ਅੰਮ੍ਰਿਤਸਰ ਦੀ ਧੀ ਦਾ ਕਮਾਲ: ਦੀਆ ਸ਼ਰਮਾ ਨੇ PM ਮੋਦੀ ਨਾਲ ਸਾਂਝਾ ਕੀਤਾ ‘ਵਿਕਸਿਤ ਭਾਰਤ’ ਦਾ ਵਿਜ਼ਨ, ਜਾਣੋ ਪੂਰੀ ਕਹਾਣੀ
ਗੁਰੂ ਨਗਰੀ ਅੰਮ੍ਰਿਤਸਰ ਦੀ ਹੋਣਹਾਰ ਬੇਟੀ ਦੀਆ ਸ਼ਰਮਾ ਨੇ ਆਪਣੀ ਬੌਧਿਕ ਸਮਰੱਥਾ ਅਤੇ ਨਿਵੇਕਲੀ ਸੋਚ ਸਦਕਾ ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਉਲੀਕੇ ਗਏ ਵਿਕਸਿਤ ਭਾਰਤ ਯੰਗ ਲੀਡਰ ਡਾਇਲਾਗ ਪ੍ਰੋਗਰਾਮ ਤਹਿਤ ਦੀਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧਾ ਸੰਵਾਦ ਰਚਾਉਣ ਅਤੇ ਦੇਸ਼ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦਾ ਸੁਨਹਿਰੀ ਮੌਕਾ ਮਿਲਿਆ।
Photo Credit: Social Media
ਗੁਰੂ ਨਗਰੀ ਅੰਮ੍ਰਿਤਸਰ ਦੀ ਹੋਣਹਾਰ ਬੇਟੀ ਦੀਆ ਸ਼ਰਮਾ ਨੇ ਆਪਣੀ ਬੌਧਿਕ ਸਮਰੱਥਾ ਅਤੇ ਨਿਵੇਕਲੀ ਸੋਚ ਸਦਕਾ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਉਲੀਕੇ ਗਏ ਵਿਕਸਿਤ ਭਾਰਤ ਯੰਗ ਲੀਡਰ ਡਾਇਲਾਗ ਪ੍ਰੋਗਰਾਮ ਤਹਿਤ ਦੀਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧਾ ਸੰਵਾਦ ਰਚਾਉਣ ਅਤੇ ਦੇਸ਼ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦਾ ਸੁਨਹਿਰੀ ਮੌਕਾ ਮਿਲਿਆ।
3000 ਨੌਜਵਾਨਾਂ ਨੂੰ ਪਛਾੜ ਕੇ ‘ਟਾਪ-20’ ਵਿੱਚ ਬਣਾਈ ਜਗ੍ਹਾ
ਮੀਡੀਆ ਨਾਲ ਗੱਲਬਾਤ ਕਰਦਿਆਂ ‘ਮਾਈ ਭਾਰਤ’ ਵਲੰਟੀਅਰ ਦੀਆ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਕਰਵਾਇਆ ਗਿਆ ਸੀ। ਇਸ ਪ੍ਰਕਿਰਿਆ ਦੀ ਸ਼ੁਰੂਆਤ ਸਤੰਬਰ ਮਹੀਨੇ ਵਿੱਚ ਇੱਕ ਆਨਲਾਈਨ ਕੁਇਜ਼ ਰਾਹੀਂ ਹੋਈ ਸੀ। ਵੱਖ-ਵੱਖ ਪੜਾਵਾਂ ਵਿੱਚ ਸਟੇਟ ਲੈਵਲ ਪੀ.ਪੀ.ਟੀ. ਚੈਲੇਂਜ ਅਤੇ ਇੰਟਰਵਿਊ ਰਾਊਂਡ ਤੋਂ ਬਾਅਦ ਦੇਸ਼ ਭਰ ਵਿੱਚੋਂ ਲਗਭਗ 3000 ਨੌਜਵਾਨਾਂ ਦੀ ਚੋਣ ਕੀਤੀ ਗਈ। ਇਨ੍ਹਾਂ ਵਿੱਚੋਂ ਕੇਵਲ ਟਾਪ-20 ਨੌਜਵਾਨਾਂ ਨੂੰ ਹੀ ਪ੍ਰਧਾਨ ਮੰਤਰੀ ਸਾਹਮਣੇ ਬੋਲਣ ਦਾ ਮੌਕਾ ਮਿਲਿਆ, ਜਿਨ੍ਹਾਂ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਦੀਆ ਸ਼ਰਮਾ ਨੇ ਕੀਤੀ।
ਸਟਾਰਟਅੱਪ ਕੈਪੀਟਲ ਬਣਾਉਣ ਲਈ ਦਿੱਤੇ ਅਹਿਮ ਸੁਝਾਅ
12 ਜਨਵਰੀ ਨੂੰ ਭਾਰਤ ਮੰਡਪਮ ਵਿਖੇ ਹੋਏ ਪ੍ਰੋਗਰਾਮ ਦੌਰਾਨ ਦੀਆ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਭਾਰਤ ਨੂੰ ਦੁਨੀਆ ਦੀ ਸਟਾਰਟਅੱਪ ਕੈਪੀਟਲ ਬਣਾਉਣ ਦੇ ਵਿਸ਼ੇ ‘ਤੇ ਆਪਣੇ ਸੁਝਾਅ ਰੱਖੇ। ਉਸ ਨੇ ਸਟਾਰਟਅੱਪ ਸਪੋਰਟ ਮਿਸ਼ਨ ਸੈੱਲ, ਵਿਦੇਸ਼ੀ ਦੂਤਾਵਾਸਾਂ ਵਿੱਚ ਸਟਾਰਟਅੱਪ ਡੈਸਕ ਸਥਾਪਤ ਕਰਨ ਅਤੇ ਅਸਲ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਵਾਲੇ ਸਟਾਰਟਅੱਪਸ ਨੂੰ ਵਿਸ਼ੇਸ਼ ਸਹਾਇਤਾ ਦੇਣ ਦੀ ਵਕਾਲਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਆ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ਬਲੌਗ ਤੇ ਵਲੌਗ ਰਾਹੀਂ ਇਨ੍ਹਾਂ ਵਿਚਾਰਾਂ ਨੂੰ ਹੋਰਨਾਂ ਨੌਜਵਾਨਾਂ ਤੱਕ ਪਹੁੰਚਾਉਣ ਦੀ ਸਲਾਹ ਦਿੱਤੀ।
ਪਰਿਵਾਰਿਕ ਪਿਛੋਕੜ ਅਤੇ ਸੁਪਨੇ
ਦੀਆ ਸ਼ਰਮਾ ਇੱਕ ਸਿਵਲ ਸਰਵਿਸਿਜ਼ ਐਸਪੀਰੈਂਟ ਹੈ ਅਤੇ ਉਹ ਆਈ.ਪੀ.ਐੱਸ. (IPS) ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਦੀਆ ਦੀ ਮਾਤਾ ਵਿਸ਼ਾਲੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸ਼ੁਰੂ ਤੋਂ ਹੀ ਮਿਹਨਤੀ ਰਹੀ ਹੈ। ਦੀਆ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਪਰਿਵਾਰ ਵਿੱਚ ਦੋ ਬੇਟੀਆਂ ਹਨ, ਜਿਨ੍ਹਾਂ ਵਿੱਚੋਂ ਦੀਆ ਛੋਟੀ ਹੈ। ਉਸ ਦੀ ਵੱਡੀ ਭੈਣ ਨੋਇਡਾ ਵਿੱਚ ਨੌਕਰੀ ਕਰਦੀ ਹੈ ਅਤੇ ਪਰਿਵਾਰ ਨੂੰ ਆਰਥਿਕ ਸਹਿਯੋਗ ਦੇ ਰਹੀ ਹੈ। ਮਾਤਾ ਵਿਸ਼ਾਲੀ ਨੇ ਇਸ ਪ੍ਰਾਪਤੀ ਨੂੰ ਪੂਰੇ ਪਰਿਵਾਰ ਲਈ ਮਾਣ ਵਾਲਾ ਪਲ ਦੱਸਿਆ ਹੈ।
