ਅੰਮ੍ਰਿਤਸਰ ‘ਚ ਪਾਕਿਸਤਾਨੀ ਡਰੋਨ ਤਸਕਰੀ ਮਾਡਿਊਲ ਬੇਨਕਾਬ, NETTO RPG ਤੇ ਭਾਰੀ ਨਸ਼ਾ ਬਰਾਮਦ; 2 ਕਾਬੂ

Published: 

10 Nov 2026 20:22 PM IST

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖੁਫ਼ੀਆ ਏਜੰਸੀਆਂ ਨਾਲ ਮਿਲ ਕੇ ਸਰਹੱਦ ਪਾਰੋਂ ਚੱਲ ਰਹੇ ਅੱਤਵਾਦ ਤੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਆਪਰੇਸ਼ਨ ਦੌਰਾਨ 'NATO 22' ਮਾਰਕਿੰਗ ਵਾਲਾ ਆਰਪੀਜੀ, ਦੋ ਗਲਾਕ ਪਿਸਤੌਲ, 7 ਕਿਲੋ ਹੈਰੋਇਨ, ਸਿੰਥੈਟਿਕ ਡਰੱਗ 'ਆਈਸ', ਅਫ਼ੀਮ ਅਤੇ ਜੀਪੀਐੱਸ ਟਰੈਕਰ ਬਰਾਮਦ ਕਰਕੇ ਇੱਕ ਨਾਬਾਲਗ ਸਣੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।

ਅੰਮ੍ਰਿਤਸਰ ਚ ਪਾਕਿਸਤਾਨੀ ਡਰੋਨ ਤਸਕਰੀ ਮਾਡਿਊਲ ਬੇਨਕਾਬ,  NETTO RPG ਤੇ ਭਾਰੀ ਨਸ਼ਾ ਬਰਾਮਦ; 2 ਕਾਬੂ

ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਤੇ ਗੈਂਗਸਟਰਾਂ ਤੇ ਅੱਤਵਾਦ ਖ਼ਿਲਾਫ਼ ਅਪਣਾਈ ਗਈ ‘ਜ਼ੀਰੋ ਟਾਲਰੈਂਸ ਨੀਤੀ’ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਆਈ.ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਕਵਲਪ੍ਰੀਤ ਸਿੰਘ ਚਾਹਲ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਸਰਹੱਦ ਪਾਰੋਂ ਚਲਾਏ ਜਾ ਰਹੇ ਦੇਸ਼ ਵਿਰੋਧੀ ਅੱਤਵਾਦੀ ਅਤੇ ਨਸ਼ਾ ਤਸਕਰੀ ਦੇ ਇੱਕ ਬਹੁਤ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੀ ਪੁਸ਼ਟੀ ਕੀਤੀ ਹੈ।

ਕੇਂਦਰੀ ਖੁਫ਼ੀਆ ਏਜੰਸੀਆਂ ਦੇ ਸਹਿਯੋਗ ਨਾਲ ਚਲਾਏ ਗਏ ਇਸ ਗੁਪਤ ਆਪਰੇਸ਼ਨ ਦੌਰਾਨ ਪੁਲਿਸ ਨੇ ਇੱਕ ਅਤਿ-ਆਧੁਨਿਕ ਆਰ.ਪੀ.ਜੀ. (ਐਂਟੀ-ਟੈਂਕ ਮਿਜ਼ਾਈਲ ਲਾਂਚਰ), ਦੋ ਆਧੁਨਿਕ ਗਲਾਕ ਪਿਸਤੌਲ, 106 ਜ਼ਿੰਦਾ ਕਾਰਤੂਸ, ਭਾਰੀ ਮਾਤਰਾ ਵਿੱਚ ਹੈਰੋਇਨ, ਸਿੰਥੈਟਿਕ ਡਰੱਗਜ਼ (ਆਈਸ), ਅਫ਼ੀਮ ਅਤੇ ਆਧੁਨਿਕ ਜੀ.ਪੀ.ਐੱਸ. ਟਰੈਕਿੰਗ ਯੰਤਰ ਬਰਾਮਦ ਕੀਤੇ ਹਨ।

