ਮਕਬੂਲਪੁਰਾ ‘ਚ ਡਰੱਗ ਨੈੱਟਵਰਕ ‘ਤੇ ਵੱਡਾ ਪ੍ਰਹਾਰ, ਨਸ਼ਾ ਤਸਕਰ ਦਾ ਢਾਹਿਆ ਘਰ, ਮੁੱਖ ਮੁਲਜ਼ਮ ਖਿਲਾਫ 11 ਮਾਮਲੇ ਦਰਜ

Updated On: 

28 Apr 2026 17:11 PM IST

ਅੰਮ੍ਰਿਤਸਰ ਦੇ ਮਕਬੂਲਪੁਰਾ ਵਿੱਚ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਪੰਜਾਬ ਪੁਲਿਸ ਨੇ ਇੱਕ ਨਸ਼ਾ ਤਸਕਰ ਦਾ ਘਰ ਢਾਹਿਆ ਹੈ। ਪੁਲਿਸ ਕਮਿਸ਼ਨਰ ਵੱਲੋਂ ਨਸ਼ਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦਾ ਸਖ਼ਤ ਸੰਦੇਸ਼ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸੁਰਿੰਦਰ ਕੌਰ, ਜੋ ਲਗਭਗ 66 ਸਾਲ ਦੀ ਹੈ। ਉਸ ਖ਼ਿਲਾਫ਼ ਹੁਣ ਤੱਕ 11 ਐਫਆਈਆਰ ਦਰਜ ਹਨ।

ਮਕਬੂਲਪੁਰਾ ਚ ਡਰੱਗ ਨੈੱਟਵਰਕ ਤੇ ਵੱਡਾ ਪ੍ਰਹਾਰ, ਨਸ਼ਾ ਤਸਕਰ ਦਾ ਢਾਹਿਆ ਘਰ, ਮੁੱਖ ਮੁਲਜ਼ਮ ਖਿਲਾਫ 11 ਮਾਮਲੇ ਦਰਜ

ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਇਲਾਕੇ ਵਿੱਚ ਅੱਜ ਨਸ਼ਾ ਤਸਕਰੀ ਨਾਲ ਜੁੜੇ ਇੱਕ ਮਸ਼ਹੂਰ ਪਰਿਵਾਰ ਦੇ ਘਰ ਨੂੰ ਢਾਹ ਕੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।

ਸੁਰਿੰਦਰ ਕੌਰ ਖਿਲਾਫ 11 ਮਾਮਲੇ ਦਰਜ

ਕਮਿਸ਼ਨਰ ਨੇ ਦੱਸਿਆ ਕਿ ਜਿਸ ਪਰਿਵਾਰ ਦਾ ਘਰ ਢਾਹਿਆ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਰਿਹਾ ਹੈ। ਮੁੱਖ ਦੋਸ਼ੀ ਸੁਰਿੰਦਰ ਕੌਰ, ਜੋ ਲਗਭਗ 66 ਸਾਲ ਦੀ ਹੈ, ਖ਼ਿਲਾਫ਼ ਹੁਣ ਤੱਕ 11 ਐਫਆਈਆਰ ਦਰਜ ਹਨ ਅਤੇ ਉਹ ਕਈ ਵਾਰ ਗ੍ਰਿਫ਼ਤਾਰ ਵੀ ਹੋ ਚੁੱਕੀ ਹੈ। ਉਸ ਨੂੰ ਪਹਿਲਾਂ ਹੀ 10 ਸਾਲ ਦੀ ਸਜ਼ਾ ਹੋ ਚੁੱਕੀ ਹੈ। ਉਸ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਵੱਖ-ਵੱਖ ਮਾਮਲਿਆਂ ਚ ਜੇਲ੍ਹ ਵਿੱਚ ਬੰਦ ਹਨ। ਜਿਸ ਨਾਲ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਇੱਕ ਪੂਰਾ ਨੈੱਟਵਰਕ ਸੀ।

ਨਸ਼ਿਆਂ ਦੇ ਖ਼ਿਲਾਫ਼ ਵੱਡੇ ਪੱਧਰ ਤੇ ਕਾਰਵਾਈ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਨਸ਼ਿਆਂ ਦੇ ਖ਼ਿਲਾਫ਼ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਸਾਲ 2026 ਵਿੱਚ ਹੁਣ ਤੱਕ 634 ਐਨਡੀਪੀਐਸ ਕੇਸ ਦਰਜ ਹੋ ਚੁੱਕੇ ਹਨ ਅਤੇ 81 ਵੱਡੇ ਸਮੱਗਲਰ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਦੌਰਾਨ 40 ਕਿਲੋ ਤੋਂ ਵੱਧ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਡਰੱਗ ਮਨੀ, ਵਾਹਨ ਅਤੇ ਹੋਰ ਸਬੂਤ ਵੀ ਜ਼ਬਤ ਕੀਤੇ ਗਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ਾ ਭੇਜਣਾ ਵੱਡੀ ਚੁਣੌਤੀ ਹੈ, ਪਰ ਪੁਲਿਸ ਵੱਲੋਂ ਇਸ ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਨਾਲ ਹੀ ਨਸ਼ਾ ਛੱਡਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਹਜ਼ਾਰਾਂ ਨਸ਼ਾ ਪੀੜਤਾਂ ਨੂੰ ਡੀ-ਐਡੀਕਸ਼ਨ ਸੈਂਟਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਕਮਿਸ਼ਨਰ ਦਾ ਨਸ਼ਾ ਤਸਕਰਾਂ ਨੂੰ ਸੰਦੇਸ਼

ਅੰਤ ਵਿੱਚ ਪੁਲਿਸ ਕਮਿਸ਼ਨਰ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਹੱਥ ਬਹੁਤ ਲੰਮੇ ਹਨ ਅਤੇ ਜੋ ਵੀ ਇਸ ਗੈਰਕਾਨੂੰਨੀ ਧੰਦੇ ਵਿੱਚ ਸ਼ਾਮਲ ਹੋਵੇਗਾ। ਉਸ ਤੇ ਸਖ਼ਤ ਕਾਰਵਾਈ ਜਾਰੀ ਰਹੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ।

Follow Us