ਅੰਮ੍ਰਿਤਸਰ ‘ਚ 3 ਦਿਨਾਂ ਤੋਂ ਲਾਪਤਾ ਮਹਿਲਾ ਸਰਪੰਚ ਦੇ ਪਤੀ ਦੀ ਮਿਲੀ ਭੇਦਭਰੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

Published: 

23 Sep 2026 21:27 PM IST

ਅੰਮ੍ਰਿਤਸਰ ਦੇ ਅਜਨਾਲਾ ਅਧੀਨ ਆਉਂਦੇ ਰਮਦਾਸ ਖੇਤਰ ਦੇ ਪਿੰਡ ਮਹਿਮਦ ਮੰਦਰਾਂਵਾਲਾ ਤੋਂ ਪਿਛਲੇ ਤਿੰਨ ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਚੱਲ ਰਹੇ ਮਹਿਲਾ ਸਰਪੰਚ ਦੇ ਪਤੀ ਅਤੇ ਸਾਬਕਾ ਫ਼ੌਜੀ ਕੁਲਜੀਤ ਸਿੰਘ ਦੀ ਲਾਸ਼ ਰਮਦਾਸ ਰੋਡ ਨੇੜਿਓਂ ਰਹੱਸਮਈ ਹਾਲਾਤ ਵਿੱਚ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।

ਅੰਮ੍ਰਿਤਸਰ ਚ 3 ਦਿਨਾਂ ਤੋਂ ਲਾਪਤਾ ਮਹਿਲਾ ਸਰਪੰਚ ਦੇ ਪਤੀ ਦੀ ਮਿਲੀ ਭੇਦਭਰੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਅੰਮ੍ਰਿਤਸਰ ਦੇ ਅਜਨਾਲਾ ਅਧੀਨ ਆਉਂਦੇ ਰਮਦਾਸ ਖੇਤਰ ਦੇ ਪਿੰਡ ਮਹਿਮਦ ਮੰਦਰਾਂਵਾਲਾ ਤੋਂ ਪਿਛਲੇ ਤਿੰਨ ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਚੱਲ ਰਹੇ ਮਹਿਲਾ ਸਰਪੰਚ ਦੇ ਪਤੀ ਅਤੇ ਸਾਬਕਾ ਫ਼ੌਜੀ ਕੁਲਜੀਤ ਸਿੰਘ ਦੀ ਲਾਸ਼ ਰਮਦਾਸ ਰੋਡ ਨੇੜਿਓਂ ਰਹੱਸਮਈ ਹਾਲਾਤ ਵਿੱਚ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਪੂਰੇ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸਹਿਮ ਤੇ ਸੋਗ ਦਾ ਆਲਮ ਹੈ, ਉੱਥੇ ਹੀ ਪੀੜਤ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਇਸ ਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਅੰਨ੍ਹਾ ਕਤਲ ਕਰਾਰ ਦਿੰਦਿਆਂ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਪ੍ਰਸ਼ਾਸਨ ਤੋਂ ਉੱਚ-ਪੱਧਰੀ ਪੜਤਾਲ ਕਰਵਾ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।

ਸਰਟੀਫਿਕੇਟ ਲੈਣ ਗਏ ਸਨ, ਘਰ ਨਹੀਂ ਪਰਤੇ

ਘਟਨਾ ਦੇ ਵਿਸਥਾਰ ਦਿੰਦਿਆਂ ਮ੍ਰਿਤਕ ਦੇ ਭਰਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕੁਲਜੀਤ ਸਿੰਘ ਆਪਣੇ ਕਿਸੇ ਸਰਟੀਫਿਕੇਟ ਦੇ ਕੰਮ ਲਈ ਘਰੋਂ ਫ਼ਤਹਿਗੜ੍ਹ ਚੂੜੀਆਂ ਜਾਣ ਦਾ ਕਹਿ ਕੇ ਨਿਕਲੇ ਸਨ, ਪਰ ਦੇਰ ਸ਼ਾਮ ਤੱਕ ਵੀ ਉਹ ਘਰ ਵਾਪਸ ਨਹੀਂ ਪਰਤੇ। ਇਸ ਦੌਰਾਨ ਜਦੋਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਮੋਬਾਈਲ ਫ਼ੋਨ ਲਗਾਤਾਰ ਬੰਦ ਆ ਰਿਹਾ ਸੀ। ਪਰਿਵਾਰਕ ਜੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਨਿੱਜੀ ਰੰਜਿਸ਼ ਜਾਂ ਵੈਰ-ਵਿਰੋਧ ਨਹੀਂ ਸੀ, ਪਰ ਜਿਸ ਰਹੱਸਮਈ ਤਰੀਕੇ ਨਾਲ ਉਹ ਲਾਪਤਾ ਹੋਏ ਅਤੇ ਹੁਣ ਉਹਨਾਂ ਦੀ ਮ੍ਰਿਤਕ ਦੇਹ ਮਿਲੀ ਹੈ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹਨਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ।