ਨਾਟੋ ਮਾਰਕਿੰਗ ਵਾਲਾ ਖ਼ਤਰਨਾਕ ਆਰ.ਪੀ.ਜੀ. (NATO RPG) ਬਰਾਮਦ

ਆਈ.ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੱਖਿਆ ਏਜੰਸੀਆਂ ਵੱਲੋਂ ਮਿਲੇ ਠੋਸ ਇਨਪੁਟਸ ਦੇ ਆਧਾਰ ‘ਤੇ ਚਲਾਏ ਗਏ ਵਿਸ਼ੇਸ਼ ਆਪਰੇਸ਼ਨ ਦੌਰਾਨ ਪੁਲਿਸ ਨੇ ਇੱਕ ਬੇਹੱਦ ਖ਼ਤਰਨਾਕ ਆਰ.ਪੀ.ਜੀ. ਬਰਾਮਦ ਕੀਤਾ ਹੈ, ਜਿਸ ਉੱਤੇ ‘NATO 22’ ਦੀ ਮਾਰਕਿੰਗ ਦਰਜ ਹੈ। ਇਹ ਇੱਕ ਐਂਟੀ-ਟੈਂਕ ਮਿਜ਼ਾਈਲ ਲਾਂਚਰ ਹੈ, ਜਿਸ ਦੀ ਵਰਤੋਂ ਬਖ਼ਤਰਬੰਦ ਵਾਹਨਾਂ ਅਤੇ ਟੈਂਕਾਂ ਨੂੰ ਤਬਾਹ ਕਰਨ ਲਈ ਕੀਤੀ ਜਾਂਦੀ ਹੈ। ਅਧਿਕਾਰੀਆਂ ਮੁਤਾਬਕ ਆਗਾਮੀ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਪੁਲਿਸ ਪੂਰੀ ਤਰ੍ਹਾਂ ਚੌਕਸ ਸੀ ਅਤੇ ਇਸ ਖ਼ਤਰਨਾਕ ਹਥਿਆਰ ਦੀ ਬਰਾਮਦਗੀ ਨਾਲ ਸਰਹੱਦੀ ਖੇਤਰ ਪੰਜਾਬ ਅੰਦਰ ਕਿਸੇ ਬਹੁਤ ਵੱਡੀ ਅੱਤਵਾਦੀ ਜਾਂ ਭੰਨ-ਤੋੜ ਦੀ ਸਾਜ਼ਿਸ਼ ਨੂੰ ਸਮਾਂ ਰਹਿੰਦੇ ਨਾਕਾਮ ਕਰ ਦਿੱਤਾ ਗਿਆ ਹੈ।

ਥਾਣਾ ਘਰਿੰਡਾ ਦੇ ਅਧਿਕਾਰ ਖੇਤਰ ਵਿੱਚੋਂ ਇਸ ਮਾਮਲੇ ਸੰਬੰਧੀ ਗੁਰਕ੍ਰਿਪਾਲ ਸਿੰਘ (ਵਾਸੀ ਚੀਚਾ) ਅਤੇ ਉਸ ਦੇ ਨਾਲ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਸਰਹੱਦ ਪਾਰੋਂ ਇਹ ਮਾਰੂ ਹਥਿਆਰ ਕਿਸ ਦੇ ਜ਼ਰੀਏ ਭੇਜਿਆ ਗਿਆ ਸੀ ਅਤੇ ਇਸ ਦੀ ਆਖ਼ਰੀ ਡਿਲੀਵਰੀ ਕਿੱਥੇ ਕੀਤੀ ਜਾਣੀ ਸੀ।

ਹੈਰੋਇਨ, ਸਿੰਥੈਟਿਕ ਡਰੱਗ ਅਤੇ ਅਫ਼ੀਮ ਦਾ ਵੱਡਾ ਜ਼ਖ਼ੀਰਾ ਜ਼ਬਤ

ਨਸ਼ਾ ਤਸਕਰੀ ਖ਼ਿਲਾਫ਼ ਇਸ ਦੇ ਬਰਾਬਰ ਚਲਾਏ ਗਏ ਦੂਜੇ ਆਪਰੇਸ਼ਨ ਵਿੱਚ ਪੁਲਿਸ ਨੇ 7 ਕਿਲੋਗ੍ਰਾਮ ਤੋਂ ਵੱਧ ਹੈਰੋਇਨ, ਲਗਭਗ 2 ਕਿਲੋ 510 ਗ੍ਰਾਮ ਉੱਚ ਸਮਰੱਥਾ ਵਾਲੀ ਮੈਥਾਮਫੇਟਾਮਾਈਨ (ਸਿੰਥੈਟਿਕ ਡਰੱਗ ‘ਆਈਸ’) ਅਤੇ 5 ਕਿਲੋਗ੍ਰਾਮ ਅਫ਼ੀਮ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਡਿਊਲ ਤਹਿਤ 41 ਸਾਲਾ ਬਲਕਾਰ ਸਿੰਘ (ਵਾਸੀ ਕੋਟਲੀ ਦੁਸਾਂਧੀ, ਅਜਨਾਲਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਜ਼ਮੀਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਬਿਲਕੁਲ ਨਜ਼ਦੀਕ ਸਥਿਤ ਹੈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਲਕਾਰ ਸਿੰਘ ਕਾਫ਼ੀ ਲੰਮੇ ਸਮੇਂ ਤੋਂ ਪਾਕਿਸਤਾਨੀ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਮੰਗਵਾ ਰਿਹਾ ਸੀ। ਪੁਲਿਸ ਜਾਂਚ ਵਿੱਚ ਇਹ ਅਹਿਮ ਖ਼ੁਲਾਸਾ ਵੀ ਹੋਇਆ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਪੋਸਤ (ਅਫ਼ੀਮ) ਦੀ ਖੇਤੀ ‘ਤੇ ਲੱਗੀ ਪਾਬੰਦੀ ਕਾਰਨ ਹੁਣ ਹੈਰੋਇਨ ਦੇ ਬਦਲ ਵਜੋਂ ਲੈਬਾਰਟਰੀਆਂ ਵਿੱਚ ਤਿਆਰ ਹੋਣ ਵਾਲੇ ਸਿੰਥੈਟਿਕ ਨਸ਼ੇ ‘ਆਈਸ’ ਦੀ ਤਸਕਰੀ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜੋ ਕਿ ਇਨਸਾਨੀ ਸਿਹਤ ਲਈ ਬਹੁਤ ਜ਼ਿਆਦਾ ਘਾਤਕ ਅਤੇ ਜਾਨਲੇਵਾ ਹੈ।

ਡਰੋਨ ਖੇਪ ਲੱਭਣ ਲਈ ਆਧੁਨਿਕ ਜੀ.ਪੀ.ਐੱਸ. ਟਰੈਕਰਾਂ ਦੀ ਵਰਤੋਂ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਭੇਜੀ ਗਈ ਇਸ ਖੇਪ ਦੇ ਨਾਲ ਇੱਕ ਵਿਸ਼ੇਸ਼ ਜੀ.ਪੀ.ਐੱਸ. ਟਰੈਕਰ ਡਿਵਾਈਸ ਵੀ ਜ਼ਬਤ ਕੀਤਾ ਗਿਆ ਹੈ। ਘੁੱਪ ਹਨੇਰੇ ਜਾਂ ਖੇਤਾਂ ਵਿੱਚ ਖੜ੍ਹੀਆਂ ਲੰਮੀਆਂ ਫ਼ਸਲਾਂ ਵਿਚਕਾਰ ਡਰੋਨ ਰਾਹੀਂ ਸੁੱਟੀ ਗਈ ਖੇਪ ਦੀ ਸਹੀ ਲੋਕੇਸ਼ਨ ਅਤੇ ਕੋਆਰਡੀਨੇਟਸ ਦਾ ਪਤਾ ਲਗਾਉਣ ਲਈ ਸਰਹੱਦ ਪਾਰਲੇ ਹੈਂਡਲਰਜ਼ ਇਸ ਤਰ੍ਹਾਂ ਦੇ ਆਧੁਨਿਕ ਟਰੈਕਰਾਂ ਦੀ ਵਰਤੋਂ ਕਰ ਰਹੇ ਹਨ ਤਾਂ ਜੋ ਖੇਪ ਨੂੰ ਤੁਰੰਤ ਬਿਨਾਂ ਕਿਸੇ ਦੇਰੀ ਦੇ ਚੁੱਕਿਆ ਜਾ ਸਕੇ। ਇਸ ਤੋਂ ਇਲਾਵਾ ਤਸਕਰਾਂ ਕੋਲੋਂ ਮੋਟਰਸਾਈਕਲ ਅਤੇ ਕਈ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੇ ਕਾਲ ਡਿਟੇਲ ਰਿਕਾਰਡਜ਼ (CDR) ਅਤੇ ਮੈਸੇਜਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।

ਨੌਜਵਾਨਾਂ ਤੇ ਨਾਬਾਲਗਾਂ ਨੂੰ ਵਰਗਲਾ ਰਹੇ ਸਰਹੱਦ ਪਰਲੇ ਤਸਕਰ

ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ.ਐੱਸ.ਪੀ. ਕਵਲਪ੍ਰੀਤ ਸਿੰਘ ਚਾਹਲ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਹੱਦ ਪਾਰ ਬੈਠੇ ਦੇਸ਼ ਵਿਰੋਧੀ ਅਨਸਰ ਅਤੇ ਸਥਾਨਕ ਸਰਗਣੇ ਥੋੜ੍ਹੇ ਜਿਹੇ ਪੈਸਿਆਂ ਦਾ ਲਾਲਚ ਦੇ ਕੇ 18-19 ਸਾਲ ਦੇ ਨੌਜਵਾਨਾਂ ਅਤੇ ਨਾਬਾਲਗਾਂ ਨੂੰ ਇਸ ਘਿਨਾਉਣੇ ਅਤੇ ਖ਼ਤਰਨਾਕ ਜੁਰਮ ਦੇ ਦਲਦਲ ਵਿੱਚ ਧੱਕ ਰਹੇ ਹਨ। ਇਸ ਨੈੱਟਵਰਕ ਵਿੱਚ ਵੀ ਕਈ ਨਾਬਾਲਗਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਪੁਲਿਸ ਹੁਣ ਇਸ ਗਿਰੋਹ ਦੇ ਅਗਲੇ-ਪਿਛਲੇ ਸਾਰੇ ਸੰਪਰਕਾਂ (ਬੈਕਵਰਡ ਅਤੇ ਫਾਰਵਰਡ ਲਿੰਕੇਜ) ਨੂੰ ਖੰਗਾਲ ਰਹੀ ਹੈ ਤਾਂ ਜੋ ਮੁੱਖ ਵਿੱਤੀ ਮਦਦਗਾਰਾਂ (ਫਾਈਨਾਂਸਰਾਂ) ਅਤੇ ਭਗੌੜੇ ਦੋਸ਼ੀਆਂ ਤੱਕ ਪਹੁੰਚ ਕੀਤੀ ਜਾ ਸਕੇ।

ਇਸ ਵੱਡੇ ਆਪਰੇਸ਼ਨ ਨੂੰ ਐੱਸ.ਐੱਸ.ਪੀ. ਕਵਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਐੱਸ.ਪੀ. (ਡੀ) ਰਮਨਦੀਪ ਸਿੰਘ, ਡੀ.ਐੱਸ.ਪੀ. (ਡੀ) ਗੁਰਿੰਦਰ ਨਾਗਰਾ, ਡੀ.ਐੱਸ.ਪੀ. ਅਟਾਰੀ ਯਾਦਵਿੰਦਰ ਸਿੰਘ, ਡੀ.ਐੱਸ.ਪੀ. ਰਾਜਾਸਾਂਸੀ ਜਗਬੀਰ ਸਿੰਘ ਅਤੇ ਥਾਣਾ ਭਿੰਡੀ ਸੈਦਾਂ, ਘਰਿੰਡਾ, ਲੋਪੋਕੇ ਸਮੇਤ ਸੀ.ਆਈ.ਏ. ਸਟਾਫ਼ ਦੇ ਇੰਚਾਰਜਾਂ ਦੀਆਂ ਸਾਂਝੀਆਂ ਟੀਮਾਂ ਨੇ ਆਪਸੀ ਤਾਲਮੇਲ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

Loading...
Unable to load recommendations.
Follow Us