ਚਾਵਲਾ ਮਾਮਲਾ: SGPC ਨੇ ਜਾਰੀ ਕੀਤੀ ਮੁੱਢਲੀ ਜਾਂਚ ਰਿਪੋਰਟ, ਸਰਾਂ ਦੇ ਰਜਿਸਟਰ ਦੀਆਂ ਐਂਟਰੀਆਂ ‘ਤੇ ਵੱਡੇ ਦਾਅਵੇ

Updated On: 

06 Oct 2026 13:14 PM IST

ਪ੍ਰੈੱਸ ਕਾਨਫਰੰਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੀਡੀਆ ਟ੍ਰਾਇਲ ਰਾਹੀਂ ਐਸਜੀਪੀਸੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਮਲੇ 'ਚ ਐਫਆਈਆਰ ਪਹਿਲਾਂ ਹੀ ਦਰਜ ਹੋ ਚੁੱਕੀ ਸੀ ਤੇ ਐਸਜੀਪੀ ਵੱਲੋਂ ਵੀ ਆਪਣੇ ਪੱਧਰ 'ਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

ਚਾਵਲਾ ਮਾਮਲਾ: SGPC ਨੇ ਜਾਰੀ ਕੀਤੀ ਮੁੱਢਲੀ ਜਾਂਚ ਰਿਪੋਰਟ, ਸਰਾਂ ਦੇ ਰਜਿਸਟਰ ਦੀਆਂ ਐਂਟਰੀਆਂ ਤੇ ਵੱਡੇ ਦਾਅਵੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਆਨੰਦਪੁਰ ਸਾਹਿਬ ਸਥਿਤ ਗੁਰਦੁਆਰਾ ਸਰਾਂ ਤੇ ਇੱਕ ਮਹਿਲਾ ਦੇ ਠਹਿਰਾਅ ਨਾਲ ਜੁੜੇ ਚਰਚਿਤ ਮਾਮਲੇ ਨੂੰ ਲੈ ਕੇ ਵਿਸਥਾਰਪੂਰਵਕ ਪ੍ਰੈੱਸ ਕਾਨਫਰੰਸ ਕੀਤੀ। ਆਪਣੇ ਸਹਿਯੋਗੀਆਂ ਤੇ ਕਮੇਟੀ ਮੈਂਬਰਾਂ ਦੀ ਮੌਜੂਦਗੀ ‘ਚ ਧਾਮੀ ਨੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਬ-ਕਮੇਟੀ ਦੀ ਮੁੱਢਲੀ ਰਿਪੋਰਟ ਜਨਤਕ ਕਰਦਿਆਂ ਮੀਡੀਆ ਤੇ ਸਿੱਖ ਸੰਗਤ ਸਾਹਮਣੇ ਜਾਂਚ ਨਾਲ ਸਬੰਧਤ ਤੱਥ ਰੱਖੇ। ਉਨ੍ਹਾਂ ਕਿਹਾ ਕਿ ਕੁਝ ਅਸਮਾਜਿਕ ਤੱਤਾਂ ਤੇ ਸਿਆਸੀ ਵਿਰੋਧੀਆਂ ਵੱਲੋਂ ਸੰਸਥਾ ਤੇ ਗੁਰਦੁਆਰਾ ਪ੍ਰਬੰਧ ਦੀ ਸਾਖ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਾਂਚ ਸਬ-ਕਮੇਟੀ ਦੀ ਮੁੱਢਲੀ ਰਿਪੋਰਟ ਜਨਤਕ

SGPC ਪ੍ਰਧਾਨ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਨਾਲ ਜੁੜੇ ਮਾਮਲੇ ਦੀ ਨਿਰਪੱਖ ਜਾਂਚ ਲਈ ਚਾਰ ਮੈਂਬਰੀ ਸਬ-ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ‘ਚ ਸਰਦਾਰ ਕੁਲਦੀਪ ਸਿੰਘ ਤੇਗ, ਸਰਦਾਰ ਦਲਜੀਤ ਸਿੰਘ ਭਿੰਡਰ, ਬੀਬੀ ਕੁਲਵਿੰਦਰ ਕੌਰ ਤੇ ਸਰਦਾਰ ਗੁਰਬਖ਼ਸ਼ ਸਿੰਘ ਖਾਲਸਾ ਨੂੰ ਸ਼ਾਮਲ ਕੀਤਾ ਗਿਆ ਸੀ, ਜਦਕਿ ਸਕੱਤਰ ਕੁਲਵਿੰਦਰ ਸਿੰਘ ਰਾਮਦਾਸ ਨੂੰ ਕਮੇਟੀ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਇਸ ਕਮੇਟੀ ਨੂੰ 15 ਦਿਨਾਂ ਦੇ ਅੰਦਰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਧਾਮੀ ਨੇ ਕਿਹਾ ਕਿ ਕਮੇਟੀ ਵੱਲੋਂ ਮੁੱਢਲੀ ਰਿਪੋਰਟ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਕਈ ਦੋਸ਼ਾਂ ‘ਤੇ ਸਵਾਲ ਖੜ੍ਹੇ ਹੁੰਦੇ ਹਨ।

