CM ਮਾਨ ਨੇ ਪੰਜਾਬ ‘ਚ ਬੋਰਡ ਟੌਪਰਾਂ ਲਈ ਬਦਲਿਆ ਨਿਯਮ, ਜਨਮ ਮਿਤੀ ਨਹੀਂ ਮਿਹਨਤ ਤੈਅ ਕਰੇਗੀ ਰੈਂਕ

Updated On: 

31 May 2026 16:01 PM IST

ਪੰਜਾਬ ਵਿੱਚ ਹੁਣ ਬੋਰਡ ਪ੍ਰੀਖਿਆਵਾਂ ਦੌਰਾਨ ਇੱਕੋ ਜਿਹੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਰੈਂਕਿੰਗ ਜਨਮ ਮਿਤੀ ਦੇ ਆਧਾਰ 'ਤੇ ਨਹੀਂ ਕੀਤੀ ਜਾਵੇਗੀ। ਹੁਣ ਤੋਂ ਬਰਾਬਰ ਅੰਕ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਇੱਕੋ ਜਿਹਾ (ਸਮਾਨ) ਸਥਾਨ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਇਤਿਹਾਸਕ ਅਤੇ ਅਹਿਮ ਫ਼ੈਸਲਾ ਬੋਰਡ ਜਮਾਤਾਂ ਦੇ ਟੌਪਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਲਿਆ।

CM ਮਾਨ ਨੇ ਪੰਜਾਬ ਚ ਬੋਰਡ ਟੌਪਰਾਂ ਲਈ ਬਦਲਿਆ ਨਿਯਮ, ਜਨਮ ਮਿਤੀ ਨਹੀਂ ਮਿਹਨਤ ਤੈਅ ਕਰੇਗੀ ਰੈਂਕ

ਪੰਜਾਬ ਵਿੱਚ ਹੁਣ ਬੋਰਡ ਪ੍ਰੀਖਿਆਵਾਂ ਦੌਰਾਨ ਇੱਕੋ ਜਿਹੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਰੈਂਕਿੰਗ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਕੀਤੀ ਜਾਵੇਗੀ। ਹੁਣ ਤੋਂ ਬਰਾਬਰ ਅੰਕ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਇੱਕੋ ਜਿਹਾ (ਸਮਾਨ) ਸਥਾਨ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਇਤਿਹਾਸਕ ਅਤੇ ਅਹਿਮ ਫ਼ੈਸਲਾ ਬੋਰਡ ਜਮਾਤਾਂ ਦੇ ਟੌਪਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਲਿਆ।

ਪ੍ਰੋਗਰਾਮ ਦੇ ਸਵਾਲ-ਜਵਾਬ ਸੈਸ਼ਨ ਦੌਰਾਨ ਅੰਮ੍ਰਿਤਸਰ ਦੀ ਇੱਕ ਵਿਦਿਆਰਥਣ ਨੇ ਮੁੱਖ ਮੰਤਰੀ ਦੇ ਸਾਹਮਣੇ ਮੁੱਦਾ ਚੁੱਕਦਿਆਂ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਤਿੰਨ ਲੜਕੀਆਂ ਨੇ ਬਿਲਕੁਲ ਇੱਕੋ ਜਿਹੇ ਅੰਕ ਹਾਸਲ ਕੀਤੇ ਸਨ, ਪਰ ਜਨਮ ਮਿਤੀ ਦੇ ਆਧਾਰ ‘ਤੇ ਉਨ੍ਹਾਂ ਨੂੰ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਘੋਸ਼ਿਤ ਕਰ ਦਿੱਤਾ ਗਿਆ। ਇਸ ਪੁਰਾਣੀ ਵਿਵਸਥਾ ਕਾਰਨ ਕੇਵਲ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੂੰ ਹੀ ਮੁੱਖ ਮੰਤਰੀ ਹੱਥੋਂ ਸਨਮਾਨਿਤ ਹੋਣ ਦਾ ਮੌਕਾ ਮਿਲ ਸਕਿਆ।

ਵਿਦਿਆਰਥਣ ਦੀ ਇਸ ਦਲੀਲ ਨੂੰ ਸੁਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਮੌਕੇ ‘ਤੇ ਹੀ ਮੌਜੂਦਾ ਵਿਵਸਥਾ ਅਤੇ ਨਿਯਮਾਂ ਵਿੱਚ ਬਦਲਾਅ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ। ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਵਿੱਖ ਵਿੱਚ ਜੇਕਰ ਵਿਦਿਆਰਥੀਆਂ ਦੇ ਅੰਕ ਬਰਾਬਰ ਹੁੰਦੇ ਹਨ, ਤਾਂ ਉਨ੍ਹਾਂ ਸਾਰਿਆਂ ਨੂੰ ਬਰਾਬਰ ਦਾ ਸਥਾਨ ਅਤੇ ਇੱਕੋ ਜਿਹਾ ਮਾਣ-ਸਨਮਾਨ ਦਿੱਤਾ ਜਾਵੇਗਾ।

