ਹਰੀਕੇ ਕੇਸ ‘ਚ ਫਸੇ 15 ਨੌਜਵਾਨ SGPC ਦੇ ਯਤਨਾਂ ਸਦਕਾ ਹੋਏ ਰਿਹਾਅ, ਬਾਕੀਆਂ ‘ਤੇ ਪਾਏ ਕੇਸ ਵੀ ਰੱਦ ਕਰੇ ਪੰਜਾਬ ਸਰਕਾਰ-ਧਾਮੀ
ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਹੋਰ ਨੌਜਵਾਨਾਂ 'ਤੇ ਕੇਸ ਪਾਏ ਹਨ ਉਹ ਵੀ ਵਾਪਸ ਲਏ ਜਾਣ। ਇਸ ਦੌਰਾਨ ਰਿਹਾਅ ਹੋਏ ਨੌਜਵਾਨ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਨ ਪਹੁੰਚੇ,, ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਮ੍ਰਿਤਸਰ। ਬੀਤੇ ਦਿਨਾਂ ਅੰਦਰ ਪੰਜਾਬ ਦੇ ਨੌਜਵਾਨਾਂ ਦੀ ਪੁਲਿਸ ਵੱਲੋਂ ਫੜੋ-ਫੜੀ ਦੌਰਾਨ ਹਰੀਕੇ ਪੁੱਲ ਉੱਤੇ ਧਰਨੇ ਤੇ ਬੈਠੀਆਂ ਸੰਗਤਾਂ ਖਿਲਾਫ ਦਰਜ ਕੀਤੇ ਗਏ ਕੇਸਾਂ ਅਤੇ ਗ੍ਰਿਫ਼ਤਾਰ ਨੌਜਵਾਨਾਂ ਦੀ ਐੱਸਜੀਪੀਸੀ (SGPC) ਨੇ ਪੂਰੀ ਪੈਰਵਾਈ ਕੀਤੀ ਹੈ,, ਜਿਸਦੇ ਯਤਨਾ ਸਦਕਾ 15 ਨੌਜਵਾਨਾਂ ਦੀ ਰਿਹਾਈ ਕਰਵਾਈ ਗਈ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਥਕ ਜਥੇਬੰਦੀਆਂ ਦੀ ਕੀਤੀ ਗਈ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧ ਵਿਚ ਪੈਰਵਾਈ ਕਰਨ ਲਈ ਕਿਹਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਯਤਨਾਂ ਨਾਲ ਰਿਹਾਅ ਹੋਏ ਨੌਜਵਾਨ ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਦਾ ਧੰਨਵਾਦ ਕਰਨ ਲਈ ਪੁੱਜੇ।


