ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਠਹਾਕਿਆਂ ‘ਤੇ ਬਲਵੰਤ ਸਿੰਘ ਰਾਜੋਆਣਾ ਨੇ ਸੋਸ਼ਲ ਮੀਡੀਆ ਰਾਹੀਂ ਬੋਲੇ ਤਿੱਖੇ ਸ਼ਬਦੀ ਹਮਲੇ
Rajoana on Ex Jathedar: ਬਲਵੰਤ ਸਿੰਘ ਰਾਜੋਆਣਾ ਨੇ ਜਦੋਂ ਵੀ ਕੋਈ ਗੱਲ ਕਹਿਣੀ ਹੁੰਦੀ ਹੈ ਉਹ ਆਪਣੀ ਭੈਣ ਕਮਲਦੀਪ ਕੌਰ ਰਾਜੋਆਣਾ ਦੇ ਫੇਸਬੁੱਕ ਅਕਾਉਂਟ 'ਤੇ ਪੋਸਟ ਪਾ ਕੇ ਆਪਣੀ ਗੱਲ ਰੱਖਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣੀ ਭੈਣ ਰਾਹੀਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ।
ਬੀਤੇ ਦਿਨੀਂ ਸ਼੍ਰੀ ਅਕਾਲ ਤਖ਼ਤ ਦੇ ਨਵੇਂ ਅਤੇ ਪੱਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਾਜਪੋਸ਼ੀ ਹੋਈ ਤੇ ਨਾਲ ਹੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵਿਦਾਈ ਵੀ। ਇਸ ਮੌਕੇ ਹਰਪ੍ਰੀਤ ਸਿੰਘ (Gyani Harpreet Singh) ਆਪਣੇ ਆਪ ਨੂੰ ਇਸ ਜਿੰਮੇਦਾਰੀ ਤੋਂ ਮੁਕਤ ਹੋ ਕੇ ਕਾਫੀ ਹਲਕਾ ਹੋਣ ਦੀ ਗੱਲ ਕਹਿ ਰਹੇ ਸਨ। ਮੀਡੀਆ ਨਾਲ ਰੂ-ਬ-ਰੂ ਹੋਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਬੜੇ ਹੀ ਬੇਬਾਕ ਅੰਦਾਜ਼ ਵਿੱਚ ਹੱਸ ਰਹੇ ਸਨ। ਉਨ੍ਹਾਂ ਦਾ ਇਹੀ ਹਾਸਾ ਕੁਝ ਲੋਕਾਂ ਨੂੰ ਪੰਸਦ ਨਹੀਂ ਆ ਰਿਹਾ ਹੈ। ਇਨ੍ਹਾਂ ਚੋਂ ਇੱਕ ਹਨ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ।
ਜੱਥੇਦਾਰ ਦੀ ਬੇਬਾਕ ਹਾਸੇ ਤੋਂ ਨਰਾਜ਼ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਨੇ ਆਪਣੀ ਭੈਣ ਕਮਲਦੀਪ ਕੌਰ ਰਾਜੋਆਣਾ ਰਾਹੀਂ ਲੰਮੀ ਚੌੜੀ ਫੇਸਬੁੱਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਨਾਲ ਹੀ ਉਨ੍ਹਾਂ ਨੇ ਜਥੇਦਾਰ ਦੇ ਹਾਸੇ-ਠਹਾਕੇ ਵਾਲਾ ਵੀਡੀਓ ਵੀ ਸਾਂਝਾ ਕੀਤਾ ਹੈ।
ਰਾਜੋਆਣਾ ਦੇ ਨਿਸ਼ਾਨੇ ‘ਤੇ ਗਿਆਨੀ ਹਰਪ੍ਰੀਤ ਸਿੰਘ
ਰਾਜੋਆਣਾ ਨੇ ਆਪਣੀ ਪੋਸਟ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਧੇ ਹੱਥੀ ਲੈਂਦਿਆ ਮੀਡੀਆ ਸਾਹਮਣੇ ਉਨ੍ਹਾਂ ਦੇ ਠਹਾਕੇ ਮਾਰਨ ਨੂੰ ਲੈ ਕੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਲਿੱਖਿਆ ਹੈ ਕਿ ਜਥੇਦਾਰ ਜੀ ਤੁਹਾਡੇ ਕਾਰਜਕਾਲ ਦੌਰਾਨ ਕਈ ਅਜਿਹ ਗੰਭੀਰ ਮੁੱਦੇ ਸਨ, ਜਿਨ੍ਹਾਂ ਨੂੰ ਹੱਲ ਕੀਤਾ ਜਾਣਾ ਤੁਹਾਡੀ ਪਹਿਲ ਹੋਣੀ ਚਾਹੀਦੀ ਸੀ, ਪਰ ਤੁਸੀਂ ਉਨ੍ਹਾਂ ਸਾਰਿਆਂ ਮੁੱਦਿਆਂ ਨੂੰ ਦਰਕਿਨਾਰ ਕਰਕੇ ਦਿੱਲੀ ਨਾਲ ਯਾਰੀ ਰੱਖਣ ਨੂੰ ਪਹਿਲ ਦਿੱਤੀ।