ਚੰਡੀਗੜ੍ਹ ਦੇ ਟੈਗੋਰ ਥੀਏਟਰ ‘ਚ ਹੋਇਆ ‘ਸਿਤਾਰੇ ਜ਼ਮੀਨ ਪਰ’ ਪ੍ਰੋਗਰਾਮ

ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ (31 ਮਈ) ਨੂੰ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਟੌਪਰ ਵਿਦਿਆਰਥੀਆਂ ਦੇ ਸਨਮਾਨ ਲਈ ‘ਸਿਤਾਰੇ ਜ਼ਮੀਨ ਪਰ’ ਨਾਮਕ ਇੱਕ ਸ਼ਾਨਦਾਰ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਸਮਾਗਮ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਟੌਪਰ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰ ਰਹੇ ਸਨ, ਤਾਂ ਉਸੇ ਵੇਲੇ ਇੱਕ ਵਿਦਿਆਰਥਣ ਨੇ ਖੜ੍ਹੇ ਹੋ ਕੇ ਕਿਹਾ ਕਿ ਬਰਾਬਰ ਅੰਕ ਹਾਸਲ ਕਰਨ ਵਾਲੇ ਬੱਚਿਆਂ ਦੀ ਰੈਂਕਿੰਗ ਜਨਮ ਮਿਤੀ ਦੇ ਆਧਾਰ ‘ਤੇ ਤੈਅ ਕਰਨਾ ਪੂਰੀ ਤਰ੍ਹਾਂ ਗਲਤ ਹੈ। ਉਸਨੇ ਤਰਕ ਦਿੱਤਾ ਕਿ ਸਾਰੇ ਬੱਚੇ ਅਤੇ ਅਧਿਆਪਕ ਬਰਾਬਰ ਮਿਹਨਤ ਕਰਦੇ ਹਨ, ਪਰ ਨਤੀਜਾ ਆਉਣ ‘ਤੇ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਅੱਗੇ ਅਤੇ ਸਿਰਫ਼ ਉਮਰ ਵੱਧ ਹੋਣ ਕਾਰਨ ਦੂਜੇ ਵਿਦਿਆਰਥੀ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ। ਵਿਦਿਆਰਥਣ ਦੀ ਇਸ ਦਲੇਰਾਨਾ ਗੱਲ ‘ਤੇ ਪੂਰੇ ਹਾਲ ਵਿੱਚ ਤਾਲੀਆਂ ਗੂੰਜ ਉੱਠੀਆਂ। ਇਸ ਮੌਕੇ ਮੌਜੂਦ ਮਨੀਸ਼ ਸਿਸੋਦੀਆ ਨੇ ਵੀ ਵਿਦਿਆਰਥਣ ਦੀ ਗੱਲ ਦਾ ਸਮਰਥਨ ਕਰਦਿਆਂ ਕਿਹਾ, “ਬਹੁਤ ਸਹੀ ਗੱਲ।”

ਤਿੰਨ ਵਿਦਿਆਰਥਣਾਂ ਦੇ ਸਨ 500 ਵਿੱਚੋਂ 500 ਅੰਕ

ਵਿਦਿਆਰਥਣ ਨੇ ਅੱਗੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਤਿੰਨ ਲੜਕੀਆਂ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ 500 ਵਿੱਚੋਂ 500 ਪੂਰੇ ਅੰਕ ਹਾਸਲ ਕੀਤੇ ਹਨ। ਇਸ ਦੇ ਬਾਵਜੂਦ ਸਿਰਫ਼ ਜਨਮ ਮਿਤੀ ਦੇ ਫ਼ਰਕ ਕਾਰਨ ਉਨ੍ਹਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ਰੈਂਕ ਦਿੱਤਾ ਗਿਆ। ਉਸਨੇ ਸਵਾਲ ਉਠਾਇਆ ਕਿ ਜਦੋਂ ਤਿੰਨਾਂ ਦੀ ਮਿਹਨਤ ਅਤੇ ਅੰਕ ਬਿਲਕੁਲ ਬਰਾਬਰ ਹਨ ਅਤੇ ਉਹ ਇੱਕੋ ਜਮਾਤ ਦੀਆਂ ਵਿਦਿਆਰਥਣਾਂ ਹਨ, ਤਾਂ ਸਾਰੀਆਂ ਨੂੰ ਪਹਿਲਾ ਸਥਾਨ ਕਿਉਂ ਨਹੀਂ ਦਿੱਤਾ ਗਿਆ।