ਮ੍ਰਿਤਕ ਕੁਲਜੀਤ ਸਿੰਘ ਦੀ ਪਤਨੀ, ਜੋ ਕਿ ਪਿੰਡ ਦੀ ਮੌਜੂਦਾ ਸਰਪੰਚ ਹਨ, ਨੇ ਵਿਰਲਾਪ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਤੀ ਬਿਨਾਂ ਕਿਸੇ ਧੜੇਬੰਦੀ ਜਾਂ ਵਿਰੋਧ ਦੇ ਪਿੰਡ ਵਿੱਚ ਸਰਬਸੰਮਤੀ ਨਾਲ ਚੁਣੇ ਗਏ ਸਨ ਅਤੇ ਉਹਨਾਂ ਨੂੰ ਕਦੇ ਕਿਸੇ ਪਾਸਿਓਂ ਕੋਈ ਧਮਕੀ ਨਹੀਂ ਮਿਲੀ ਸੀ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਅੱਗੇ ਰੋਂਦਿਆਂ ਫ਼ਰਿਆਦ ਕੀਤੀ ਕਿ ਉਹਨਾਂ ਦੇ ਸੁਹਾਗ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਬੇਨਕਾਬ ਕਰਕੇ ਸਲਾਖਾਂ ਪਿੱਛੇ ਧੱਕਿਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਜਿੱਥੋਂ ਪਹਿਲਾਂ ਭਾਲ ਕੀਤੀ, ਉੱਥੋਂ ਹੀ ਮਿਲੀ ਲਾਸ਼

ਮੌਕੇ ਤੇ ਮੌਜੂਦ ਮ੍ਰਿਤਕ ਦੇ ਭਤੀਜੇ ਨੇ ਪੁਲਿਸ ਜਾਂਚ ਦੀ ਕਾਰਗੁਜ਼ਾਰੀ ਤੇ ਗੰਭੀਰ ਸੁਆਲ ਖੜ੍ਹੇ ਕਰਦਿਆਂ ਦਾਅਵਾ ਕੀਤਾ ਕਿ ਜਿਸ ਥਾਂ ਤੋਂ ਅੱਜ ਲਾਸ਼ ਮਿਲੀ ਹੈ, ਉੱਥੇ ਪਹਿਲਾਂ ਪੁਲਿਸ ਮੁਲਾਜ਼ਮਾਂ ਅਤੇ ਪਿੰਡ ਦੇ ਸੈਂਕੜੇ ਵਸਨੀਕਾਂ ਨੇ ਸੜਕ ਦੇ ਦੋਵੇਂ ਪਾਸੇ ਕਈ ਵਾਰ ਬਾਰੀਕੀ ਨਾਲ ਛਾਣਬੀਣ ਕੀਤੀ ਸੀ, ਪ੍ਰੰਤੂ ਉਸ ਵੇਲੇ ਉੱਥੇ ਕੋਈ ਵਜੂਦ ਨਹੀਂ ਸੀ। ਪਰਿਵਾਰ ਦਾ ਸਿੱਧਾ ਦੋਸ਼ ਹੈ ਕਿ ਪੁਲਿਸ ਨੇ ਮੋਬਾਈਲ ਲੋਕੇਸ਼ਨ ਦਾ ਹਵਾਲਾ ਦੇ ਕੇ ਉਹਨਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਭਟਕਾਇਆ, ਜਦਕਿ ਲਾਸ਼ ਨੂੰ ਬਾਅਦ ਵਿੱਚ ਯੋਜਨਾਬੱਧ ਢੰਗ ਨਾਲ ਲਿਆ ਕੇ ਇੱਥੇ ਸੁੱਟਿਆ ਗਿਆ ਜਾਪਦਾ ਹੈ। ਉਹਨਾਂ ਦੱਸਿਆ ਕਿ ਲਾਸ਼ ਦੇ ਬਿਲਕੁਲ ਨਜ਼ਦੀਕ ਹੀ ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ, ਜਿਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਇਸ ਵਾਰਦਾਤ ਨੂੰ ਕਿਸੇ ਡੂੰਘੀ ਪਲੈਨਿੰਗ ਤਹਿਤ ਅੰਜਾਮ ਦਿੱਤਾ ਗਿਆ ਹੈ।

