ਅੰਮ੍ਰਿਤਸਰ ‘ਚ ਭੁਜੀਆ ਦੇ ਪੈਸੇ ਨੂੰ ਲੈ ਕੇ ਹੋਏ ਵਿਵਾਦ ‘ਚ ਫਾਇਰਿੰਗ, ਦੁਕਾਨ ਮਾਲਕ ਸਣੇ 2 ਨੂੰ ਲੱਗੀ ਗੋਲੀ
ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਸਥਿਤ ਸਾਰਾਗੜ੍ਹੀ ਪਾਰਕਿੰਗ ਦੇ ਕੋਲ ਦੇਰ ਰਾਤ ਇੱਕ ਬੇਹੱਦ ਖੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਮਹਿਜ਼ ਭੁਜੀਆ ਦੇ ਪੈਕਟ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਕੁਝ ਨੌਜਵਾਨਾਂ ਨੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ।
ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਸਥਿਤ ਸਾਰਾਗੜ੍ਹੀ ਪਾਰਕਿੰਗ ਦੇ ਕੋਲ ਦੇਰ ਰਾਤ ਇੱਕ ਬੇਹੱਦ ਖੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਮਹਿਜ਼ ਭੁਜੀਆ ਦੇ ਪੈਕਟ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਕੁਝ ਨੌਜਵਾਨਾਂ ਨੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ। ਇਸ ਸਨਸਨੀਖੇਜ਼ ਫਾਇਰਿੰਗ ਦੌਰਾਨ ਗੋਲੀ ਲੱਗਣ ਕਾਰਨ ਦੁਕਾਨ ਦਾ ਮਾਲਕ ਅਤੇ ਉਸ ਦਾ ਇੱਕ ਗੁਆਂਢੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਰਕਤ ਵਿੱਚ ਆਈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿੱਚ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਹਮਲਾਵਰਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਹਿਜ਼ 550 ਰੁਪਏ ਦੇ ਬਿੱਲ ਪਿੱਛੇ ਵਧਿਆ ਵਿਵਾਦ
ਇਹ ਪੂਰੀ ਘਟਨਾ ਸਾਰਾਗੜ੍ਹੀ ਪਾਰਕਿੰਗ ਦੇ ਬਿਲਕੁਲ ਸਾਹਮਣੇ ਸਥਿਤ ‘ਵਿਨੋਦ ਟੀ ਸਟਾਲ’ ‘ਤੇ ਦੇਰ ਰਾਤ ਤੜਕੇ ਕਰੀਬ 3 ਵਜੇ ਪੇਸ਼ ਆਈ। ਦੁਕਾਨ ਦੇ ਮਾਲਕ ਸਨੀ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਦੇਰ ਰਾਤ ਕੁਝ ਨੌਜਵਾਨ ਉਨ੍ਹਾਂ ਦੀ ਦੁਕਾਨ ‘ਤੇ ਆਏ ਸਨ ਅਤੇ ਉਨ੍ਹਾਂ ਨੇ ਕਰੀਬ 550 ਰੁਪਏ ਦਾ ਖਾਣ-ਪੀਣ ਦਾ ਸਾਮਾਨ ਲਿਆ। ਸਾਮਾਨ ਲੈਣ ਤੋਂ ਬਾਅਦ ਉਕਤ ਨੌਜਵਾਨ ਪੂਰੇ ਪੈਸੇ ਦੇਣ ਦੀ ਬਜਾਏ ਜ਼ਬਰਦਸਤੀ ਸਿਰਫ਼ 320 ਰੁਪਏ ਦੇਣ ਦੀ ਗੱਲ ਕਹਿਣ ਲੱਗੇ। ਜਦੋਂ ਦੁਕਾਨ ਦੇ ਕਰਿੰਦੇ ਨੇ ਉਨ੍ਹਾਂ ਨੂੰ ਬਾਕੀ ਰਹਿੰਦੇ ਪੈਸੇ ਦੇਣ ਜਾਂ ਫਿਰ ਮਾਲਕ ਨਾਲ ਗੱਲ ਕਰਨ ਲਈ ਆਖਿਆ, ਤਾਂ ਨੌਜਵਾਨ ਬਹਿਸਬਾਜ਼ੀ ਕਰਨ ਲੱਗ ਪਏ ਅਤੇ ਦੇਖਦੇ ਹੀ ਦੇਖਦੇ ਵਿਵਾਦ ਬਹੁਤ ਜ਼ਿਆਦਾ ਵਧ ਗਿਆ।