ਵਿਦਿਆਰਥਣ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਲਈ ਇਹ ਤਿੰਨੋਂ ਹੀ ਵਿਦਿਆਰਥਣਾਂ ਟੌਪਰ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਖ਼ੁਦ ਪਹਿਲਾਂ ਵੀ ਕਈ ਵਾਰ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ ਕਿ ਸਮਾਨ ਅੰਕ ਪਾਉਣ ਵਾਲੇ ਬੱਚਿਆਂ ਨੂੰ ਵੱਖ-ਵੱਖ ਰੈਂਕ ਕਿਉਂ ਦਿੱਤੇ ਜਾਂਦੇ ਹਨ। ਹਾਲਾਂਕਿ ਵਿਦਿਆਰਥਣ ਨੇ ਮੁੜ ਨਿਮਰਤਾ ਨਾਲ ਕਿਹਾ ਕਿ ਅੱਜ ਮੰਚ ‘ਤੇ ਸਨਮਾਨ ਲਈ ਕੇਵਲ ਇੱਕ ਹੀ ਵਿਦਿਆਰਥਣ ਨੂੰ ਬੁਲਾਇਆ ਗਿਆ ਹੈ, ਜਦਕਿ ਇਨਸਾਫ਼ ਮੁਤਾਬਕ ਤਿੰਨਾਂ ਨੂੰ ਬਰਾਬਰ ਸਨਮਾਨ ਮਿਲਣਾ ਚਾਹੀਦਾ ਹੈ।

ਮਨੀਸ਼ ਸਿਸੋਦੀਆ ਨੇ ਵਿਦਿਆਰਥਣ ਦੇ ਹੌਸਲੇ ਦੀ ਕੀਤੀ ਸ਼ਲਾਘਾ

ਵਿਦਿਆਰਥਣ ਦੀਆਂ ਇਨ੍ਹਾਂ ਸਪਸ਼ਟ ਅਤੇ ਦਲੀਲਪੂਰਨ ਗੱਲਾਂ ਨੂੰ ਸੁਣ ਕੇ ਮਨੀਸ਼ ਸਿਸੋਦੀਆ ਨੇ ਉਸ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹੀ ਅਸਲ ਸਿੱਖਿਆ ਦੀ ਤਾਕਤ ਹੈ, ਜੋ ਕਿਸੇ ਵਿਦਿਆਰਥੀ ਦੇ ਅੰਦਰ ਇਹ ਕਹਿਣ ਦਾ ਆਤਮਵਿਸ਼ਵਾਸ ਪੈਦਾ ਕਰਦੀ ਹੈ ਕਿ ਮੌਜੂਦਾ ਵਿਵਸਥਾ ਵਿੱਚ ਸੁਧਾਰ ਦੀ ਲੋੜ ਹੈ। ਵਿਦਿਆਰਥਣ ਨੇ ਆਖਿਆ ਕਿ ਜੇਕਰ ਅਜਿਹੇ ਮਾਮਲਿਆਂ ਵਿੱਚ ਤਿੰਨਾਂ ਨੂੰ ਹੀ ਸਾਂਝੇ ਤੌਰ ‘ਤੇ ਟੌਪਰ ਮੰਨਿਆ ਜਾਵੇ, ਤਾਂ ਇਹ ਸਾਡੀ ਸਿੱਖਿਆ ਪ੍ਰਣਾਲੀ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਦਰਸਾਏਗਾ।

ਮੁੱਖ ਮੰਤਰੀ ਨੇ ਨਿਯਮ ਬਦਲਣ ਦੇ ਦਿੱਤੇ ਸਖ਼ਤ ਨਿਰਦੇਸ਼

ਵਿਦਿਆਰਥਣ ਦੇ ਇਸ ਇਤਰਾਜ਼ ਅਤੇ ਸੁਝਾਅ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ‘ਤੇ ਮੌਜੂਦ ਉੱਚ ਅਧਿਕਾਰੀਆਂ ਨੂੰ ਫ਼ੌਰੀ ਨਿਰਦੇਸ਼ ਦਿੱਤੇ ਕਿ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਬੋਰਡ ਪ੍ਰੀਖਿਆਵਾਂ ਵਿੱਚ ਸਮਾਨ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬਰਾਬਰ ਦਾ ਸਥਾਨ (ਰੈਂਕ) ਦਿੱਤਾ ਜਾਵੇ। ਇਸ ਫ਼ੈਸਲੇ ਤੋਂ ਬਾਅਦ ਹੁਣ ਪੰਜਾਬ ਵਿੱਚ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਬਰਾਬਰ ਅੰਕ ਹਾਸਲ ਕਰਨ ਵਾਲੇ ਬੱਚਿਆਂ ਨੂੰ ਜਨਮ ਮਿਤੀ ਦੇ ਆਧਾਰ ‘ਤੇ ਵੱਖ-ਵੱਖ ਰੈਂਕਾਂ ਵਿੱਚ ਨਹੀਂ ਵੰਡਿਆ ਜਾਵੇਗਾ, ਸਗੋਂ ਸਾਰਿਆਂ ਨੂੰ ਸੰਯੁਕਤ ਤੌਰ ‘ਤੇ ਇਕੋ ਜਿਹਾ ਸਥਾਨ ਅਤੇ ਬਰਾਬਰ ਦਾ ਮਾਣ-ਸਨਮਾਨ ਹਾਸਲ ਹੋਵੇਗਾ।

Follow Us