ਸਰਾਂ ਦੇ ਰਜਿਸਟਰ ‘ਚ ਕਥਿਤ ਕੱਟ-ਛਾਂਟ ਦਾ ਮੁੱਦਾ

ਪ੍ਰੈੱਸ ਕਾਨਫਰੰਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਸਰਾਂ ਦੇ ਮੂਲ ਰਜਿਸਟਰ ਤੇ ਸਬੰਧਤ ਦਸਤਾਵੇਜ਼ ਵੀ ਮੀਡੀਆ ਸਾਹਮਣੇ ਰੱਖੇ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਕਰਮਚਾਰੀਆਂ ਵੱਲੋਂ ਰਜਿਸਟਰ ਦੀਆਂ ਐਂਟਰੀਆਂ ‘ਚ ਕਥਿਤ ਤੌਰ ਤੇ ਹੇਰਾਫੇਰੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਰਜਿਸਟਰ ‘ਚ ਐਂਟਰੀ ਨੰਬਰ 246 ਤੋਂ ਬਾਅਦ 247 ਨੂੰ ਕੱਟ ਕੇ 248 ਕੀਤਾ ਗਿਆ ਤੇ ਵਿਚਕਾਰ ਵਾਧੂ ਲਾਈਨਾਂ ਜੋੜੀਆਂ ਗਈਆਂ। ਉਨ੍ਹਾਂ ਮੁਤਾਬਕ 246 ਤੋਂ 281 ਤੱਕ ਦੀਆਂ ਐਂਟਰੀਆਂ ‘ਚ ਕੱਟ-ਛਾਂਟ ਕੀਤੀ ਗਈ, ਜਿਸ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਬੰਧਤ ਮਹਿਲਾ ਲਗਾਤਾਰ ਛੇ ਮਹੀਨੇ ਉੱਥੇ ਰਹੀ।

ਧਾਮੀ ਨੇ ਇਸ ਨੂੰ ਪੂਰੀ ਤਰ੍ਹਾਂ ‘ਫੈਬਰੀਕੇਟਡ’ ‘ਤੇ ਬਾਅਦ ‘ਚ ਤਿਆਰ ਕੀਤਾ ਗਿਆ ਰਿਕਾਰਡ ਦੱਸਿਆ। ਉਨ੍ਹਾਂ ਕਿਹਾ ਕਿ ਐਂਟਰੀਆਂ ਦੀ ਲਿਖਾਈ ਸਬੰਧੀ ਸਬੰਧਤ ਕਰਮਚਾਰੀਆਂ ਤੋਂ ਜਾਂਚ ਕਰਵਾਈ ਗਈ ਹੈ ਤੇ ਅੱਗੇ ਹੈਂਡਰਾਈਟਿੰਗ ਮਾਹਿਰਾਂ ਤੋਂ ਵੀ ਵਿਗਿਆਨਕ ਤਰੀਕੇ ਨਾਲ ਪੁਸ਼ਟੀ ਕਰਵਾਈ ਜਾਵੇਗੀ।

ਮਹਿਲਾ ਦੇ ਠਹਿਰਾਅ ਤੇ ਭੁਗਤਾਨ ਦਾ ਰਿਕਾਰਡ

ਧਾਮੀ ਨੇ ਸਬੰਧਤ ਮਹਿਲਾ ਦੇ ਵੱਖ-ਵੱਖ ਸਰਾਵਾਂ ‘ਚ ਠਹਿਰਾਅ ਨਾਲ ਜੁੜੀਆਂ ਤਰੀਕਾਂ ਅਤੇ ਭੁਗਤਾਨ ਦਾ ਵੇਰਵਾ ਵੀ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਦਸੰਬਰ ਦੌਰਾਨ ਮਹਿਲਾ 7 ਤੋਂ 9 ਦਸੰਬਰ ਤੱਕ ਕਮਰਾ ਨੰਬਰ 38 ‘ਚ ਠਹਿਰੀ ਤੇ 1,000 ਰੁਪਏ ਦੀ ਨਿਰਧਾਰਤ ਫੀਸ ਜਮ੍ਹਾਂ ਕਰਵਾਈ।