ਦੁਕਾਨ ਮਾਲਕ ਸਨੀ ਦੇ ਮੁਤਾਬਕ, ਜਦੋਂ ਉਹ ਖੁਦ ਮਾਮਲਾ ਸ਼ਾਂਤ ਕਰਵਾਉਣ ਲਈ ਬਾਹਰ ਆਇਆ ਅਤੇ ਉਸ ਨੇ ਨੌਜਵਾਨਾਂ ਨੂੰ ਸਹਿਜਤਾ ਨਾਲ ਕਿਹਾ ਕਿ ਉਹ ਓਨੇ ਰੁਪਏ ਦਾ ਹੀ ਸਾਮਾਨ ਲੈਣ ਜਿੰਨੇ ਪੈਸੇ ਉਹ ਦੇ ਰਹੇ ਹਨ, ਤਾਂ ਨੌਜਵਾਨ ਅਚਾਨਕ ਭੜਕ ਗਏ। ਤੈਸ਼ ਵਿੱਚ ਆ ਕੇ ਉਨ੍ਹਾਂ ਨੌਜਵਾਨਾਂ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਲਈ ਅਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਅਚਾਨਕ ਹੋਈ ਗੋਲੀਬਾਰੀ ਵਿੱਚ ਸਨੀ ਅਤੇ ਉਸ ਦਾ ਇੱਕ ਗੁਆਂਢੀ ਗੋਲੀਆਂ ਦੇ ਛਰ੍ਹੇ ਲੱਗਣ ਕਾਰਨ ਲਹੂ-ਲੁਹਾਨ ਹੋ ਗਏ।
ਜ਼ਖਮੀ ਹਸਪਤਾਲ ਗਏ ਤਾਂ ਪਿੱਛੋਂ ਦੁਕਾਨ ‘ਚ ਕੀਤੀ ਭੰਨਤੋੜ
ਪੀੜਤ ਸਨੀ ਨੇ ਅੱਗੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਜਦੋਂ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਤਾਂ ਪਿੱਛੋਂ ਹਮਲਾਵਰਾਂ ਨੇ ਉਨ੍ਹਾਂ ਦੀ ਦੁਕਾਨ ਅਤੇ ਆਸ-ਪਾਸ ਦੇ ਇਲਾਕੇ ਵਿੱਚ ਜੰਮ ਕੇ ਗੁੰਡਾਗਰਦੀ ਕੀਤੀ। ਹਮਲਾਵਰਾਂ ਨੇ ਦੁਕਾਨ ਦੇ ਸਾਮਾਨ ਦੀ ਬੇਰਹਿਮੀ ਨਾਲ ਭੰਨਤੋੜ ਕੀਤੀ ਅਤੇ ਭਾਰੀ ਨੁਕਸਾਨ ਪਹੁੰਚਾਇਆ। ਪੀੜਤ ਦੇ ਦੱਸਣ ਅਨੁਸਾਰ, ਇਹ ਅਪਰਾਧੀ ਬਿਨਾਂ ਨੰਬਰ ਪਲੇਟ ਵਾਲੀ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ। ਸ਼ੁਰੂਆਤ ਵਿੱਚ ਇਨ੍ਹਾਂ ਦੀ ਗਿਣਤੀ ਪੰਜ ਤੋਂ ਸੱਤ ਲੜਕਿਆਂ ਦੀ ਸੀ, ਪਰ ਬਾਅਦ ਵਿੱਚ ਵਾਰਦਾਤ ਦੌਰਾਨ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਮੌਕੇ ‘ਤੇ ਪਹੁੰਚ ਗਏ ਸਨ।
ਤਿੰਨ ਮੁਲਜ਼ਮ ਗ੍ਰਿਫ਼ਤਾਰ, ਸ਼ਹਿਰ ਵਿੱਚ ਹੋਰ ਥਾਵਾਂ ‘ਤੇ ਵੀ ਕੀਤਾ ਸੀ ਝਗੜਾ
ਇਸ ਸਬੰਧੀ ਮਾਮਲੇ ਦੀ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਏਡੀਸੀਪੀ (ADCP) ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਤੀਰਥ ਪਾਲ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਗੁਰਪ੍ਰਤਾਪ ਸਿੰਘ ਵਜੋਂ ਹੋਈ ਹੈ। ਘਟਨਾ ਵਿੱਚ ਸ਼ਾਮਲ ਬਾਕੀ ਫ਼ਰਾਰ ਚੱਲ ਰਹੇ ਮੁਲਜ਼ਮਾਂ ਖ਼ਿਲਾਫ਼ ਵੀ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ
ਪੁਲਿਸ ਦੀ ਮੁਢਲੀ ਜਾਂਚ ਵਿੱਚ ਇਹ ਵੀ ਇੱਕ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ ਕਿ ਟੀ ਸਟਾਲ ‘ਤੇ ਗੋਲੀਬਾਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੇ ਸ਼ਹਿਰ ਦੇ ਅੰਦਰ ਦੋ ਤੋਂ ਤਿੰਨ ਹੋਰ ਥਾਵਾਂ ‘ਤੇ ਵੀ ਜੰਮ ਕੇ ਹੰਗਾਮਾ ਕੀਤਾ ਸੀ ਅਤੇ ਉੱਥੇ ਵੀ ਲੋਕਾਂ ਨਾਲ ਝਗੜਾ ਕੀਤਾ ਸੀ। ਏਡੀਸੀਪੀ ਨੇ ਦਾਅਵਾ ਕੀਤਾ ਹੈ ਕਿ ਫ਼ਰਾਰ ਹੋਏ ਬਾਕੀ ਮੁਲਜ਼ਮਾਂ ਨੂੰ ਵੀ ਬਹੁਤ ਜਲਦ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।


