ ਭਾਰਤ ‘ਚ ਉਸ ਦੇ ਪਿੰਡ ਛੀਨੀਵਾਲ ਲਿਆਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ।