ਇਸ ਤੋਂ ਬਾਅਦ 9 ਤੋਂ 11 ਦਸੰਬਰ, 28 ਤੋਂ 29 ਦਸੰਬਰ ਤੇ ਜਨਵਰੀ ਮਹੀਨੇ ‘ਚ ਜਦੋਂ ਵੀ ਉਹ ਸਰਾਂ ‘ਚ ਠਹਿਰੀ, ਉਸ ਵੱਲੋਂ ਨਿਰਧਾਰਤ ਕਿਰਾਇਆ ਅਦਾ ਕਰਨ ਦਾ ਰਿਕਾਰਡ ਹੋਣ ਦੀ ਗੱਲ ਧਾਮੀ ਨੇ ਕਹੀ। ਉਨ੍ਹਾਂ ਇਹ ਵੀ ਦੱਸਿਆ ਕਿ ਮਹਿਲਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸਰਾਂ ‘ਚ ਵੀ ਮਾਰਚ, ਅਪ੍ਰੈਲ, ਮਈ, ਜੂਨ ਤੇ ਜੁਲਾਈ ਦੌਰਾਨ ਵੱਖ-ਵੱਖ ਤਰੀਕਾਂ ‘ਤੇ ਕੁੱਲ 8 ਵਾਰ ਸੀਮਤ ਸਮੇਂ ਲਈ ਠਹਿਰੀ, ਜਿਸ ਦਾ ਰਿਕਾਰਡ ਮੌਜੂਦ ਹੈ।

ਧਾਮੀ ਨੇ ਸਵਾਲ ਕੀਤਾ ਕਿ ਜਦੋਂ ਮਹਿਲਾ ਦੇ ਹੋਰ ਥਾਵਾਂ ‘ਤੇ ਠਹਿਰਾਅ ਦੀਆਂ ਐਂਟਰੀਆਂ ਮੌਜੂਦ ਹਨ ਤਾਂ ਉਹ ਇੱਕੋ ਸਮੇਂ ਸ੍ਰੀ ਆਨੰਦਪੁਰ ਸਾਹਿਬ ‘ਚ ਲਗਾਤਾਰ ਛੇ ਮਹੀਨੇ ਕਿਵੇਂ ਰਹਿ ਸਕਦੀ ਸੀ।

ਕੋਈ VIP ਸਹੂਲਤ ਜਾਂ ਵਿਸ਼ੇਸ਼ ਵਾਹਨ ਨਹੀਂ ਦਿੱਤਾ ਗਿਆ

SGPC ਪ੍ਰਧਾਨ ਨੇ ਉਨ੍ਹਾਂ ਦਾਅਵਿਆਂ ਨੂੰ ਵੀ ਰੱਦ ਕੀਤਾ, ਜਿਨ੍ਹਾਂ ‘ਚ ਮਹਿਲਾ ਨੂੰ SGPC ਵੱਲੋਂ ਗੱਡੀ, ਡਰਾਈਵਰ ਜਾਂ ਵਿਸ਼ੇਸ਼ VIP ਸਹੂਲਤਾਂ ਦੇਣ ਦੀ ਗੱਲ ਕਹੀ ਗਈ ਸੀ। ਧਾਮੀ ਨੇ ਕਿਹਾ ਕਿ SGPC ਵੱਲੋਂ ਨਾ ਤਾਂ ਕੋਈ ਗੱਡੀ ਦਿੱਤੀ ਗਈ ਤੇ ਨਾ ਹੀ ਕੋਈ ਮੁਲਾਜ਼ਮ ਉਸ ਦੇ ਨਾਲ ਤਾਇਨਾਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਵੱਲੋਂ ਨਿੱਜੀ ਪੱਧਰ ਤੇ ਕੋਈ ਗਲਤ ਕੰਮ ਜਾਂ ਮਿਲੀਭੁਗਤ ਕੀਤੀ ਗਈ ਹੈ ਤਾਂ ਵਿਭਾਗੀ ਜਾਂਚ ਤਹਿਤ ਉਸ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾ ਰਹੀ ਹੈ।