ਰਾਜੋਆਣਾ ਨੇ ਅੱਗੇ ਲਿੱਖਿਆ ਕਿ ਦਿੱਲੀ ਨਾਲ ਯਾਰੀ ਵੀ ਸਾਨੂੰ ਚੰਗੀ ਲੱਗਦੀ ਜੇਕਰ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਕਦਮ ਚੁੱਕੇ ਹੁੰਦੇ, ਜੇਕਰ ਤੁਸੀਂ ਗੁਰੂਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਾਲ ਕਿਲੇ ਤੇ ਕਰਵਾਏ ਗਏ ਸਮਾਗਮ ਚ ਸ਼ਾਮਲ ਹੋ ਕੇ ਉੱਥੇ ਕੌਮੀ ਇਨਸਾਫ ਅਤੇ ਕੌਮੀ ਹਿੱਤਾਂ ਦੀ ਗੱਲ ਰੱਖਦੇ। ਪਰ ਨਹੀਂ, ਤੁਸੀਂ ਤਾਂ ਧਾਰਮਿਕ ਸਮਾਗਮਾਂ ਦਾ ਬਾਈਕਾਟ ਕਰਕੇ ਰਾਘਵ ਚੱਢਾ ਦਾ ਮੰਗਣੀ ਚ ਜਾਣ ਨੂੰ ਜਿਆਦਾ ਜਰੂਰੀ ਸਮਝਿਆ।
ਇਹ ਵੀ ਪੜ੍ਹੋ
ਗਿਆਨੀ ਹਰਪ੍ਰੀਤ ਸਿੰਘ ਦੇ ਹਾਸੇ ਤੋਂ ਨਰਾਜ਼ ਰਾਜੋਆਣਾ
ਰਾਜੋਆਣਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹਾਸੇ ਤੇ ਤਿੱਖਾ ਤੰਜ ਕੱਸਦਿਆਂ ਆਪਣੀ ਪੋਸਟ ਵਿੱਚ ਹੋਰ ਵੀ ਬਹੁਤ ਕੁਝ ਲਿੱਖਿਆ ਹੈ। ਉਸਨੇ ਜਥੇਦਾਰ ਦੀ ਪੰਥਕ ਪਹਿਰੇਦਾਰੀ ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਹੈ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਦੇ ਇੱਕ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋਕੇ ਤੁਸੀਂ ਪੱਥਕ ਹਿੱਤਾ ਨਾਲ ਧਰੋਹ ਕੀਤਾ ਹੈ। ਉਸਨੇ ਅੱਗੇ ਕਿਹਾ ਕਿ ਇਨ੍ਹਾਂ ਗੰਭੀਰ ਮੁੱਦਿਆਂ ਤੇ ਵਿਚਾਰਾਂ ਕਰਨ ਦੀ ਥਾਂ ਜਦੋਂ ਤੁਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਮੀਡੀਆ ਸਾਹਮਣੇ ਹਾਸਾ ਠੱਠਾ ਕਰਦੇ ਹੋ ਤਾਂ ਮੇਰੇ ਅਤੇ ਮੇਰੇ ਵਰਗ੍ਹੇ ਹੋਰਨਾ ਕਈ ਪੀੜਤ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬੀਤੀ 7 ਜੂਨ ਨੂੰ ਰਾਜੋਆਣਾ ਨੇ ਸੋਸ਼ਲ ਮੀਡੀਆ ਰਾਹੀਂ ਉਦੋਂ ਗਿਆਨੀ ਹਰਪ੍ਰੀਤ ਸਿੰਘ ਤੇ ਹਮਲਾ ਬੋਲਿਆ ਸੀ, ਜਦੋਂ ਉਹ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਵਿੱਚ ਸ਼ਾਮਲ ਹੋਏ ਸਨ। ਉਦੋਂ ਵੀ ਉਨ੍ਹਾਂ ਨੇ ਨਰਾਜ਼ਗੀ ਜਾਹਿਰ ਕਰਦਿਆਂ ਗਿਆਨੀ ਜੀ ਤੇ ਪੰਥਕ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ ਲਗਾਏ ਸਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