ਕੱਲ੍ਹ ਤੋਂ ਜਲੰਧਰ ‘ਚ ਸ਼ੁਰੂ ਹੋਵੇਗੀ ਏਸ਼ੀਅਨ ਚੈਂਪੀਅਨਜ਼ ਟਰਾਫੀ, ਕਪਤਾਨਾਂ ਨੇ ਭਰੀ ਹੁੰਕਾਰ;CM ਮਾਨ ਕਰਨਗੇ ਟੂਰਨਾਮੈਂਟ ਦਾ ਉਦਘਾਟਨ
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ ਉਨ੍ਹਾਂ ਲਈ ਬੇਹੱਦ ਖ਼ਾਸ ਹੈ ਤੇ ਟੀਮ ਦਾ ਮੁੱਖ ਟੀਚਾ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਕਰਨਾ ਰਹੇਗਾ। ਉਨ੍ਹਾਂ ਕਿਹਾ ਕਿ ਟੀਮ 'ਚ ਕੁਝ ਨਵੇਂ ਖਿਡਾਰੀ ਵੀ ਸ਼ਾਮਲ ਹੋਏ ਹਨ। ਭਾਵੇਂ ਇਨ੍ਹਾਂ ਖਿਡਾਰੀਆਂ ਨੇ ਅਜੇ ਘੱਟ ਮੈਚ ਖੇਡੇ ਹਨ, ਪਰ ਉਨ੍ਹਾਂ ਨੂੰ ਟੀਮ ਦੀ ਰਣਨੀਤੀ ਤੇ ਖੇਡਣ ਦੇ ਤਰੀਕੇ ਬਾਰੇ ਚੰਗੀ ਜਾਣਕਾਰੀ ਹੈ।
ਜਲੰਧਰ ‘ਚ 27 ਅਕਤੂਬਰ ਤੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਟੂਰਨਾਮੈਂਟ ਤੋਂ ਪਹਿਲਾਂ ਅੱਜ 6 ਟੀਮਾਂ ਦੇ ਕਪਤਾਨਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ‘ਚ ਸਾਰੇ ਕਪਤਾਨਾਂ ਨੇ ਇਸ ਮੁਕਾਬਲੇ ਨੂੰ ਆਪਣੇ ਲਈ ਅਹਿਮ ਦੱਸਦਿਆਂ ਬਿਹਤਰ ਪ੍ਰਦਰਸ਼ਨ ਕਰਨ ਦਾ ਭਰੋਸਾ ਦਿੱਤਾ। ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਪੂਰੀ ਤਿਆਰੀ ਨਾਲ ਮੈਦਾਨ ‘ਚ ਉਤਰਨਗੀਆਂ ਤੇ ਹਰ ਮੈਚ ‘ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੀਆਂ।
ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਯਤਨਾਂ ਸਦਕਾ ਰਿਕਾਰਡ ਚਾਰ ਮਹੀਨਿਆਂ ‘ਚ ਤਿਆਰ ਕੀਤੇ ਗਏ ਵਿਸ਼ਵ ਪੱਧਰੀ ਸਟੇਡੀਅਮ ਦਾ ਉਦਘਾਟਨ 27 ਅਕਤੂਬਰ ਨੂੰ ਸ਼ਾਮ 5 ਵਜੇ ਮੁੱਖ ਮੰਤਰੀ ਖ਼ੁਦ ਕਰਨਗੇ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਨੂੰ ਲੈ ਕੇ ਖੇਡ ਪ੍ਰੇਮੀਆਂ ‘ਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਮਲੇਸ਼ੀਆ ਦੇ ਕਪਤਾਨ ਨੇ ਭਾਰਤੀ ਖਿਡਾਰੀ ਮਨਪ੍ਰੀਤ ਦੀ ਕੀਤੀ ਤਾਰੀਫ਼
ਮਲੇਸ਼ੀਆ ਦੇ ਕਪਤਾਨ ਨੇ ਏਸ਼ੀਅਨ ਖੇਡਾਂ ‘ਚ ਚਾਂਦੀ ਦਾ ਤਮਗਾ ਜਿੱਤਣ ‘ਤੇ ਖੁਸ਼ੀ ਅਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਟੀਮ ਇਸ ਟੂਰਨਾਮੈਂਟ ‘ਚ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦੇ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਪਿਛਲੇ ਟੂਰਨਾਮੈਂਟ ‘ਚ ਸ਼ਾਨਦਾਰ ਖੇਡ ਦਿਖਾਈ ਸੀ। ਮਲੇਸ਼ੀਆ ਦੀ ਟੀਮ ਇਸ ਵਾਰ ਵੀ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਮੈਦਾਨ ‘ਚ ਉਤਰਨ ਦੀ ਕੋਸ਼ਿਸ਼ ਕਰੇਗੀ।
ਇਹ ਵੀ ਪੜ੍ਹੋ
ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ ਉਨ੍ਹਾਂ ਲਈ ਬੇਹੱਦ ਖ਼ਾਸ ਹੈ ਤੇ ਟੀਮ ਦਾ ਮੁੱਖ ਟੀਚਾ ਟੂਰਨਾਮੈਂਟ ‘ਚ ਵਧੀਆ ਪ੍ਰਦਰਸ਼ਨ ਕਰਨਾ ਰਹੇਗਾ। ਉਨ੍ਹਾਂ ਕਿਹਾ ਕਿ ਟੀਮ ‘ਚ ਕੁਝ ਨਵੇਂ ਖਿਡਾਰੀ ਵੀ ਸ਼ਾਮਲ ਹੋਏ ਹਨ। ਭਾਵੇਂ ਇਨ੍ਹਾਂ ਖਿਡਾਰੀਆਂ ਨੇ ਅਜੇ ਘੱਟ ਮੈਚ ਖੇਡੇ ਹਨ, ਪਰ ਉਨ੍ਹਾਂ ਨੂੰ ਟੀਮ ਦੀ ਰਣਨੀਤੀ ਤੇ ਖੇਡਣ ਦੇ ਤਰੀਕੇ ਬਾਰੇ ਚੰਗੀ ਜਾਣਕਾਰੀ ਹੈ। ਨਵੇਂ ਖਿਡਾਰੀਆਂ ਨੂੰ ਬਿਨਾਂ ਕਿਸੇ ਵਾਧੂ ਦਬਾਅ ਦੇ ਆਪਣੀ ਖੇਡ ‘ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਗਈ ਹੈ।
ਸਾਰੀਆਂ ਟੀਮਾਂ ਵਿਚਾਲੇ ਹੋਵੇਗਾ ਸਖ਼ਤ ਮੁਕਾਬਲਾ
ਵੱਖ-ਵੱਖ ਟੀਮਾਂ ਦੇ ਕਪਤਾਨਾਂ ਨੇ ਮੰਨਿਆ ਕਿ ਇਸ ਟੂਰਨਾਮੈਂਟ ‘ਚ ਮੁਕਾਬਲਾ ਕਾਫ਼ੀ ਸਖ਼ਤ ਹੋਣ ਵਾਲਾ ਹੈ। ਕਪਤਾਨਾਂ ਨੇ ਕਿਹਾ ਕਿ ਕੋਈ ਵੀ ਟੀਮ ਕਿਸੇ ਵਿਰੋਧੀ ਨੂੰ ਕਮਜ਼ੋਰ ਨਹੀਂ ਸਮਝ ਰਹੀ। ਸਾਰੀਆਂ ਟੀਮਾਂ ਚੰਗੀ ਤਿਆਰੀ ਨਾਲ ਇਸ ਵੱਡੇ ਮੰਚ ‘ਤੇ ਪਹੁੰਚੀਆਂ ਹਨ। ਉਨ੍ਹਾਂ ਦਾ ਧਿਆਨ ਆਪਣੀਆਂ ਗ਼ਲਤੀਆਂ ਤੋਂ ਸਿੱਖਣ, ਟੀਮ ਦੀ ਰਣਨੀਤੀ ‘ਤੇ ਅਮਲ ਕਰਨ ਤੇ ਹਰ ਮੈਚ ‘ਚ ਬਿਹਤਰ ਖੇਡ ਦਿਖਾਉਣ ‘ਤੇ ਰਹੇਗਾ।
ਪਹਿਲੀ ਵਾਰ ਪੰਜਾਬ ‘ਚ ਖੇਡਣ ਨੂੰ ਲੈ ਕੇ ਉਤਸ਼ਾਹ
ਟੂਰਨਾਮੈਂਟ ‘ਚ ਹਿੱਸਾ ਲੈਣ ਆਈਆਂ ਹੋਰ ਦੇਸ਼ਾਂ ਦੀਆਂ ਟੀਮਾਂ ਦੇ ਕਪਤਾਨਾਂ ਨੇ ਪੰਜਾਬ ‘ਚ ਖੇਡਣ ਨੂੰ ਲੈ ਕੇ ਵੀ ਉਤਸ਼ਾਹ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਖਿਡਾਰੀਆਂ ਨੂੰ ਆਪਣੀ ਯੋਗਤਾ ਦਿਖਾਉਣ ਤੇ ਅੰਤਰਰਾਸ਼ਟਰੀ ਪੱਧਰ ‘ਤੇ ਤਜਰਬਾ ਹਾਸਲ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰੇਗਾ। ਕਪਤਾਨਾਂ ਨੇ ਉਮੀਦ ਜਤਾਈ ਕਿ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣਗੇ ਤੇ ਸਾਰੀਆਂ ਟੀਮਾਂ ਖੇਡ ਭਾਵਨਾ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਗੀਆਂ।