ਧਰਮ ਪ੍ਰਚਾਰ ਤੇ ਧਰਮਾਰਥ ਸਹਾਇਤਾ ਤੇ ਦਿੱਤੀ ਸਫਾਈ

ਮਹਿਲਾ ਨੂੰ ਇਲਾਜ ਤੇ ਹਸਪਤਾਲ ਲਈ ਦਿੱਤੀ ਗਈ 1 ਲੱਖ ਰੁਪਏ ਦੀ ਸਹਾਇਤਾ ਨੂੰ ਲੈ ਕੇ ਉੱਠੇ ਸਵਾਲਾਂ ‘ਤੇ ਵੀ ਧਾਮੀ ਨੇ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਸਬੰਧਤ ਅਰਜ਼ੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਗਰੂਰ ਵਾਸੀ ਮਹਿਲਾ ਨੇ ਸਿਹਤ ਖ਼ਰਾਬ ਹੋਣ ਤੇ ਮਾਨਸਿਕ ਤਣਾਅ/ਇਲਾਜ ਲਈ ਸਹਾਇਤਾ ਦੀ ਮੰਗ ਕੀਤੀ ਸੀ। ਧਾਮੀ ਮੁਤਾਬਕ ਇਸ ਅਰਜ਼ੀ ਤੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਨਿਯਮਾਂ ਅਨੁਸਾਰ ਵਿਚਾਰ ਕੀਤਾ ਗਿਆ ਤੇ ਧਰਮਾਰਥ ਫੰਡ ਵਿੱਚੋਂ ਸਹਾਇਤਾ ਮਨਜ਼ੂਰ ਕੀਤੀ ਗਈ। ਉਨ੍ਹਾਂ ਕਿਹਾ ਕਿ SGPC ਵੱਲੋਂ ਕੈਂਸਰ, ਗੰਭੀਰ ਬਿਮਾਰੀਆਂ ਤੇ ਪੰਥਕ ਸੰਘਰਸ਼ ਨਾਲ ਜੁੜੇ ਮਾਮਲਿਆਂ ‘ਚ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ ਅਤੇ ਇਹ ਫੈਸਲਾ ਕਮੇਟੀ ਦੀ ਸਹਿਮਤੀ ਨਾਲ ਲਿਆ ਗਿਆ ਸੀ।

ਮੀਡੀਆ ਟ੍ਰਾਇਲ ਅਤੇ ਸਿਆਸੀ ਸਾਜ਼ਿਸ਼ ‘ਤੇ ਚੇਤਾਵਨੀ

ਧਾਮੀ ਨੇ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ਤੇ ਨਿੱਜੀ ਹਿੱਤਾਂ ਦੇ ਚਲਦਿਆਂ ਸੰਸਥਾ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਤੱਥਾਂ ਦੀ ਪੂਰੀ ਪੁਸ਼ਟੀ ਕੀਤੇ ਬਿਨਾਂ ਸਨਸਨੀਖੇਜ਼ ਖ਼ਬਰਾਂ ਚਲਾਉਣ ਨਾਲ ਸਿੱਖ ਪੰਥ ਦੀ ਪ੍ਰਮੁੱਖ ਪ੍ਰਬੰਧਕੀ ਸੰਸਥਾ ਦੀ ਸਾਖ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਇੱਕਤਰਫ਼ਾ ਬਿਆਨਾਂ ਦੇ ਆਧਾਰ ਤੇ ਮੀਡੀਆ ਟ੍ਰਾਇਲ ਤੋਂ ਬਚਿਆ ਜਾਵੇ। ਧਾਮੀ ਨੇ ਕਿਹਾ ਕਿ SGPC ਕਿਸੇ ਵੀ ਨਿਰਪੱਖ ਜਾਂਚ ਤੋਂ ਪਿੱਛੇ ਨਹੀਂ ਹਟਦੀ।

CBI ਜਾਂਚ ਦੀ ਮੰਗ ਦੁਹਰਾਈ

ਧਾਮੀ ਨੇ ਕਿਹਾ ਕਿ ਮਾਮਲੇ ‘ਚ ਕਥਿਤ ਅਪਰਾਧਿਕ ਸਾਜ਼ਿਸ਼ ਤੇ ਸੱਚਾਈ ਸਾਹਮਣੇ ਲਿਆਉਣ ਲਈ CBI ਜਾਂਚ ਕਰਵਾਉਣਾ ਸਭ ਤੋਂ ਢੁੱਕਵਾਂ ਰਸਤਾ ਹੋਵੇਗਾ। ਉਨ੍ਹਾਂ ਕਿਹਾ ਕਿ SGPC ਸੰਗਤ ਪ੍ਰਤੀ ਪੂਰੀ ਤਰ੍ਹਾਂ ਜਵਾਬਦੇਹ ਹੈ ਤੇ ਸੰਸਥਾ ਦੇ ਨਿਯਮਾਂ ਨਾਲ ਕਥਿਤ ਤੌਰ ਤੇ ਖਿਲਵਾੜ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Loading...
Unable to load recommendations.
Follow Us