ਮਾਮਲੇ ਚ ਵਾਧਾ ਜੁਰਮ ਤਹਿਤ ਕਾਰਵਾਈ ਸ਼ੁਰੂ: DSP

ਦੂਜੇ ਪਾਸੇ, ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ ਜਾਂਚ ਅਧਿਕਾਰੀ ਡੀ.ਐੱਸ.ਪੀ. ਇੰਦਰਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਥਾਣਾ ਰਮਦਾਸ ਵਿਖੇ ਕੁਲਜੀਤ ਸਿੰਘ ਦੇ ਲਾਪਤਾ ਹੋਣ ਸਬੰਧੀ ਪਹਿਲਾਂ ਹੀ ਰਿਪੋਰਟ ਦਰਜ ਕੀਤੀ ਹੋਈ ਸੀ। ਹੁਣ ਮ੍ਰਿਤਕ ਦੇਹ ਬਰਾਮਦ ਹੋਣ ਉਪਰੰਤ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨ ਅਨੁਸਾਰ ਵਾਧਾ ਜੁਰਮ (ਧਾਰਾਵਾਂ ਵਿੱਚ ਵਾਧਾ) ਕਰਦਿਆਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਹੋ ਸਕੇਗਾ। ਉਹਨਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਹਰ ਪਹਿਲੂ ਤੋਂ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਕਿਸੇ ਵੀ ਕਸੂਰਵਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Loading...
Unable to load recommendations.
Follow Us
Related Stories
3 ਸਾਲਾਂ ਬਾਅਦ ਕੰਬੋਡੀਆ ਤੋਂ ਜਲੰਧਰ ਪਰਤਿਆ ਨੌਜਵਾਨ, ਏਜੰਟ ਦੇ ਠੱਗੀ ਦਾ ਹੋਇਆ ਸੀ ਸ਼ਿਕਾਰ; ਸੰਤ ਸੀਚੇਵਾਲ ਨੇ ਕਰਵਾਈ ਵਾਪਸੀ
ਮੋਗਾ ‘ਚ ਗੈਸ ਨਾਲ ਭਰੇ ਟੈਂਕਰ ਚੋਂ ਲੀਕੇਜ ਮਗਰੋਂ ਮਚਿਆ ਹੜਕੰਪ, ਪੁਲਿਸ ਤੇ ਫ਼ਾਇਰ ਬ੍ਰਿਗੇਡ ਨੇ ਟਾਲਿਆ ਵੱਡਾ ਹਾਦਸਾ
ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੂੰ ਵੱਡੀ ਕਾਮਯਾਬੀ, 20 ਕਿੱਲੋ ਹੈਰੋਇਨ ਸਣੇ 4 ਤਸਕਰ ਕਾਬੂ; ਦੁਬਈ ਨਾਲ ਜੁੜੀਆਂ ਤਾਰਾਂ
ਅਕਾਲੀ ਦਲ ਪੁਨਰ-ਸੁਰਜੀਤ ਦੇ ਵਫ਼ਦ ਨੇ CM ਮਾਨ ਨਾਲ ਕੀਤੀ ਮੁਲਾਕਾਤ, ਅਮਰਜੀਤ ਚਾਵਲਾ ਖ਼ਿਲਾਫ਼ SIT ਜਾਂਚ ਦੀ ਮੰਗ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਮਰੀਅਮ ਨਵਾਜ਼ ਨੂੰ ਚਿੱਠੀ, ਲਾਹੌਰ ‘ਚ ਸਿੱਖ ਵਿਰਾਸਤੀ ਅਸਥਾਨਾਂ ਦੀ ਸਾਂਭ-ਸੰਭਾਲ ਦੀ ਮੰਗ
ਗਿੱਦੜਬਾਹਾ ‘ਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ, ਮਨਪ੍ਰੀਤ ਬਾਦਲ ਨੇ ਡੇਰੇ ਵੱਲ ਹੱਥ ਕਰਕੇ ਚੁੱਕੀ ਸਹੁੰ; ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