ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਮਿਲੇ 100 ਹੋਰ ਨਵੇਂ ਮੁਹੱਲਾ ਕਲੀਨਿਕ; ਹੁਣ ਪਿੰਡ-ਪਿੰਡ ਮਿਲੇਗਾ ਮੁਫ਼ਤ ਇਲਾਜ
ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਦੀ ਨਵੀਂ ਅਨਾਜ ਮੰਡੀ ਵਿਖੇ ਅੱਜ ਇੱਕ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਕੇਜਰੀਵਾਲ ਨੇ ਸੂਬਾ ਵਾਸੀਆਂ ਨੂੰ ਸਿਹਤ ਸਹੂਲਤਾਂ ਦਾ ਵੱਡਾ ਤੋਹਫ਼ਾ ਦਿੰਦਿਆਂ 100 ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ।
ਪੰਜਾਬ ਨੂੰ ਮਿਲੇ 100 ਨਵੇਂ ਮੁਹੱਲਾ ਕਲੀਨਿਕ, ਹੁਣ ਪਿੰਡ-ਪਿੰਡ ਮਿਲੇਗਾ ਮੁਫ਼ਤ ਇਲਾਜ
ਸ਼ਰਾਬ ਘੁਟਾਲੇ ਦੇ ਦੋਸ਼ਾਂ ‘ਤੇ ਸਪੱਸ਼ਟੀਕਰਨ
ਕੇਜਰੀਵਾਲ ਨੇ ਵਿਰੋਧੀਆਂ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਅਤੇ ਮਨੀਸ਼ ਸਿਸੋਦੀਆ ‘ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਗਾਏ ਗਏ। ਉਨ੍ਹਾਂ ਕਿਹਾ, “ਮੈਨੂੰ 6 ਮਹੀਨੇ ਅਤੇ ਮਨੀਸ਼ ਸਿਸੋਦੀਆ ਨੂੰ ਡੇਢ ਸਾਲ ਜੇਲ੍ਹ ਵਿੱਚ ਰੱਖਿਆ ਗਿਆ, ਪਰ ਹੁਣ ਅਦਾਲਤ ਨੇ ਸਾਫ਼ ਕਹਿ ਦਿੱਤਾ ਹੈ ਕਿ ਸਾਡੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਅਦਾਲਤ ਨੇ ਮੰਨਿਆ ਹੈ ਕਿ ਕੇਜਰੀਵਾਲ ਕੱਟੜ ਇਮਾਨਦਾਰ ਹੈ। ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।”ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਘੇਰਿਆ
ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਹੋਰਨਾਂ ਪਾਰਟੀਆਂ ਦੀਆਂ ਰੈਲੀਆਂ ਵਿੱਚ ਸਿਰਫ਼ ਨਿੱਜੀ ਦੂਸ਼ਣਬਾਜ਼ੀ ਹੁੰਦੀ ਹੈ, ਪਰ ‘ਆਪ’ ਦੀ ਸਟੇਜ ‘ਤੇ ਵਿਕਾਸ, ਸਿੱਖਿਆ ਅਤੇ ਸਿਹਤ ਦੀ ਗੱਲ ਹੁੰਦੀ ਹੈ। ਉਨ੍ਹਾਂ ਸੁਖਬੀਰ ਬਾਦਲ ‘ਤੇ ਤਨਜ਼ ਕਸਦਿਆਂ ਕਿਹਾ, “ਬਾਦਲ ਪਰਿਵਾਰ ਨੂੰ ਸਿਰਫ਼ ਆਪਣੇ ਪੁੱਤ-ਭਤੀਜਿਆਂ ਦੀ ਫ਼ਿਕਰ ਹੈ। ਸੁਖਬੀਰ ਕਹਿੰਦਾ ਹੈ ਕਿ ਉਹ ਚਿੱਟੇ ਦੇ ਤਸਕਰਾਂ ਨੂੰ ਕਾਬੂ ਕਰ ਸਕਦਾ ਹੈ, ਅਸਲ ਵਿੱਚ ਜਿਨ੍ਹਾਂ ਨੇ ਇਹ ਸਭ ਸ਼ੁਰੂ ਕੀਤਾ, ਉਨ੍ਹਾਂ ਕੋਲ ਹੀ ਤਸਕਰਾਂ ਦੇ ਪਾਸਵਰਡ ਹੋਣਗੇ।”ਬੇਅਦਬੀ ਮਾਮਲੇ ‘ਤੇ ਸਖ਼ਤ ਕਾਰਵਾਈ ਦਾ ਐਲਾਨ
ਬੇਅਦਬੀ ਦੇ ਮੁੱਦੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਸੋਚਦਾ ਹੈ ਕਿ ਲੋਕ ਸਭ ਭੁੱਲ ਗਏ ਹਨ, ਪਰ ਉਹ ਯਾਦ ਦਿਵਾਉਂਦੇ ਰਹਿਣਗੇ। ਉਨ੍ਹਾਂ ਐਲਾਨ ਕੀਤਾ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ। ਇਸ ਵਿੱਚ 2008 ਦੇ ਐਕਟ ਵਿੱਚ ਸੋਧ ਕਰਕੇ ਬੇਅਦਬੀ ਕਰਨ ਵਾਲਿਆਂ ਲਈ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਦਾ ਪ੍ਰਬੰਧ ਕੀਤਾ ਜਾਵੇਗਾ।ਕਾਂਗਰਸ ਅਤੇ ਅਕਾਲੀ ਦਲ ‘ਤੇ ਵਿਅੰਗ
ਸੀਐਮ ਮਾਨ ਨੇ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉੱਥੇ ਵਰਕਰ ਘੱਟ ਗਏ ਹਨ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਵਧ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਦਿੱਲੀ ਵਾਲੇ ਨਾਮ ਤੱਕ ਨਹੀਂ ਜਾਣਦੇ। ਉੱਥੇ ਹੀ ਸੁਖਬੀਰ ਬਾਦਲ ਦੀ ‘ਪੰਜਾਬ ਬਚਾਓ ਯਾਤਰਾ’ ਨੂੰ ਉਨ੍ਹਾਂ ਨੇ ‘ਸੁਖਬੀਰ ਬਚਾਓ ਯਾਤਰਾ’ ਕਰਾਰ ਦਿੱਤਾ। ਉਨ੍ਹਾਂ ਹਰਸਿਮਰਤ ਬਾਦਲ ‘ਤੇ ਵੀ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਲਾਲ ਅਤੇ ਹਰੀ ਮਿਰਚ ਦਾ ਫਰਕ ਵੀ ਨਹੀਂ ਪਤਾ।
Follow Us
