ਬਰਨਾਲਾ ਤੇ ਗਿੱਦੜਵਾਹਾ ਚ ਕੇਜਰੀਵਾਲ ਦੀ ਰੈਲੀ, ਡਿੰਪੀ ਅਤੇ ਧਾਲੀਵਾਲ ਲਈ ਮੰਗਣ ਵੋਟਾਂ
Arvind kejriwal: ਜ਼ਿਮਨੀ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਆਪਣੀ ਤਾਕਤ ਝੌਂਕ ਦਿੱਤੀ ਹੈ। ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣਾ ਜ਼ਿਆਦਾਤਰ ਸਮਾਂ ਗਿੱਦੜਵਾਹਾ ਵਿੱਚ ਚੋਣ ਪ੍ਰਚਾਰ ਲਈ ਦੇ ਰਹੇ ਹਨ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਰੈਲੀਆਂ ਕਰ ਰਹੇ ਹਨ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਤੇ ਆ ਰਹੇ ਹਨ। ਉਹਨਾਂ ਵੱਲੋਂ ਬਰਨਾਲਾ ਅਤੇ ਗਿੱਦੜਵਾਹਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ। ਜ਼ਿਮਨੀ ਚੋਣਾਂ ਦਾ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ ਤੇ ਪਹੁੰਚ ਗਿਆ ਹੈ। 20 ਨਵੰਬਰ ਨੂੰ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਵੋਟਿੰਗ ਹੋਵੇਗੀ।
ਅਰਵਿੰਦ ਕੇਜਰੀਵਾਲ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਚੋਣ ਰੈਲੀ ਕਰਨਗੇ। ਇਸ ਤੋਂ ਬਾਅਦ ਗਿੱਦੜਵਾਹਾ ਵਿੱਚ ਡਿੰਪੀ ਢਿੱਲੋਂ ਦੇ ਹੱਕ ਵਿੱਚ ਰੈਲੀ ਕੀਤੀ ਜਾਵੇਗੀ।
ਬਰਨਾਲਾ ਵਿੱਚ ਕੇਜਰੀਵਾਲ ਦੀ ਪਹਿਲੀ ਰੈਲੀ
ਜ਼ਿਮਨੀ ਚੋਣਾਂ ਦੌਰਾਨ ਬਰਨਾਲਾ ਵਿੱਚ ਅਰਵਿੰਦ ਕੇਜਰੀਵਾਲ ਦੀ ਇਹ ਪਹਿਲੀ ਰੈਲੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਨਾਲਾ ਵਿੱਚ ਹਰਿੰਦਰ ਧਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ ਸੀ। ਇਹ ਰੋਡ ਸ਼ੋਅ ਨਹਿਰੂ ਚੌਂਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਹੋਇਆ ਸੀ। ਜਿਸ ਤੋਂ ਬਾਅਦ ਅੱਜ ਅਰਵਿੰਦ ਕੇਜਰੀਵਾਲ ਰੈਲੀ ਕਰਨ ਜਾ ਰਹੇ ਹਨ।
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਅਤੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ ਸੀ।
ਡਿੰਪੀ ਲਈ ਪਹਿਲਾਂ ਵੀ ਰੈਲੀ ਕਰ ਚੁੱਕੇ ਹਨ ਭਗਵੰਤ ਮਾਨ
ਇਸ ਤੋਂ ਪਹਿਲਾਂ ਗਿੱਦੜਾਵਾਹਾ ਵਿੱਚ ਡਿੰਪੀ ਢਿੱਲੋਂ ਦੇ ਹੱਕ ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋਅ ਅਤੇ ਚੋਣ ਰੈਲੀ ਨੂੰ ਸੰਬੋਧਨ ਕਰ ਚੁੱਕੇ ਹਨ। ਅੱਜ ਅਰਵਿੰਦ ਕੇਜਰੀਵਾਲ ਵੱਲੋਂ ਰੈਲੀ ਕੀਤੀ ਜਾਵੇਗੀ। ਜ਼ਿਕਰ ਏ ਖਾਸ ਹੈ ਕਿ ਇਸ ਵਾਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਜ਼ਿਆਦਾ ਧਿਆਨ ਗਿੱਦੜਵਾਹਾ ਸੀਟ ਤੇ ਹੈ। ਕਿਉਂਕਿ ਐਥੇ ਸਿੱਧਾ ਮੁਕਾਬਲਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਰਿਵਾਰ ਨਾਲ ਹੈ। ਜੋ ਐਥੋਂ 2022 ਵਿੱਚ ਵਿਧਾਇਕ ਚੁਣੇ ਗਏ ਸਨ। ਉਹਨਾਂ ਦੇ ਸਾਂਸਦ ਬਣਨ ਮਗਰੋਂ ਇਹ ਸੀਟ ਖਾਲੀ ਹੋਈ ਸੀ।
ਇਹ ਵੀ ਪੜ੍ਹੋ
AAP ਦੇ ਪੋਸਟਰ ਪਾੜੇ
ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਗਿੱਦੜਵਾਹਾ ਦੇ ਕਈ ਪਿੰਡਾਂ ਵਿੱਚ ਸ਼ਰਾਰਤੀ ਅਨਸਰਾਂ ਨੇ ਆਮ ਆਦਮੀ ਪਾਰਟੀ ਦੇ ਪੋਸਟਰ ਪਾੜ ਦਿੱਤੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਵੱਲੋਂ ਇਹ ਪੋਸਟਰ ਲਗਾਏ ਗਏ ਸਨ।