ਅੰਮ੍ਰਿਤਸਰ ਵਿੱਚ ਅਰਵਿੰਦ ਕੇਜਰੀਵਾਲ ਦਾ ਨਸ਼ਾ ਵਿਰੋਧੀ ਪ੍ਰੋਗਰਾਮ ਰੱਦ: ਖਰਾਬ ਮੌਸਮ ਕਰਕੇ ਫੈਸਲਾ
Kejriwal Amritsar Program Cancelled: ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚਣ ਵਾਲੇ ਸਨ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਦੇ ਨਾਲ ਨਸ਼ਾ ਵਿਰੋਧੀ ਪ੍ਰੋਗਰਾਮ ਨੂੰ ਸੰਬੋਧਿਤ ਕਰਨਾ ਸੀ। ਇਹ ਪ੍ਰੋਗਰਾਮ ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆ ਵਿਰੁੱਧ' ਦਾ ਹੀ ਹਿੱਸਾ ਸੀ। ਹੁਣ ਇਹ ਪ੍ਰੋਗਰਾਮ ਕਦੋਂ ਹੋਵੇਗਾ, ਇਸ 'ਤੇ ਹਾਲੇ ਸਥਿਤੀ ਸਾਫ ਨਹੀਂ ਹੋ ਸਕੀ ਹੈ।

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਅੰਮ੍ਰਿਤਸਰ ਵਿੱਚ ਹੋਣ ਵਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪ੍ਰੋਗਰਾਮ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਖਾਲਸਾ ਕਾਲਜ ਆਫ਼ ਲਾਅ ਵਿੱਚ ਹੋਣ ਵਾਲਾ ਸੀ।
ਪੰਜਾਬ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ, ਖਰਾਬ ਮੌਸਮ ਕਾਰਨ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਪਾਣੀ ਦੇ ਮੁੱਦੇ ‘ਤੇ ਹਰਿਆਣਾ ਨਾਲ ਸ਼ੁਰੂ ਹੋਏ ਵਿਵਾਦ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਸਰਬ ਪਾਰਟੀ ਮੀਟਿੰਗ ਵੀ ਬੁਲਾਈ ਗਈ ਹੈ।
ਇਸ ਪ੍ਰੋਗਰਾਮ ਦੇ ਤਹਿਤ ਅਰਵਿੰਦ ਕੇਜਰੀਵਾਲ ਅਤੇ ਸੀਐਮ ਮਾਨ ਭਗਵੰਤ ਮਾਨ ਨੇ ਪੰਜਾਬ ਦੇ ਪਿੰਡਾਂ ਵਿੱਚ ਬਣੀਆਂ ਨਸ਼ਾ ਵਿਰੋਧੀ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਸਿੱਧੀ ਗੱਲਬਾਤ ਕਰਨੀ ਸੀ। ਜਿਸ ਦੌਰਾਨ ਕਮੇਟੀਆਂ ਦੀ ਭੂਮਿਕਾ, ਨਸ਼ੇ ਖਿਲਾਫ ਮਿਲੀ ਕਾਮਯਾਬੀ ਅਤੇ ਭਵਿੱਖ ਦੀਆਂ ਰਣਨੀਤੀਆਂ ਬਾਰੇ ਚਰਚਾ ਕੀਤੀ ਜਾਣੀ ਸੀ।
ਸਿੰਗਰ ਕੰਵਰ ਗਰੇਵਾਲ ਵੀ ਕਰਨ ਵਾਲੇ ਸਨ ਸ਼ਿਰਕਤ
ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਪਰਫਾਰਮੈਂਸ ਵੀ ਹੋਣੀ ਸੀ। ਉਨ੍ਹਾਂ ਦਾ ਪ੍ਰੋਗਰਾਮ ਸਵੇਰੇ 10 ਵਜੇ ਸ਼ੁਰੂ ਹੋਣਾ ਸੀ। ਪਰ ਇਸ ਤੋਂ ਪਹਿਲਾਂ ਹੀ ਇਸ ਪ੍ਰੋਗਰਾਮ ਨੂੰ ਰੱਦ ਕਰਨ ਦੇ ਹੁਕਮ ਆ ਗਏ। ਸੂਚਨਾ ਮਿਲਣ ਤੋਂ ਬਾਅਦ ਖਾਲਸਾ ਕਾਲਜ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਤਾਇਨਾਤ ਪੁਲਿਸ ਫੋਰਸ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ।
ਮੀਂਹ ਤੋਂ ਬਾਅਦ ਗਰਮੀ ਤੋਂ ਮਿਲੀ ਰਾਹਤ
ਦੱਸ ਦੇਈਏ ਕਿ ਪੂਰੇ ਪੰਜਾਬ ਦੇ ਨਾਲ-ਨਾਲ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ। ਹਾਲਾਂਕਿ 10 ਵਜੇ ਦੇ ਕਰੀਬ ਥੋੜਾ ਜਿਹਾ ਮੌਸਮ ਖੁੱਲ੍ਹ ਗਿਆ ਸੀ, ਪਰ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਮੀਂਹ ਅਤੇ ਤੇਜ਼ ਹਵਾਵਾਂ ਦੀ ਭਵਿੱਖਵਾਣੀ ਕੀਤੀ ਹੈ। ਉੱਧਰ, ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਕਾਫੀ ਸੁਹਾਵਨਾ ਹੋ ਗਿਆ ਹੈ, ਜਿਸ ਨਾਲ ਇੱਥੇ ਪਹੁੰਚੇ ਸੈਲਾਨੀ ਅਤੇ ਸ਼ਰਧਾਲੂ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ।