Amritsar Passport ਸੇਵਾ ਕੇਂਦਰ ਦੇ ਬਾਹਰ ਲੱਗਿਆ ਛੁੱਟੀ ਦਾ ਨੋਟਿਸ, ਪਾਸਪੋਰਟ ਬਣਾਉਣ ਆਏ ਨੌਜਵਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ
ਅੰਮ੍ਰਿਤਸਰ ਪਾਸਪੋਰਟ ਸੇਵਾ ਕੇਂਦਰ 'ਚ ਪਾਸਪੋਰਟ ਬਣਵਾਉਣ ਲਈ ਫੋਟੋ ਖਿਚਵਾਉਣ ਆਏ ਨੌਜਵਾਨਾਂ ਨੇ ਦਫਤਰ ਦੇ ਬਾਹ ਅਚਾਨਕ ਛੁੱਟੀ ਦਾ ਨੋਟਿਸ ਚਿਪਕਾਏ ਜਾਣ 'ਤੇ ਰੋਸ ਪ੍ਰਦਰਸ਼ਨ ਕੀਤਾ।
ਅੰਮ੍ਰਿਤਸਰ ਨਿਊਜ਼। ਅੰਮ੍ਰਿਤਸਰ ਦੇ ਮਾਲ ਰੋਡ ‘ਤੇ ਸਥਿਤ ਪਾਸਪੋਰਟ ਸੇਵਾ ਕੇਂਦਰ ‘ਚ ਪਾਸਪੋਰਟ ਬਣਵਾਉਣ ਲਈ ਫੋਟੋ ਖਿਚਵਾਉਣ ਆਏ ਨੌਜਵਾਨਾਂ ਨੇ ਸ਼ੁੱਕਰਵਾਰ ਨੂੰ ਦਫਤਰ ਦੇ ਬਾਹਰ ਅਚਾਨਕ ਛੁੱਟੀ ਦਾ ਨੋਟਿਸ ਚਿਪਕਾਏ ਜਾਣ ‘ਤੇ ਰੋਸ ਪ੍ਰਦਰਸ਼ਨ ਕੀਤਾ। ਬੁੱਧ ਪੂਰਨਿਮਾ ਦੇ ਕਾਰਨ ਕੇਂਦਰ ਸਰਕਾਰ (Center Government) ਨੇ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਸੀ। ਇਸ ਕਾਰਨ ਸਹਾਇਕ ਪਾਸਪੋਰਟ ਅਫਸਰ ਨੇ ਸੇਵਾ ਕੇਂਦਰ ਦੇ ਬਾਹਰ ਨੋਟਿਸ ਚਿਪਕਾਇਆ ਅਤੇ ਅੱਜ ਦੀਆਂ ਸਾਰੀਆਂ ਅਪਾਇੰਟਮੈਂਟਾਂ (Appointments) ਨੂੰ ਅਗਲੇ ਦਿਨਾਂ ਤੱਕ ਮੁੜ ਤਹਿ ਕਰਨ ਲਈ ਕਿਹਾ ਗਿਆ ਹੈ।
ਲੋਕਾਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ
ਅੰਮ੍ਰਿਤਸਰ ਪਾਸਪੋਰਟ ਦਫਤਰ ਵਿੱਚ ਦੂਰ ਦੁਰਾਡੇ ਅਤੇ ਵੱਖ-ਵੱਖ ਸ਼ਹਿਰਾਂ ਤੋਂ ਆਏ ਸੈਂਕੜੇ ਨੌਜਵਾਨਾਂ ਨੇ ਗੁੱਸੇ ਵਿੱਚ ਆ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਵੱਲੋਂ ਮਾਲ ਰੋਡ ‘ਤੇ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪਾਸਪੋਰਟ ਦਫਤਰ (Passport office) ਵੱਲੋਂ ਪਹਿਲਾਂ ਹੀ ਸੂਚਿਤ ਕਰ ਦੇਣਾ ਚਾਹੀਦਾ ਸੀ, ਤਾਂ ਜੋ ਉਹ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਨਾ ਆਉਂਦੇ। ਇਸ ਨਾਲ ਨਾ ਹੀ ਉਨ੍ਹਾਂ ਦਾ ਸਮਾਂ ਖਰਾਬ ਹੁੰਦਾ ਅਤੇ ਨਾ ਹੀ ਕਿਰਾਇਆ ਖਰਚ ਹੁੰਦਾ।
‘ਅਪਾਇੰਟਮੈਂਟ ਮੁਲਤਵੀ ਕਰ ਦਿੱਤੀ ਜਾਵੇਗੀ’
ਪਾਸਪੋਰਟ ਦਫਤਰ ਦੇ ਬਾਹਰਹੰਗਾਮੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਸੇਵਾ ਕੇਂਦਰ ਦੇ ਅਧਿਕਾਰੀਆਂ ਨਾਲ ਮਿਲ ਕੇ ਪ੍ਰਦਰਸ਼ਨਕਾਰੀਆਂ (Protestors) ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਅਤੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਧਰ, ਸੇਵਾ ਕੇਂਦਰ ਦੇ ਅਧਿਕਾਰੀਆਂ ਦੇ ਭਰੋਸਾ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਅਪਾਇੰਟਮੈਂਟ ਕਿਸੇ ਹੋਰ ਦਿਨ ਲਈ ਮੁਲਤਵੀ ਕਰ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ।